ਜੇ ਨਸ਼ਾ ਤਸਕਰਾਂ ਨੂੰ ਸਿਆਸੀ ਸ਼ਹਿ ਨਹੀਂ,ਤਾਂ ਗਲੀ-ਗਲੀ ‘ਚਿੱਟਾ’ ਕਿਵੇਂ ਵਿਕ ਰਿਹੈ?- ਬ੍ਰਹਮਪੁਰਾ ਦਾ ਸਰਕਾਰ ਨੂੰ ਸਵਾਲ

0
50
ਜੇ ਨਸ਼ਾ ਤਸਕਰਾਂ ਨੂੰ ਸਿਆਸੀ ਸ਼ਹਿ ਨਹੀਂ,ਤਾਂ ਗਲੀ-ਗਲੀ ‘ਚਿੱਟਾ’ ਕਿਵੇਂ ਵਿਕ ਰਿਹੈ?- ਬ੍ਰਹਮਪੁਰਾ ਦਾ ਸਰਕਾਰ ਨੂੰ ਸਵਾਲ
‘ਆਪ’ ਸਰਕਾਰ ਦੀਆਂ ਨਸ਼ਾ ਵਿਰੋਧੀ ਰੈਲੀਆਂ ਪੰਜਾਬ ਦੇ ਨੌਜਵਾਨਾਂ ਨਾਲ ਕੋਝਾ ਮਜ਼ਾਕ- ਬ੍ਰਹਮਪੁਰਾ
ਤਰਨਤਾਰਨ , 27 ਮਈ 2025
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ,ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ‘ਆਪ’ ਸਰਕਾਰ ਵੱਲੋਂ ਖਡੂਰ ਸਾਹਿਬ ਦੇ ਪਿੰਡਾਂ ਵਿੱਚ ਕਰਵਾਈਆਂ ਜਾ ਰਹੀਆਂ ਨਸ਼ਾ-ਵਿਰੋਧੀ ਰੈਲੀਆਂ ਨੂੰ ਇੱਕ ‘ਸਿਆਸੀ ਡਰਾਮਾ’ ਅਤੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜਿਸ ਸੂਬੇ ਵਿੱਚ ਰੋਜ਼ਾਨਾ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹੋਣ,ਉੱਥੇ ਅਜਿਹੀਆਂ ਰੈਲੀਆਂ ਕਰਕੇ ਜਸ਼ਨ ਮਨਾਉਣਾ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹੈ।ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਸ.ਬ੍ਰਹਮਪੁਰਾ ਨੇ ਕਿਹਾ,’ਖਡੂਰ ਸਾਹਿਬ ਦੇ ਪਿੰਡ ਕੱਦ ਗਿੱਲ ਅਤੇ ਹੋਰ ਥਾਵਾਂ ‘ਤੇ ਸਰਕਾਰੀ ਖਰਚੇ ‘ਤੇ ਕੀਤੇ ਜਾ ਰਹੇ ਇਹ ਸਮਾਗਮ ‘ਆਪ’ ਸਰਕਾਰ ਦੀ ਨਸ਼ਿਆਂ ਖਿਲਾਫ਼ ਲੜਾਈ ਦੀ ਅਸਲੀਅਤ ‘ਤੇ ਪਰਦਾ ਪਾਉਣ ਦੀ ਇੱਕ ਨਾਕਾਮ ਕੋਸ਼ਿਸ਼ ਹੈ।ਅਸਲ ਹਕੀਕਤ ਇਹ ਹੈ ਕਿ ‘ਆਪ’ ਦੇ ਰਾਜ ਵਿੱਚ ਨਸ਼ਿਆਂ ਦਾ ਕਾਰੋਬਾਰ ਪਹਿਲਾਂ ਨਾਲੋਂ ਵੀ ਵੱਧ ਵਧ-ਫੁੱਲ ਰਿਹਾ ਹੈ ਅਤੇ ਸਰਹੱਦੀ ਖੇਤਰ ਦੇ ਪਿੰਡ-ਪਿੰਡ ਵਿੱਚ ‘ਚਿੱਟਾ’ ਅਤੇ ਹੋਰ ਸਿੰਥੈਟਿਕ ਨਸ਼ੇ ਆਸਾਨੀ ਨਾਲ ਉਪਲਬਧ ਹਨ।’
