ਝੂਠੇ ਵਾਅਦੇ ਕਰਕੇ ਬਣੀ ‘ਆਪ’ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਹੋਇਆ ਭੰਗ – ਗਰੇਵਾਲ
ਲੁਧਿਆਣਾ, 6 ਨਵੰਬਰ ( ) – ਆਮ ਆਦਮੀ ਪਾਰਟੀ ਪੰਜਾਬ ਦੇ ਗੰਭੀਰ ਮਸਲਿਆਂ ਵੱਲੋਂ ਜਨਤਾ ਦਾ ਧਿਆਨ ਹਟਾਉਣ ਲਈ ਇੱਕ ਗਿਣੀ-ਮਿੱਥੀ ਰਣਨੀਤੀ ਦੇ ਤਹਿਤ ਹਮੇਸ਼ਾ ਗੁਮੰਰਾਹਕੁਨ ਪ੍ਰਚਾਰ ਕਰਦੀ ਹੈ ਤੇ ਕਦੇ ਵੀ ਲੋਕਾਂ ਦੀ ਬਿਹਤਰੀ ਦੀ ਗੱਲ ਤੇ ਕੰਮ ਕਰਨ ਲਈ ਪਹਿਰਾ ਨਹੀਂ ਦਿੰਦੀ। ਪੰਜਾਬ ਅੱਜ ਬਹੁਤ ਨਾਜੁਕ ਦੌਰ ਵਿੱਚ ਦੀ ਲੰਘ ਰਿਹਾ ਹੈ, ਆਰਥਿਕ ਮੰਦਹਾਲੀ, ਵਪਾਰ ਕਾਰੋਬਾਰ ਨੂੰ ਵੱਡੀ ਸੱਟ ਵੱਜ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਲੁਧਿਆਣਾ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਦੀ ਰੋਜ਼ ਇਨਕਲੇਵ ਪਖੋਵਾਲ ਰੋਡ ਸਥਿਤ ਰਿਹਾਇਸ਼ ਤੇ ਪਹੁੰਚਣ ਸਮੇਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 92 ਵਿਧਾਇਕਾਂ ਦੇ ਵੱਡੇ ਬਹੁਮਤ ਵਾਲੀ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕਮਜ਼ੋਰ ਸਰਕਾਰ ਕਰਕੇ ਸੂਬੇ ਵਿੱਚ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ, ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾ ਰਹੇ ਹਨ, ਫਿਰੌਤੀਆਂ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਨਸ਼ਿਆਂ ਦਾ ਹੱੜ ਆਇਆ ਹੋਇਆ ਤੇ ਨੌਜਵਾਨ ਨਸ਼ੇ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਝੂਠੇ ਸਾਬਤ ਹੋਏ ਹਨ, ਲੋਕਾਂ ਵੱਲੋਂ ਉਨ੍ਹਾਂ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਸੜਕਾਂ ਉੱਤੇ ਧਰਨੇ ਮੁਜਾਹਰੇ ਕੀਤੇ ਜਾ ਰਹੇ ਹਨ। ਗਰੇਵਾਲ ਨੇ ਆਪ ਸਰਕਾਰ ਨੂੰ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ 1000 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇਣ ਦਾ ਕੀਤਾ ਵਾਅਦਾ ਯਾਦ ਕਰਵਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਵਾਅਦਾ ਤੁਰੰਤ ਪੂਰਾ ਕਰਨਾ ਚਾਹੀਦਾ ਹੈ ਅਤੇ ਹੁਣ ਤੱਕ ਦੇ ਸਾਰੇ ਮਹੀਨਿਆਂ ਦੇ ਪੈਸੇ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ।