ਸਾਥੀ ਨਾਮਦੇਵ ਭੁਟਾਲ-ਅਮਰ ਰਹੇ ਦੇ ਨਾਅਰਿਆਂ ਦੀ ਗੂੰਜ ਵਿੱਚ ਸੈਂਕੜੇ ਲੋਕਾਂ ਨੇ ਅੰਤਿਮ ਵਦਾਇਗੀ ਦਿੱਤੀ
ਲਹਿਰਾਗਾਗਾ,
ਇਨਕਲਾਬੀ ਜਮਹੂਰੀ ਲਹਿਰ ਦੇ ਸੰਗਰਾਮੀ ਯੋਧੇ ਸਾਥੀ ਨਾਮਦੇਵ ਭੁਟਾਲ ਦਾ ਸਰੀਰ ਵਿਗਿਅਆਨਕ ਖੋਜਾਂ ਲਈ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ਼, ਪਟਿਆਲਾ ਨੂੂੰ ਭੇਟ ਕੀਤਾ ਗਿਆ। ਮਿਰਤਕ ਦੇਹ ਭੇਂਟ ਕਰਨ ਲਈ ਕਾਫਲਾ ਅੱਜ 11 ਵਜੇ ਉਨ੍ਹਾਂ ਦੇ ਦਾਣਾ ਮੰਡੀ, ਲਹਿਰਾਗਾਗਾ ਸਥਿੱਤ ਘਰ ਤੋਂ ਰਵਾਨਾ ਹੋਇਆ। ਸਾਥੀ ਨਾਮਦੇਵ ਭੁਟਾਲ-ਅਮਰ ਰਹੇ ਦੇ ਨਾਅਰਿਆਂ ਨਾਲ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੂੰ ਅੰਤਮ ਵਦਾਇਗੀ ਦਿੱਤੀ। ਕਾਫਲੇ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਵਰਕਰਾਂ ਤੇ ਸ਼ਹਿਰ ਨਿਵਾਸੀਆਂ ਨੇ ਭਰੇ ਮਨ ਨਾਲ ਉਨ੍ਹਾਂ ਨੂੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਆਪਣੇ ਮਹਿਬੂਬ ਤੇ ਸਮਰਪਿਤ ਆਗੂ ਨੂੂੰ ਵਿਦਾ ਕਰਨ ਮੌਕੇ ਲੋਕ ਚੇਤਨਾ ਮੰਚ, ਲਹਿਰਾਗਾਗਾ, ਜਮਹੂਰੀ ਅਧਿਕਾਰ ਸਭਾ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਤਰਕਸ਼ੀਲ ਸੁਸਾਇਟੀ, ਪੰਜਾਬ, ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਧਨੇਰ, ਖੇਤੀ ਤੇ ਕਿਸਾਨ ਵਿਕਾਸ ਫਰੰਟ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ), ਲੋਕ ਸੰਗਰਾਮ ਮੰਚ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ, ਸੀ ਪੀ ਆਈ, ਐਮ ਐਲ ਲਿਬਰੇਸ਼ਨ, ਸੀ ਪੀ ਆਈ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ, ਪੀ ਡਬਲਯੂ ਡੀ ਫੀਲਡ ਵਰਕਰਜ਼ ਯੂਨੀਅਨ, ਦੇਸ਼ ਭਗਤ ਯਾਦਗਾਰੀ ਕਮੇਟੀ, ਲੌਂਗੋਵਾਲ, ਲਹਿਰਾ ਕਾਲਜ ਬਚਾਓ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ, ਸੁਨਾਮ, ਸੀ ਪੀ ਆਈ ਐੱਮ, ਪੰਜਾਬ ਸਪੋਰਟਸ ਕਲੱਬ ਲਹਿਰਾ ਸਮੇਤ ਦਰਜ਼ਨਾਂ ਜਥੇਬੰਦੀਆਂ ਤੇ ਸੰਸਥਾਵਾਂ ਨੇ ਆਪਣੇ ਝੰਡੇ ਤੇ ਸ਼ਾਲ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਉਪਰੰਤ ਕਾਫ਼ਲਾ 2 ਵਜੇ ਮੈਡੀਕਲ ਕਾਲਜ ਪਟਿਆਲਾ ਵਿੱਚ ਪੁੱਜਿਆ ਜਿਸ ਦਾ ਮੈਡੀਕਲ ਕਾਲਜ ਪਟਿਆਲਾ ਦੀ ਟੀਮ ਅਤੇ ਪਟਿਆਲਾ ਜ਼ਿਲ੍ਹੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਨਾਹਰਿਆਂ ਦੀ ਗੂੰਜ ਵਿੱਚ ਨਮ ਅੱਖਾਂ ਨਾਲ ਆਪਣੇ ਆਗੂ ਨੂੰ ਸ਼ਰਧਾਂਜਲੀ ਭੇਟ ਕੀਤੀ। ਜਥੇਬੰਦੀਆਂ ਵਿਚ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਜੋਨ ਪਟਿਆਲਾ, ਬੀ ਕੇ ਯੂ ਏਕਤਾ ਉਗਰਾਹਾਂ, ਡੈਮੋਕ੍ਰੇਟਿਕ ਲਾਯਰਜ ਐਸੋਸੀਏਸ਼ਨ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਤੋਂ ਇਲਾਵਾ ਪਟਿਆਲਾ ਦੇ ਸਮਾਜਿਕ ਰਾਜਨੀਤਕ ਅਤੇ ਸਭਿਆਚਾਰ ਖੇਤਰ ਦੀਆਂ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਸਨ।
ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਸਕੱਤਰ ਹਰਭਗਵਾਨ ਗੁਰਨੇ ਅਤੇ ਜਮਹੂਰੀ ਅਧਿਕਾਰ ਸਭਾ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ ਤੇ ਸਕੱਤਰ ਕੁਲਦੀਪ ਸਿੰਘ ਨੇ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨਾਮਦੇਵ ਭੂਟਾਲ ਨੇ ਆਪਣੀ ਚੜ੍ਹਦੀ ਜਵਾਨੀ ਦੇ ਸਮੇਂ ਹੀ ਆਪਣੇ ਆਪ ਨੂੰ ਲੋਕਾਂ ਲਈ ਸਮਰਪਿਤ ਕਰ ਦਿੱਤਾ ਸੀ। 70ਵਿਆਂ ਦੇ ਪਿਛਲੇ ਅੱਧ ਵਿੱਚ ਉਨ੍ਹਾਂ ਰਣਬੀਰ ਕਾਲਜ ਸੰਗਰੂਰ ਵਿੱਚ ਪੜਦਿਆਂ ਪੀ ਐੱਸ ਯੂ ਦੇ ਆਗੂ ਦੇ ਤੌਰ ਤੇ ਅਤੇ ਫਿਰ ਨੌਜਵਾਨ ਭਾਰਤ ਸਭਾ ਵਿੱਚ ਸੂਬਾਈ ਆਗੂ ਦੇ ਤੌਰ ਤੇ ਸਰਗਰਮੀ ਨਾਲ ਲੋਕ ਹਿੱਤਾਂ ਲਈ ਸੰਘਰਸ਼ਾਂ ਦੀ ਅਗਵਾਈ ਕੀਤੀ। ਜੇਲ੍ਹਾਂ-ਥਾਣੇ ਦੇਖੇ ਤੇ ਹਰ ਕਿਸਮ ਦੀਆਂ ਲੋਕ ਵਿਰੋਧੀ ਤਾਕਤਾਂ ਨਾਲ ਮੱਥਾ ਲਾਇਆ। ਕਰੀਬ ਇੱਕ ਦਹਾਕੇ ਤੋਂ ਉਹ ਜਮਹੂਰੀ ਅਧਿਕਾਰ ਸਭਾ, ਪੰਜਾਬ ਅਤੇ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਸਿਰੜੀ ਆਗੂ ਦੇ ਤੌਰ ਤੇ ਕੰਮ ਕਰ ਰਹੇ ਸਨ। ਬੀਤੀ 6 ਦਸੰਬਰ ਨੂੰ ਅਚਾਨਕ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਸਾਥੀ ਨਾਮਦੇਵ ਭੁਟਾਲ ਦੀ ਅੰਤਮ ਇੱਛਾ ਸੀ ਕਿ ਉਨ੍ਹਾਂ ਦਾ ਸਰੀਰ ਵੀ ਵਿਗਿਆਨਕ ਖੋਜਾਂ ਲਈ ਦਾਨ ਕਰਕੇ ਲੋਕਾਂ ਦੇ ਲੇਖੇ ਲਾਇਆ ਜਾਵੇ। ਉਹਨਾਂ ਆਪਣੇ ਸਾਥੀ ਨੂੰ ਵਿਦਾ ਕਰਦੇ ਹੋਏ ਉਨ੍ਹਾਂ ਦੇ ਸੰਘਰਸ਼ਮਈ ਆਦਰਸ਼ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ। ਉਹਨਾਂ ਦੱਸਿਆ ਕਿ ਸ਼ਰਧਾਂਜਲੀ ਸਮਾਗਮ 17ਦਸੰਬਰ ਨੂੰ ਲਹਿਰਾਗਾਗਾ ਵਿਖੇ ਹੋਵੇਗਾ।