ਡਾਇਟ ਸੰਗਰੂਰ ‘ਚ 3.93 ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹੈ ਆਧੁਨਿਕ ਆਡੀਟੋਰੀਅਮ ਹਾਲ: ਡਿਪਟੀ ਕਮਿਸ਼ਨਰ

0
168

ਡਾਇਟ ਸੰਗਰੂਰ ‘ਚ 3.93 ਕਰੋੜ ਦੀ ਲਾਗਤ ਨਾਲ ਬਣਾਇਆ ਜਾ ਰਿਹੈ ਆਧੁਨਿਕ ਆਡੀਟੋਰੀਅਮ ਹਾਲ: ਡਿਪਟੀ ਕਮਿਸ਼ਨਰ

ਗੁਣਵੱਤਾ ਅਤੇ ਕੰਮ ਦੀ ਪ੍ਰਗਤੀ ਦੀ ਜਾਂਚ ਲਈ ਡੀ.ਸੀ. ਜਤਿੰਦਰ ਜੋਰਵਾਲ ਵੱਲੋਂ ਨਿਰਮਾਣ ਅਧੀਨ ਆਡੀਟੋਰੀਅਮ ਦਾ ਦੌਰਾ

ਸੰਗਰੂਰ, 27 ਸਤੰਬਰ, 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਸੰਗਰੂਰ ਵਿਚਲੀ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਵਿੱਚ 3.93 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਆਡੀਟੋਰੀਅਮ ਹਾਲ ਬਣਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਨਿਰਮਾਣ ਅਧੀਨ ਆਡੀਟੋਰੀਅਮ ਦੇ ਕੰਮ ਦੀ ਪ੍ਰਗਤੀ ਅਤੇ ਗੁਣਵੱਤਾ ਦੀ ਜਾਂਚ ਲਈ ਕੀਤੇ ਗਏ ਦੌਰੇ ਦੌਰਾਨ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਕਰੀਬਨ 500 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲੇ ਇਸ ਆਡੀਟੋਰੀਅਮ ਹਾਲ ਵਿੱਚ ਉੱਚ ਪੱਧਰੀ ਅਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹੋਰਨਾਂ ਬੁਨਿਆਦੀ ਲੋੜਾਂ ਦੇ ਨਾਲ-ਨਾਲ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਆਡੀਟੋਰੀਅਮ ਨੂੰ ਵਿਸ਼ਵ ਪੱਧਰੀ ਤਕਨੀਕਾਂ ਨਾਲ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਆਡੀਟੋਰੀਅਮ ਤਿਆਰ ਹੋਣ ਨਾਲ ਇਸ ਸਿਖਲਾਈ ਸੰਸਥਾ ਦੀ ਕਈ ਸਾਲਾਂ ਪੁਰਾਣੀ ਮੰਗ ਪੂਰੀ ਹੋ ਜਾਵੇਗੀ ਅਤੇ ਇਹ ਸੰਸਥਾ ਇੱਕੋ ਸਮੇਂ 500 ਵਿਅਕਤੀਆਂ ਨੂੰ ਟ੍ਰੇਨਿੰਗ ਦੇਣ ਯੋਗ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਮਾਰਤੀ ਢਾਂਚਾ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਅਗਲੇ ਸਾਲ ਦੀ ਸ਼ੁਰੂਆਤ ਤੱਕ ਇਸਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਜਾਵੇਗਾ।

ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸਦੇ ਨਿਰਮਾਣ ਕਾਰਜ ਲਈ ਚੰਗੀ ਗੁਣਵੱਤਾ ਵਾਲਾ ਸਾਮਾਨ ਵਰਤਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਊਣਤਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਕੁਤਾਹੀ ਸਾਹਮਣੇ ਆਈ ਤਾਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਮੌਕੇ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਅਤੇ ਡਾਇਟ ਪ੍ਰਿੰਸੀਪਲ ਨੂੰ ਨਿਯਮਤ ਤੌਰ ਉਪਰ ਨਿਰਮਾਣ ਅਧੀਨ ਇਮਾਰਤ ਦਾ ਦੌਰਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਆਡੀਟੋਰੀਅਮ ਡਾਇਟ ਲਈ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਸਨੂੰ ਇਸ ਸੰਸਥਾ ਦੀ ਲੋੜ ਮੁਤਾਬਕ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਡਾਇਟ ਦੇ ਅਧਿਕਾਰੀਆਂ ਵੱਲੋਂ ਨਿਰਮਾਣ ਦੌਰਾਨ ਹਰ ਪੜਾਅ ਉੱਪਰ ਨਿਗਰਾਨੀ ਰੱਖੀ ਜਾਵੇ।

LEAVE A REPLY

Please enter your comment!
Please enter your name here