ਅੰਮ੍ਰਿਤਸਰ,6 ਅਗਸਤ ( ਸੁਖਬੀਰ ਸਿੰਘ )- ਆਪਣੀ ਨੇਕ ਕਮਾਈ ਦਾ 98 ਫ਼ੀਸਦੀ ਹਿੱਸਾ ਲੋੜਵੰਦਾਂ ਦੀ ਭਲਾਈ ‘ਤੇ ਖ਼ਰਚਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਦੀ ਫਰਾਖ਼ਦਿਲੀ ਦੀ ਬਦੌਲਤ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀਆਂ 10 ਹੋਣਹਾਰ ਵਿਦਿਆਰਥਣਾਂ ਨੂੰ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਵੱਲੋਂ ਸ੍ਰੀ ਹਰੀਕੋਟਾ (ਆਂਧਰਾ ਪ੍ਰਦੇਸ਼) ਵਿਖੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਖ਼ੁਸ਼ੀ ਅਤੇ ਦੇਸ਼ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਵਿਸ਼ੇਸ਼ ਤੌਰ ‘ਤੇ ਕਰਵਾਏ ਜਾ ਰਹੇ ਲਾਈਵ ਸੈਟੇਲਾਈਟ ਲਾਂਚ ਵੇਖਣ ਦਾ ਸੁਨਿਹਰਾ ਮੌਕਾ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਮੁਖੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੂੰ ਟਰੱਸਟ ਦੀ ਅੰਮ੍ਰਿਤਸਰ ਇਕਾਈ ਰਾਹੀਂ ਪਤਾ ਲੱਗਾ ਸੀ ਕਿ ਮਾਲ ਰੋਡ ਸਕੂਲ ਦੀਆਂ 10 ਵਿਦਿਆਰਥਣਾਂ ਦੀ ਚੋਣ ਇਸਰੋ ਵੱਲੋਂ ਸ੍ਰੀ ਹਰੀਕੋਟਾ ਵਿਖੇ ਕੀਤੇ ਜਾ ਰਹੇ ਲਾਈਵ ਸੈਟੇਲਾਈਟ ਲਾਂਚ ਵੇਖਣ ਲਈ ਹੋਈ ਹੈ ਅਤੇ ਉਨ੍ਹਾਂ ਨੂੰ ਇਸ ਕਾਰਜ ਲਈ ਪੈਸਿਆਂ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਮਿਲਣ ਤੇ ਉਨ੍ਹਾਂ ਤੁਰੰਤ ਫੈਸਲਾ ਲਿਆ ਕਿ ਉਹ ਹਰ ਹਾਲਤ ‘ਚ ਹੋਣਹਾਰ ਵਿਦਿਆਰਥਣਾਂ ਨੂੰ ਇਸ ਮੌਕੇ ਤੋਂ ਵਾਂਝਾ ਨਹੀਂ ਰਹਿਣ ਦੇਣਗੇ। ਡਾ.ਓਬਰਾਏ ਨੇ ਕਿਹਾ ਕਿ ਇਹ ਸਾਰੀਆਂ ਧੀਆਂ ਆਮ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਉਪਰਾਲੇ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਇਕ ਨਵੀਂ ਉਡਾਣ ਮਿਲੇਗੀ ਅਤੇ ਉਹ ਆਉਣ ਵਾਲੇ ਸਮੇਂ ਅੰਦਰ ਆਪਣੇ ਮਾਪਿਆਂ, ਅਧਿਆਪਕਾਂ ਤੇ ਦੇਸ਼ ਦਾ ਨਾਂ ਰੌਸ਼ਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸਕੂਲ ਨੂੰ ਸਬੰਧਤ ਵਿਦਿਆਰਥਣਾਂ ਤੇ ਨਾਲ ਜਾ ਰਹੇ ਅਧਿਆਪਕਾਂ ਦੀਆਂ ਹਵਾਈ ਟਿਕਟਾਂ ਖ਼ਰੀਦਣ ਤੋਂ ਇਲਾਵਾ ਉਨ੍ਹਾਂ ਦੇ ਰਹਿਣ-ਸਹਿਣ ਤੇ ਖਾਣ ਪੀਣ ਲਈ ਲੋੜੀਂਦੀ 2 ਲੱਖ ਰੁਪਏ ਦੀ ਰਾਸ਼ੀ ਭੇਜ ਦਿੱਤੀ ਗਈ ਹੈ।
ਡਾ.ਓਬਰਾਏ ਵੱਲੋਂ ਮਿਲੀ ਇਸ ਵੱਡੀ ਮਦਦ ਲਈ ਪ੍ਰਿੰਸੀਪਲ ਮਨਦੀਪ ਕੌਰ ਨੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਡਾ.ਐੱਸ.ਪੀ. ਸਿੰਘ ਓਬਰਾਏ ਦੇ ਪਰਉਪਕਾਰਾਂ ਬਾਰੇ ਤਾਂ ਬਹੁਤ ਵਾਰ ਸੁਣਿਆ ਸੀ ਪਰ ਅੱਜ ਪ੍ਰਤੱਖ ਰੂਪ ‘ਚ ਵੇਖ ਲਿਆ ਹੈ ਕਿ ਉਹ ਥੋੜ੍ਹੇ ਸਮੇਂ ਅੰਦਰ ਹੀ ਅਜਿਹੇ ਮਿਸਾਲੀ ਫ਼ੈਸਲੇ ਲੈ ਕੇ ਕਿਸ ਤਰ੍ਹਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡਾ.ਓਬਰਾਏ ਵੱਲੋਂ ਮਿਲਣ ਵਾਲੇ ਦੋ ਲੱਖ ਰੁਪਏ ‘ਚੋਂ 1 ਲੱਖ 37 ਹਜ਼ਾਰ ਰੁਪਏ ਦੀਆਂ ਹਵਾਈ ਟਿਕਟਾਂ ਦਾ ਪ੍ਰਬੰਧ ਕੀਤਾ ਹੈ ਜਦ ਕਿ ਬਾਕੀ ਬਚੇ ਪੈਸਿਆਂ ਨਾਲ ਖਾਣ-ਪੀਣ ਤੇ ਰਹਿਣ- ਸਹਿਣ ਦਾ ਪ੍ਰਬੰਧ ਕੀਤਾ ਜਾਵੇਗਾ। ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਡਾ: ਐਸ.ਪੀ.ਸਿੰਘ ਓਬਰਾਏ ਵੱਲੋਂ ਭੇਜੀ ਮਦਦ ਕਰਨ ਇਹ ਆਂਧਰਾ ਪ੍ਰਦੇਸ਼ ਯਾਤਰਾ ਯਕੀਨੀ ਬਣਨ ਦਾ ਪਤਾ ਲੱਗਦਿਆਂ ਹੀ ਉਕਤ ਵਿਦਿਆਰਥਣਾਂ ਨੇ ਜੈਕਾਰੇ ਗੂੰਜਾਅ ਕੇ ਡਾ: ਓਬਰਾਏ ਦਾ ਧੰਨਵਾਦ ਕੀਤਾ।