ਟੈਕਸਾਸ ਦੀ ਇਕ ਔਰਤ ਨੂੰ ਗਰਭਵਤੀ ਔਰਤ ਦੀ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਸੁਣਾਈ ਮੌਤ ਦੀ ਸਜ਼ਾ

0
233

ਸੈਕਰਾਮੈਂਟੋ 12 ਨਵੰਬਰ (ਹੁਸਨ ਲੜੋਆ ਬੰਗਾ) – ਟੈਕਸਾਸ ਦੀ ਔਰਤ ਟੇਲਰ ਰੇਨੇ ਪਾਰਕਰ ਨੂੰ ਇਕ ਗਰਭਵਤੀ ਔਰਤ ਦੀ ਹੱਤਿਆ ਕਰਕੇ ਉਸ ਦੇ ਅਣਜੰਮੇ ਬੱਚੇ ਨੂੰ ਨਾਲ ਲੈ ਜਾਣ, ਜਿਸ ਦੀ ਬਾਅਦ ਵਿਚ ਮੌਤ ਹੋ ਗਈ ਸੀ, ਦੇ ਮਾਮਲੇ ਵਿਚ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਬੋਵੀ ਕਾਊਂਟੀ ਜਿਊਰੀ ਨੇ ਪਿਛਲੇ ਮਹੀਨੇ ਟੇਲਰ ਰੇਨੇ ਪਾਰਕਰ ਨੂੰ ਰੀਗਨ ਮਿਸ਼ੈਲੇ ਸਿਮਨਜ ਤੇ ਉਸ ਦੇ ਬੱਚੇ ਦੀ ਮੌਤ ਲਈ ਜਿੰਮੇਵਾਰ ਠਹਿਰਾਇਆ ਸੀ। ਉਸੇ ਜਿਊਰੀ ਨੇ ਪਾਰਕਰ ਲਈ ਮੌਤ ਦੀ ਸਜ਼ਾ ਜਾਂ ਬਿਨਾਂ ਜ਼ਮਾਨਤ ਉਮਰ ਭਰ ਲਈ ਜੇਲ ਵਿਚੋਂ ਇਕ ਸਜ਼ਾ ਦੀ ਚੋਣ ਕਰਨੀ ਸੀ। ਜਿਊਰੀ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪਾਰਕਰ ਦੇ ਵਕੀਲ ਜੈਫ ਹਾਰੇਲਸਨ ਨੇ ਕਿਹਾ ਹੈ ਕਿ ਬਚਾਅ ਪੱਖ ਦੇ ਮਜਬੂਤ ਕੇਸ ਨੂੰ ਧਿਆਨ ਵਿਚ ਰਖਦਿਆਂ ਅਸੀਂ ਫੈਸਲੇ ਤੋਂ ਨਰਾਸ਼ ਹੋਏ ਹਾਂ ਪਰੰਤੂ ਅਸੀਂ ਲੰਬੇ ਮੁਕੱਦਮੇ ਉਪਰੰਤ ਅਦਾਲਤ ਵੱਲੋਂ ਸੁਣਾਏ ਨਿਰਨੇ ਦਾ ਸਵਾਗਤ ਕਰਦੇ ਹਾਂ। ਪਾਰਕਰ ਟੈਕਸਾਸ ਦੀ ਸਤਵੀਂ ਔਰਤ ਹੈ ਜਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਥੇ ਜਿਕਰਯੋਗ ਹੈ ਕਿ ਪਾਰਕਰ ਨੇ 9 ਅਕਤੂਬਰ 2020 ਨੂੰ ਆਪਣੇ ਮਿੱਤਰ ਮੁੰਡੇ ਤੇ ਹੋਰਨਾਂ ਨੂੰ ਕਿਹਾ ਸੀ ਕਿ ਉਹ ਗਰਭਵਤੀ ਹੈ। ਉਸੇ ਸਵੇਰ ਨੂੰ ਨਿਊ ਬੋਸਟਨ, ਟੈਕਸਾਸ ਵਿਚ ਪੁਲਿਸ ਨੂੰ ਫੋਨ ਉਪਰ ਕਿਸੇ ਨੇ ਸੂਚਨਾ ਦਿੱਤੀ ਕਿ ਉਸ ਦੀ ਧੀ ਸਿਮਨਜ ਦੀ ਹੱਤਿਆ ਹੋ ਗਈ ਹੈ। ਸਿਮਨਜ ਉਸ ਸਮੇ 34 ਹਫਤਿਆਂ ਤੋਂ ਗਰਭਵਤੀ ਸੀ। ਮੌਕੇ ਉਪਰ ਪੁੱਜੀ ਪੁਲਿਸ ਨੇ ਸਿਮਨਜ ਦੇ ਢਿੱਡ ਉਪਰ ਇਕ ਵੱਡਾ ਕੱਟ ਵੇਖਿਆ ਤੇ ਉਸ ਦਾ ਬੱਚਾ ਪੇਟ ਵਿਚੋਂ ਗਾਇਬ ਸੀ। ਪੁਲਿਸ ਨੇ ਟਰੈਫਿਕ ਸਟਾਪ ‘ਤੇ ਤਲਾਸ਼ੀ ਦੌਰਾਨ ਇਕ ਕਾਰ ਵਿਚ ਪਾਰਕਰ ਨੂੰ ਇਕ ਨਵਜੰਮੇ ਬੱਚੇ ਨਾਲ ਵੇਖਿਆ। ਪਾਰਕਰ ਤੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਹਸਪਤਾਲ ਦੇ ਸਟਾਫ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਾਰਕਰ ਨੇ ਕਿਸੇ ਬੱਚੇ ਨੂੰ ਜਨਮ ਨਹੀਂ ਦਿੱਤਾ ਹੈ। ਬਾਅਦ ਵਿਚ ਪਾਰਕਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ।

LEAVE A REPLY

Please enter your comment!
Please enter your name here