ਡਾਕਟਰਾਂ ਤੇ ਸਟਾਫ਼ ਨੂੰ 4 ਮਹੀਨਿਆਂ ਤੋਂ ਤਨਖ਼ਾਹ ਨਹੀਂ, ਪੇਂਡੂ ਡਿਸਪੈਂਸਰੀਆਂ ‘ਚ ਸਿਹਤ ਸੇਵਾਵਾਂ ਠੱਪ – ਅਮਨ ਅਰੋੜਾ

0
272

* ਪੰਚਾਇਤ ਵਿਭਾਗ ਅਤੇ ਸਿਹਤ ਮਹਿਕਮੇ ਦਰਮਿਆਨ ਪਿਸ ਰਹੀਆਂ ਹਨ ਪੇਂਡੂ ਸਿਹਤ ਸੇਵਾਵਾਂ
ਚੰਡੀਗੜ੍ਹ (ਸਾਂਝੀ ਸੋਚ ਬਿਊਰੋ) -ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਪੇਂਡੂ ਡਿਸਪੈਂਸਰੀਆਂ ‘ਚ ਤੈਨਾਤ ਡਾਕਟਰਾਂ, ਨਰਸਾਂ ਅਤੇ ਸਟਾਫ਼ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖ਼ਾਹ ਨਾ ਦਿੱਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪਿੰਡਾਂ ਵਿੱਚ ਸਰਕਾਰੀ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਠੱਪ ਹਨ, ਪਰ ਸੱਤਾਧਾਰੀ ਕਾਂਗਰਸ ਨੂੰ ਕੋਈ ਪ੍ਰਵਾਹ ਨਹੀਂ ਹੈ। ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਚੰਨੀ ਸਰਕਾਰ ਨੂੰ ਸਵਾਲ ਕੀਤਾ ਕਿ ਸਰਕਾਰ ਸਿਹਤ ਸੇਵਾਵਾਂ ਦੇ ਖੇਤਰ ‘ਚ ਸੂਬੇ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਨੀਮ- ਹਕੀਮਾਂ ਅਤੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਦੇ ਰਹਿਮੋ ਕਰਮ ’ਤੇ ਛੱਡ ਰੱਖਿਆ ਹੈ। ਲੋਕਾਂ ‘ਚ ਰਹਿਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦੀਆਂ ਪੇਂਡੂ ਡਿਸਪੈਂਸਰੀਆਂ ਅਤੇ ਸ਼ਹਿਰਾਂ ਦੇ ਸਰਕਾਰੀ ਹਸਪਤਾਲ ਕਿਉਂ ਨਹੀਂ ਨਜ਼ਰ ਆ ਰਹੇ? ਦੂਰ ਨਹੀਂ ਤਾਂ ਮੁੱਖ ਮੰਤਰੀ ਮੋਹਾਲੀ ਦੀ ਈ.ਐਸ.ਆਈ ਡਿਸਪੈਂਸਰੀ, ਖਰੜ, ਮੋਰਿੰਡਾ, ਕੁਰਾਲੀ, ਰੋਪੜ, ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲਾਂ ਅਤੇ ਪੇਂਡੂ ਡਿਸਪੈਂਸਰੀਆਂ ਦਾ ਹੀ ਦੌਰਾ ਕਰਕੇ ਲੋਕਾਂ ਨੂੰ ਇਹਨਾਂ ਹਸਪਤਾਲਾਂ ਦੀ ਹਾਲਤ ਬਾਰੇ ਇਮਾਨਦਾਰੀ ਚਾਨਣਾ ਪਾਉਣ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰੀ ਡਿਸਪੈਂਸਰੀਆਂ ਅਤੇ ਹਸਪਤਾਲ ਖ਼ੁਦ ‘ਵੈਂਟੀਲੇਟਰ‘ ’ਤੇ ਹਨ, ਉੱਥੇ ਆਮ ਮਰੀਜ਼ਾਂ ਦੇ ਇਲਾਜ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਜਿਹੜੇ ਡਾਕਟਰਾਂ ਅਤੇ ਸਟਾਫ਼ ਨੂੰ ਖ਼ੁਦ 4 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲ ਰਹੀ, ਉਹ ਅਜਿਹੇ ਮਾਨਸਿਕ ਪਰੇਸ਼ਾਨੀ ਵਾਲੇ ਹਲਾਤਾਂ ‘ਚ ਮਰੀਜ਼ਾਂ ਦਾ ਕਿਵੇਂ ਇਲਾਜ ਕਰਨਗੇ? ਵਿਧਾਇਕ ਅਰੋੜਾ ਨੇ ਦੋਸ਼ ਲਾਇਆ ਕਿ ਆਪਣੇ ਨਿੱਜੀ ਫ਼ਾਇਦੇ ਲਈ ਅਤੇ ਪ੍ਰਾਈਵੇਟ ਹਸਪਤਾਲ ਮਾਫ਼ੀਆ ਨਾਲ ਮਿਲ ਕੇ ਕਾਂਗਰਸ ਅਤੇ ਅਕਾਲੀ- ਭਾਜਪਾ ਸਰਕਾਰਾਂ ਨੇ ਪੰਜਾਬ ਦੀਆਂ ਸਰਕਾਰੀ ਸਿਹਤ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ, ਜਦੋਂ ਕਿ 1980 ਤੱਕ ਪੰਜਾਬ ਦੀਆਂ ਸਿਹਤ ਸੇਵਾਵਾਂ ਦੇਸ਼ ਵਿੱਚ ਸਭ ਤੋਂ ਚੰਗੀਆਂ ਸਨ। ਉਦੋਂ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਸਾਰੀਆਂ 4400 ਮਨਜ਼ੂਰਸ਼ੁਦਾ ਅਸਾਮੀਆਂ ’ਤੇ ਸਾਰੇ ਡਾਕਟਰ ਸੇਵਾਵਾਂ ਨਿਭਾ ਰਹੇ ਸਨ। ਆਬਾਦੀ ਵਧਣ ਦੇ ਬਾਵਜੂਦ ਅੱਜ ਵੀ 4400 ਮਨਜ਼ੂਰਸ਼ੁਦਾ ਅਸਾਮੀਆਂ ਹਨ, ਜਿਨ੍ਹਾਂ ਵਿਚੋਂ ਡਾਕਟਰਾਂ ਦੀਆਂ 1000 ਅਸਾਮੀਆਂ ਲੰਮੇ ਸਮੇਂ ਤੋਂ ਖ਼ਾਲੀ ਪਈਆਂ ਹਨ। ਇਹਨਾਂ ਵਿਚੋਂ 516 ਸਪੈਸ਼ਲਿਸਟ ਡਾਕਟਰਾਂ ਲਈ ਸਨ, ਜਿਨ੍ਹਾਂ ਨੂੰ ਪਿਛਲੀ ਅਕਾਲੀ- ਭਾਜਪਾ ਸਰਕਾਰ ਨੇ ਖ਼ਤਮ ਹੀ ਕਰ ਦਿੱਤਾ। ਸਿੱਟੇ ਵਜੋਂ ਸਾਰੇ ਸਿਹਤ ਕੇਂਦਰਾਂ ਵਿੱਚ ਇੱਕ ਵੀ ਸਪੈਸ਼ਲਿਸਟ ਡਾਕਟਰ ਨਹੀਂ ਹੈ। ‘ਆਪ‘ ਆਗੂ ਨੇ ਸੂਬਾ ਸਰਕਾਰ ਦੀ ਸਿਹਤ ਨੀਤੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੇਂਡੂ ਡਿਸਪੈਂਸਰੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ‘ਚ ਬੁਰੀ ਤਰ੍ਹਾਂ ਫ਼ੇਲ੍ਹ ਰਿਹਾ ਹੈ, ਫਿਰ ਅਜੇ ਤੱਕ ਸਾਰੀਆਂ ਡਿਸਪੈਂਸਰੀਆਂ ਇੱਕਮੁਸ਼ਤ ਵਾਪਸ ਲੈ ਕੇ ਸਿਹਤ ਮਹਿਕਮੇ ਨੂੰ ਕਿਉਂ ਨਹੀਂ ਸੌਂਪੀਆਂ ਜਾ ਰਹੀਆਂ? ਅਮਨ ਅਰੋੜਾ ਨੇ ਕਿਹਾ ਪੇਂਡੂ ਡਿਸਪੈਂਸਰੀਆਂ ਪੰਚਾਇਤ ਅਤੇ ਸਿਹਤ ਮਹਿਕਮੇ ਦੀ ਖਿੱਚਧੂਹ ‘ਚ ਪਿਸ ਰਹੀਆਂ ਹਨ। ਸਾਰੇ 23 ਜ਼ਿਲਿਆਂ ਦੀਆਂ ਕੁੱਲ 1186 ਪੇਂਡੂ ਡਿਸਪੈਂਸਰੀਆਂ ‘ਚੋਂ ਪੰਚਾਇਤ ਵਿਭਾਗ ਟੁਕੜਿਆਂ ਵਿੱਚ ਸਿਹਤ ਮਹਿਕਮੇ ਨੂੰ ਸੌਂਪ ਰਿਹਾ। ਇਸ ਲਈ ਬਾਕੀ ਬਚਦੀਆਂ ਕਰੀਬ 600 ਡਿਸਪੈਂਸਰੀਆਂ ਵੀ ਬਿਨਾਂ ਦੇਰੀ ਇੱਕਮੁਸ਼ਤ ਸਿਹਤ ਮਹਿਕਮੇ ਨੂੰ ਸੌਂਪੀਆਂ ਜਾਣ ਤਾਂ ਕਿ ਸਿਹਤ ਮਹਿਕਮਾ ਪੇਂਡੂ ਖੇਤਰ ‘ਚ ਬਿਹਤਰ ਸਿਹਤ ਸੇਵਾਵਾਂ ਦੇਣ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਾ ਸਕੇ। ਅਮਨ ਅਰੋੜਾ ਨੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਸਿਹਤ ਮਾਡਲ ਅਪਣਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ‘ਆਪ‘ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦੂਜੀ ਗਰੰਟੀ ਸਰਕਾਰੀ ਸਿਹਤ ਸੇਵਾਵਾਂ ਦੀ ਕਾਇਆ ਕਲਪ ਕਰਨ ਬਾਰੇ ਹੀ ਦਿੱਤੀ ਹੈ। ਦੂਜੀ ਗਰੰਟੀ ਮੁਤਾਬਿਕ ਪੰਜਾਬ ‘ਚ ‘ਆਪ‘ ਦੀ ਸਰਕਾਰ ਬਣਨ ’ਤੇ ਜਿੱਥੇ ਪਿੰਡਾਂ ਅਤੇ ਸ਼ਹਿਰੀ ਵਾਰਡਾਂ ‘ਚ ਦਿੱਲੀ ਦੀ ਤਰਜ਼ ’ਤੇ ਕਰੀਬ 16000 ਪਿੰਡ ਕਲੀਨਿਕ ਅਤੇ ਮਹੱਲਾ ਕਲੀਨਿਕ ਖੋਲ੍ਹ ਕੇ ਮੁਫ਼ਤ ਟੈੱਸਟ, ਮੁਫ਼ਤ ਇਲਾਜ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ, ਉੱਥੇ ਹੀ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਦੇਣ ਵਾਲੇ ਵਿਸ਼ਵ ਪੱਧਰੀ ਸਰਕਾਰੀ ਹਸਪਤਾਲ ਬਣਾਏ ਜਾਣਗੇ। ਜਿੱਥੇ ਹਰ ਤਰ੍ਹਾਂ ਦਾ ਇਲਾਜ, ਟੈੱਸਟ, ਅਪਰੇਸ਼ਨ ਅਤੇ ਦਵਾਈਆਂ ਮੁਫ਼ਤ ਮਿਲਣਗੀਆਂ। ਵੱਡੇ ਪੱਧਰ ’ਤੇ ਡਾਕਟਰਾਂ, ਨਰਸਾਂ ਅਤੇ ਸਟਾਫ਼ ਦੀ ਭਰਤੀ ਕੀਤੀ ਜਾਵੇਗੀ ਅਤੇ ਡਾਕਟਰ, ਨਰਸਾਂ ਅਤੇ ਸਟਾਫ਼ ਕਦੇ ਤਨਖ਼ਾਹ ਨੂੰ ਨਹੀਂ ਤਰਸਣਗੇ।

LEAVE A REPLY

Please enter your comment!
Please enter your name here