ਸ.ਬ੍ਰਹਮਪੁਰਾ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਕਿਹਾ,’ਸਰਕਾਰ ਦਾ ਇਹ ਦਾਅਵਾ ਹਾਸੋਹੀਣਾ ਹੈ ਕਿ ਨਸ਼ਾ ਤਸਕਰਾਂ ਨੂੰ ਕੋਈ ਸਿਆਸੀ ਸ਼ਹਿ ਪ੍ਰਾਪਤ ਨਹੀਂ ਹੈ। ਜੇਕਰ ਇਹ ਸੱਚ ਹੈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਸਮੇਤ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਛੋਟੇ-ਮੋਟੇ ਵਿਕਰੇਤਾਵਾਂ ਪਿੱਛੇ ਕਿਹੜੀਆਂ ਵੱਡੀਆਂ ਮੱਛੀਆਂ ਕੰਮ ਕਰ ਰਹੀਆਂ ਹਨ? ਸੱਚਾਈ ਇਹ ਹੈ ਕਿ ਸਥਾਨਕ ਪੱਧਰ ‘ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਮਿਲੀਭੁਗਤ ਤੋਂ ਬਿਨਾਂ ਨਸ਼ੇ ਦਾ ਇੰਨਾ ਵੱਡਾ ਨੈੱਟਵਰਕ ਚੱਲ ਹੀ ਨਹੀਂ ਸਕਦਾ।ਉਨ੍ਹਾਂ ਕਿਹਾ, ਕਿ ਸੋਨੀਆ ਮਾਨ ਅਤੇ ਹੋਰ ਕਲਾਕਾਰਾਂ ਨੂੰ ਅੱਗੇ ਕਰਕੇ ਰੈਲੀਆਂ ਕਰਨ ਨਾਲ ਪੰਜਾਬ ਨਸ਼ਾ-ਮੁਕਤ ਨਹੀਂ ਹੋਵੇਗਾ।ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਇੱਕ ਮਜ਼ਬੂਤ ਰਾਜਨੀਤਿਕ ਇੱਛਾ-ਸ਼ਕਤੀ ਅਤੇ ਠੋਸ ਨੀਤੀ ਦੀ ਲੋੜ ਹੈ,ਨਾ ਕਿ ਫੋਟੋ-ਸੈਸ਼ਨ ਅਤੇ ਇਸ਼ਤਿਹਾਰਬਾਜ਼ੀ ਦੀ।ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ,ਇਸ ਮੋਰਚੇ ‘ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ।ਉਨ੍ਹਾਂ ਦੀ ਸਾਰੀ ਤਾਕਤ ਸਿਰਫ ਵਿਰੋਧੀਆਂ ‘ਤੇ ਚਿੱਕੜ ਉਛਾਲਣ ਅਤੇ ਝੂਠੇ ਦਾਅਵਿਆਂ ‘ਤੇ ਲੱਗੀ ਹੋਈ ਹੈ।ਸ.ਬ੍ਰਹਮਪੁਰਾ ਨੇ ਮੰਗ ਕੀਤੀ ਕਿ ‘ਆਪ’ ਸਰਕਾਰ ਨਸ਼ਿਆਂ ਦੇ ਮੁੱਦੇ ‘ਤੇ ਇੱਕ ‘ਵਾਈਟ ਪੇਪਰ’ ਜਾਰੀ ਕਰੇ ਅਤੇ ਪੰਜਾਬ ਦੇ ਲੋਕਾਂ ਨੂੰ ਦੱਸੇ ਕਿ ਉਨ੍ਹਾਂ ਨੇ ਪਿਛਲੇ ਸਾਲਾਂ ਵਿੱਚ ਕਿੰਨੇ ਵੱਡੇ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਹੈ।ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਡਰਾਮੇਬਾਜ਼ੀ ਬੰਦ ਕਰਕੇ ਨਸ਼ੇ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਗੰਭੀਰ ਕਦਮ ਨਾ ਚੁੱਕੇ,ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਅਤੇ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਸੜਕਾਂ ‘ਤੇ ਤਿੱਖਾ ਸੰਘਰਸ਼ ਵਿੱਢੇਗਾ।

LEAVE A REPLY

Please enter your comment!
Please enter your name here