ਜੰਗਬਾਜ਼ ਤੇ ਲੁਟੇਰੇ ਸਾਮਰਾਜ ਦੇ ਖਾਤਮੇ ਦਾ ਯੁੱਧ ਪ੍ਰਚੰਡ ਕਰਨ ਦਾ ਸੰਕਲਪ ਲੈਂਦਿਆਂ ਮਨਾਓ ਅਕਤੂਬਰ ਕ੍ਰਾਂਤੀ ਦਿਵਸ: ਪਾਸਲਾ 

0
145
ਜੰਗਬਾਜ਼ ਤੇ ਲੁਟੇਰੇ ਸਾਮਰਾਜ ਦੇ ਖਾਤਮੇ ਦਾ ਯੁੱਧ ਪ੍ਰਚੰਡ ਕਰਨ ਦਾ ਸੰਕਲਪ ਲੈਂਦਿਆਂ ਮਨਾਓ ਅਕਤੂਬਰ ਕ੍ਰਾਂਤੀ ਦਿਵਸ: ਪਾਸਲਾ
ਫਿਰਕੂ-ਫਾਸ਼ੀ, ਵੱਖਵਾਦੀ ਏਜੰਡੇ ਅਤੇ ਦੇਸੀ-ਵਿਦੇਸ਼ੀ ਕਾਰਪੋਰੇਟ ਲੋਟੂਆਂ ਦੇ ਪੱਖ ਦੀਆਂ ਨੀਤੀਆਂ ਤੋਂ ਮੁਕਤੀ ਲਈ ਸੰਗਰਾਮ ਤੇਜ਼ ਕਰੋ: ਜਾਮਾਰਾਏ
ਚੰਡੀਗੜ੍ਹ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੇ ਫੈਸਲੇ ਅਨੁਸਾਰ ਆਉਣ ਵਾਲੀ 7 ਨਵੰਬਰ ਨੂੰ ‘ਅਕਤੂਬਰ ਕ੍ਰਾਂਤੀ‘ ਦੀ ਵਰ੍ਹੇਗੰਢ ਜਿਲ੍ਹਾ ਪੱਧਰ ‘ਤੇ ਵਿਸ਼ਾਲ ਇਕੱਠ ਕਰਕੇ ਉਤਸ਼ਾਹ ਪੂਰਬਕ ਮਨਾਈ ਜਾਵੇਗੀ। ਪਾਰਟੀ ਵਲੋਂ ਇਹ ਦਿਹਾੜਾ ਇਜ਼ਰਾਈਲ ਵਲੋਂ ਫਲਸਤੀਨੀਆਂ ਦੇ ਨਸਲਘਾਤ ਲਈ ਛੇੜੀ ਗਈ ਨਿਹੱਕੀ ਤੇ ਅਸਾਵੀਂ ਜੰਗ ‘ਚ ਮਾਰ ਮੁਕਾਏ ਗਏ ਨਿਰਦੋਸ਼ ਲੋਕਾਂ, ਖਾਸ ਕਰਕੇ ਇਸਤਰੀਆਂ ਅਤੇ ਬੱਚਿਆਂ ਨੂੰ ਸਮਰਪਿਤ ਕੀਤਾ ਜਾਵੇਗਾ।
ਇਹ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦਿੱਤੀ। ਸ੍ਰੀ ਪਾਸਲਾ ਅਤੇ ਸ੍ਰੀ ਜਾਮਾਰਾਏ ਨੇ ਦੱਸਿਆ ਕਿ ਉਕਤ ਇਕੱਠਾਂ ਰਾਹੀਂ ਫਲਸਤੀਨੀਆਂ ਦੇ ਮੁਕਤੀ ਸੰਗਰਾਮ ਦੇ ਪੱਖ ਵਿਚ ਮੁਹਿੰਮ ਤੇਜ਼ ਕਰਨ ਦੇ ਨਾਲ-ਨਾਲ ਦੁਨੀਆਂ ਭਰ ਦੇ ਮਿਹਨਤੀ ਲੋਕਾਂ ਦੇ ਵੈਰੀ, ਸੰਸਾਰ ਅਮਨ ਦੇ ਦੋਖੀ ਸਾਮਰਾਜ ਦਾ ਫਸਤਾ ਵੱਢਣ ਅਤੇ ਕਿਰਤੀਆਂ ਦੀ ਪੁੱਗਤ ਵਾਲਾ, ਹਰ ਕਿਸਮ ਦੀ ਲੁੱਟ-ਚੋਂਘ ਤੇ ਜਬਰ-ਵਿਤਕਰੇ ਤੋਂ ਮੁਕਤ ਸਮਾਜ ਸਿਰਜਣ ਲਈ ਹਰ ਮੁਹਾਜ ‘ਤੇ ਯੁੱਧ ਪ੍ਰਚੰਡ ਕਰਨ ਦਾ ਹੋਕ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਉਕਤ ਦਿਹਾੜੇ ਦੇਸ਼ ਵਾਸੀਆਂ, ਖਾਸ ਕਰਕੇ ਕਿਰਤੀ-ਕਿਸਾਨਾਂ ਤੇ ਹੋਰ ਮਿਹਨਤੀ ਤਬਕਿਆਂ ਅਤੇ ਘੱਟ ਗਿਣਤੀਆਂ, ਦਲਿਤਾਂ, ਇਸਤਰੀਆਂ ਨੂੰ ਦੇਸ਼ ਅੰਦਰ ਸੰਘ ਪਰਿਵਾਰ ਦੇ ਮਨੂੰ ਸਿਮਰਤੀ ਦੇ ਚੌਖਟੇ ਵਾਲੇ ਧਰਮ ਆਧਾਰਿਤ ਕੱਟੜ ਰਾਜ ਸਥਾਪਤ ਕਰਨ ਦੇ ਫਿਰਕੂ-ਫਾਸ਼ੀ, ਵੱਖਵਾਦੀ ਏਜੰਡੇ ਨੂੰ ਭਾਂਜ ਦੇਣ ਅਤੇ ਸਾਮਰਾਜੀ ਤੇ ਕਾਰਪੋਰੇਟੀ ਲੁੱਟ ਨੂੰ ਸਹਿਲ ਬਣਾਉਣ ਵਾਲੀਆਂ ਮੋਦੀ-ਸ਼ਾਹ ਸਰਕਾਰ ਦੀਆਂ ਨਵ ਉਦਾਰਵਾਦੀ ਨੀਤੀਆਂ ਤੋਂ ਮੁਕਤੀ ਪ੍ਰਾਪਤ ਕਰਨ ਦੇ ਘੋਲਾਂ ‘ਚ ਫੈਸਲਾਕੁੰਨ ਤਬਦੀਲੀ ਲਿਆਉਣ ਲਈ ਵਿਚਾਰਧਾਰਕ ਜੰਗ ਤਿੱਖੀ ਤੋਂ ਤਿਖੇਰੀ ਕਰਨ ਦੀ ਅਪੀਲ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਲੋਕ ਫਤਵੇ ਨਾਲ ਧ੍ਰੋਹ ਕਮਾ ਰਹੀ ਸੂਬੇ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅਤੇ ਅਸਲੋਂ ਨਖਿੱਧ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਵੀ ਬੇਪਰਦ ਕਰਦਿਆਂ ਅਮਨ-ਕਾਨੂੰਨ ਦੀ ਨਿੱਘਰਦੀ ਜਾ ਰਹੀ ਅਵਸਥਾ ਅਤੇ ਦਿਨੋ-ਦਿਨ ਵਧਦੀਆਂ ਜਾ ਰਹੀਆਂ ਕਤਲਾਂ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ, ਗੈਂਗਵਾਰ ਅਤੇ ਸਰਕਾਰੀ ਸਰਪ੍ਰਸਤੀ ਨਾਲ ਹੋਰ ਵਧ ਚੁੱਕੀ ਮਾਫੀਆ ਲੁੱਟ ਦੇ ਨਾਲ ਮੁੱਖ ਮੰਤਰੀ ਦੇ ਗੈਰ ਸੰਜੀਦਾ ਨੌਟੰਕੀ ਅਤੇ ਸੂਬੇ ਦੇ ਖ਼ਜ਼ਾਨੇ ਦੀ ਬਰਬਾਦੀ ਰਾਹੀਂ ਸਵੈ ਪ੍ਰਸਿੱਧੀ ਲਈ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਖਿਲਾਫ਼ ਘੋਲ ਵਿੱਢਣ ਦਾ ਸੱਦਾ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here