ਟੈਕਸਾਸ ਵਿੱਚ ਤਬਾਹ ਹੋਇਆ ਜਹਾਜ਼ 10 ਮਹੀਨਿਆਂ ਤੋਂ ਨਹੀਂ ਸੀ ਉੱਡਿਆ

0
589

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਟੈਕਸਾਸ ਦੇ ਹਿਊਸਟਨ ਵਿੱਚ ਮੰਗਲਵਾਰ ਨੂੰ ਏਅਰਪੋਰਟ ’ਤੇ ਹਾਦਸਾਗ੍ਰਸਤ ਹੋਏ ਯਾਤਰੀ ਜਹਾਜ਼ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਜਹਾਜ਼ ਪਿਛਲੇ ਤਕਰੀਬਨ 10 ਮਹੀਨਿਆਂ ਤੋਂ ਉਡਾਇਆ ਨਹੀਂ ਗਿਆ ਸੀ। ਇਸ ਸਬੰਧੀ ਫੈਡਰਲ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਟੈਕਸਾਸ ਹਵਾਈ ਅੱਡੇ ’ਤੇ ਕ੍ਰੈਸ਼ ਹੋਇਆ ਇੱਕ ਪ੍ਰਾਈਵੇਟ ਜਹਾਜ਼ ਦਸੰਬਰ ਤੋਂ ਨਹੀਂ ਉਡਾਇਆ ਗਿਆ ਸੀ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਮੈਂਬਰ ਮਾਈਕਲ ਗ੍ਰਾਹਮ ਅਨੁਸਾਰ ਜਹਾਜ਼ ਨੇ ਮੰਗਲਵਾਰ ਨੂੰ ਬਰੁਕਸ਼ਾਇਰ ਦੇ ਹਿਊਸਟਨ ਐਗਜ਼ੀਕਿਊਟਿਵ ਏਅਰਪੋਰਟ ਦੇ ਰਨਵੇ ’ਤੇ 1,200 ਫੁੱਟ (365 ਮੀਟਰ) ਟਾਇਰ ਦੇ ਨਿਸ਼ਾਨ ਛੱਡੇ ਸਨ। ਗ੍ਰਾਹਮ ਨੇ ਇਸ ਬਾਰੇ ਅੰਦਾਜ਼ਾ ਨਹੀਂ ਲਗਾਇਆ ਕਿ ਪਾਇਲਟਾਂ ਨੇ ਬ੍ਰੇਕ ਕਿਉਂ ਲਗਾਏ ਜਾਂ ਉਹ ਮੈਕਡੋਨਲ ਡਗਲਸ ਐਮਡੀ -87 ਜਹਾਜ਼ ਨੂੰ ਰੋਕਣ ਵਿੱਚ ਅਸਮਰੱਥ ਕਿਉਂ ਰਹੇ। ਇਸ ਸਬੰਧੀ ਜਾਂਚਕਰਤਾ ਦੋ ਪਾਇਲਟਾਂ ਅਤੇ ਜਹਾਜ਼ ਦੇ ਮਕੈਨਿਕ ਦੀ ਇੰਟਰਵਿਊ ਕਰ ਰਹੇ ਹਨ। ਹਾਦਸੇ ਕਾਰਨ ਜਹਾਜ਼ ਨੂੰ ਅੱਗ ਦੀਆਂ ਲਪਟਾਂ ਨੇ ਪੂਰੀ ਤਰ੍ਹਾਂ ਸਾੜ ਦਿੱਤਾ ਸੀ ਪਰ ਬੋਰਡ ਦੇ ਅਨੁਸਾਰ, ਜਹਾਜ਼ ਵਿੱਚ ਸਵਾਰ ਸਾਰੇ 21 ਲੋਕ ਬਚ ਗਏ ਸਨ ਅਤੇ ਉਨ੍ਹਾਂ ਵਿੱਚੋਂ ਸਿਰਫ ਦੋ ਨੂੰ ਹੀ ਮਾਮੂਲੀ ਸੱਟਾਂ ਲੱਗੀਆਂ ਸਨ। ਜਹਾਜ਼ ਦੀ ਮਲਕੀਅਤ ਹਿਊਸਟਨ ਖੇਤਰ ਵਿੱਚ ਇੱਕ ਨਿਵੇਸ਼ ਫਰਮ ਦੀ ਸੀ ਅਤੇ ਫਰਮ ਦਾ ਮਾਲਕ ਜਹਾਜ਼ ਵਿੱਚ ਸੀ। ਐਨ ਟੀ ਐਸ ਬੀ ਨੇ ਜਹਾਜ਼ ਦੇ ਫਲਾਈਟ ਰਿਕਾਰਡਰ ਬਰਾਮਦ ਕੀਤੇ ਹਨ ਅਤੇ ਵਾਸ਼ਿੰਗਟਨ ਵਿੱਚ ਆਪਣੀ ਲੈਬ ਵਿੱਚ ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਂਚ ਬੋਰਡ ਨੂੰ ਆਮ ਤੌਰ ’ਤੇ ਅੰਤਿਮ ਰਿਪੋਰਟ ਜਾਰੀ ਕਰਨ ਅਤੇ ਦੁਰਘਟਨਾ ਦੇ ਕਾਰਨ ਦਾ ਪਤਾ ਲਗਾਉਣ ਲਈ 12 ਤੋਂ 18 ਮਹੀਨੇ ਲੱਗਦੇ ਹਨ।

LEAVE A REPLY

Please enter your comment!
Please enter your name here