ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕੀ ਸਟੇਟ ਟੈਕਸਾਸ ‘ਚ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਨੇ ਵੋਟ ਪਾ ਕੇ ਇੱਕ ਬਿੱਲ ਪਾਸ ਕੀਤਾ ਹੈ, ਜਿਸ ਵਿੱਚ ਟਰਾਂਸਜੈਂਡਰ ਔਰਤਾਂ ਅਤੇ ਲੜਕੀਆਂ ਨੂੰ ਮਹਿਲਾ ਸਕੂਲ ਖੇਡਾਂ ਵਿੱਚ ਭਾਗ ਲੈਣ ‘ਤੇ ਪਾਬੰਦੀ ਲਗਾਈ ਗਈ ਹੈ।ਇਸ ਸਬੰਧੀ ਪਹਿਲੀਆਂ ਪਿਛਲੀਆਂ ਤਿੰਨ ਕੋਸ਼ਿਸ਼ਾਂ ਅਸਫਲ ਰਹੀਆਂ ਸਨ, ਪਰ ਹੁਣ ਰਿਪਬਲਿਕਨ ਗਵਰਨਰ ਗ੍ਰੇਗ ਐਬੋਟ ਵੱਲੋਂ ਇਸ ਬਿਲ ‘ਤੇ ਦਸਤਖਤ ਕਰਕੇ ਕਾਨੂੰਨ ਵਿੱਚ ਸ਼ਾਮਲ ਕਰਨ ਦੀ ਉਮੀਦ ਹੈ। ਵੀਰਵਾਰ ਨੂੰ ਸਦਨ ਵੱਲੋਂ ਪਾਸ ਹੋਣ ਦੇ ਬਾਅਦ , ਸੈਨੇਟ ਵੱਲੋਂ ਅਗਲੀ ਕਾਰਵਾਈ ਦੇ ਉਪਰੰਤ ਇਹ ਗਵਰਨਰ ਦੇ ਡੈਸਕ ‘ਤੇ ਜਾਵੇਗਾ। ਇਸ ਕਾਰਵਾਈ ਨਾਲ ਟੈਕਸਾਸ ਹੁਣ ਸੱਤ ਹੋਰ ਰਾਜਾਂ ਨਾਲ ਸ਼ਾਮਲ ਹੋਣ ਲਈ ਤਿਆਰ ਹੈ ਜਿਨ੍ਹਾਂ ਨੇ ਇਸ ਸਾਲ ਇਸੇ ਤਰ੍ਹਾਂ ਦੇ ਕਾਨੂੰਨ ਪਾਸ ਕੀਤੇ ਹਨ, ਜੋ ਕਿ ਟ੍ਰਾਂਸਜੈਂਡਰ ਲੜਕੀਆਂ/ ਔਰਤਾਂ ਨੂੰ ਮਹਿਲਾ ਸਕੂਲ ਖੇਡਾਂ ਵਿੱਚ ਭਾਗ ਲੈਣ ਤੋਂ ਰੋਕਦੇ ਹਨ। ਜਦਕਿ ਇਸ ਬਿਲ ਦੇ ਆਲੋਚਕਾਂ ਅਨੁਸਾਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਟ੍ਰਾਂਸਜੈਂਡਰ ਔਰਤਾਂ ਅਤੇ ਲੜਕੀਆਂ , ਮਹਿਲਾਵਾਂ ਦੀਆਂ ਖੇਡਾਂ ਵਿੱਚ ਹਾਵੀ ਹਨ। ਅਮਰੀਕਾ ਦੀਆਂ ਹੋਰ ਸਟੇਟਾਂ ਜਿਵੇਂ ਕਿ ਅਲਾਬਾਮਾ, ਅਰਕਾਨਸਾਸ, ਫਲੋਰਿਡਾ, ਮਿਸੀਸਿਪੀ, ਮੋਂਟਾਨਾ, ਟੇਨੇਸੀ ਅਤੇ ਪੱਛਮੀ ਵਰਜੀਨੀਆ ਨੇ ਵੀ ਇਸ ਤਰ੍ਹਾਂ ਦਾ ਟ੍ਰਾਂਸਜੈਂਡਰ ਸਪੋਰਟਸ ਕਾਨੂੰਨ ਪਾਸ ਕੀਤਾ ਹੈ।
Boota Singh Basi
President & Chief Editor