ਬਰਨਾਲਾ,
ਡਾ. ਰਜਿੰਦਰ ਪਾਲ ਉੱਪਰ ਹੋਏ ਕਾਤਲਾਨਾ ਹਮਲੇ ਵਿਰੁੱਧ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵਿੱਚ ਰੋਹ ਦੀ ਲਹਿਰ ਫੈਲ ਗਈ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਾਟਰ ਵਰਕਸ ਪਾਰਕ ਬਰਨਾਲਾ ਵਿਖੇ ਵੱਖ ਵੱਖ ਕਿਸਾਨ-ਮਜ਼ਦੂਰ-ਮੁਲਾਜਮ ਅਤੇ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਾਥੀਆਂ ਵਿੱਚ ਨਰਾਇਣ ਦੱਤ, ਖੁਸਮੰਦਰ ਪਾਲ, ਅਨਿਲ ਕੁਮਾਰ, ਰਾਜੀਵ ਕੁਮਾਰ, ਨਿਰਮਲ ਸਿੰਘ ਚੁਹਾਣਕੇ, ਦਰਸ਼ਨ ਚੀਮਾ, ਬਾਬੂ ਸਿੰਘ ਖੁੱਡੀ ਕਲਾਂ, ਦਰਸ਼ਨ ਸਿੰਘ ਬਦਰਾ, ਸੁਖਵਿੰਦਰ ਸਿੰਘ ਠੀਕਰੀਵਾਲਾ, ਸੋਹਣ ਸਿੰਘ ਮਾਝੀ, ਡਾ. ਰਜਿੰਦਰ ਪਾਲ, ਹਰਚਰਨ ਸਿੰਘ ਚਹਿਲ, ਸੁਖਦੇਵ ਸਿੰਘ, ਬਲਵੰਤ ਸਿੰਘ, ਰਕੇਸ਼ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਆਗੂ/ਵਰਕਰ ਸ਼ਾਮਿਲ ਹੋਏ। ਮੀਟਿੰਗ ਦੌਰਾਨ ਆਗੂਆਂ ਨੇ ਗੁੰਡਾਗਰਦੀ ਦੇ ਇਸ ਵਰਤਾਰੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ ਫੈਸਲਾ ਕੀਤਾ ਕਿ ਇਹ ਹਮਲਾ ਡਾ. ਰਜਿੰਦਰ ਪਾਲ ਉੱਪਰ ਹੀ ਨਹੀਂ ਸਗੋਂ ਲੋਕਾਂ ਦੀ ਅਗਵਾਈ ਕਰਨ ਵਾਲੇ ਵਿਚਾਰ ਉੱਪਰ ਹਮਲਾ ਹੈ। ਇਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਇਹ ਪੱਖ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ ਕਿ ਬਾਹਰ ਜੋ ਗਲਤ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਲੋਕ ਜਥੇਬੰਦੀਆਂ ਕਾਰੋਬਾਰੀਆਂ ਦੇ ਖਿਲਾਫ ਹਨ ਅਤੇ ਉਨ੍ਹਾਂ ਦੇ ਵਪਾਰਕ ਕਾਰੋਬਾਰ ਨੂੰ ਰੋਕ ਰਹੇ ਹਨ। ਆਗੂਆਂ ਨੇ ਸਪਸ਼ਟ ਕੀਤਾ ਕਿ ਸੇਖਾ ਰੋਡ ਵਾਸੀਆਂ ਦੇ ਜਿਉਣ ਹੱਕ ਲਈ ਸੰਘਰਸ਼ ਚੱਲ ਰਿਹਾ ਹੈ। ਇਹ ਸੰਘਰਸ਼ 40 ਸਾਲ ਤੋਂ ਵਧੇਰੇ ਸਮੇਂ ਤੋਂ ਵੱਖ ਪੜਾਵਾਂ ਰਾਹੀਂ ਚੱਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਵਪਾਰੀ ਭਰਾ ਆਪਣੇ ਕਾਰੋਬਾਰ ਨੂੰ ਲੋਕਾਈ ਦੇ ਜ਼ਿੰਦਗੀ ਜਿਉਣ ਦੇ ਬੁਨਿਆਦੀ ਅਧਿਕਾਰ ਨੂੰ ਦਰਕਿਨਾਰ ਕਰਕੇ ਨਾਂ ਕਰਨ। ਆਗੂਆਂ ਸਾਫ਼ ਕੀਤਾ ਕਿ ਮੁਹੱਲਾ ਵਾਸੀਆਂ ਦਾ ਸੰਘਰਸ਼ ਵਪਾਰੀਆਂ ਅਤੇ ਕੰਮ ਕਰਦੇ ਮਜ਼ਦੂਰਾਂ ਖ਼ਿਲਾਫ਼ ਬਿਲਕੁਲ ਨਹੀਂ ਹੈ। ਸਗੋਂ ਇਹ ਲੋਕ ਜਥੇਬੰਦੀਆਂ ਤਾਂ ਹਮੇਸ਼ਾ ਲੋਕ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਕੇ ਚਲਦੀਆਂ ਹਨ।
ਅਖੀਰ ਫੈਸਲਾ ਕੀਤਾ ਕਿ ਇਸ ਸਾਰੇ ਮਾਮਲੇ ਨੂੰ ਵਿਚਾਰਨ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ ਅਗਲੇ ਐਕਸ਼ਨ ਦਾ ਐਲਾਨ ਕਰਨ ਤੋਂ ਪਹਿਲਾਂ ਐੱਸ ਐੱਸ ਪੀ ਬਰਨਾਲਾ ਨੂੰ 20 ਫਰਬਰੀ ਨੂੰ 3 ਵਜੇ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦਾ ਸਾਂਝਾ ਵਫ਼ਦ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ, ਸੇਖਾ ਰੋਡ ਨਿਵਾਸੀਆਂ ਖ਼ਿਲਾਫ਼ ਦਰਜ ਕੀਤਾ ਝੂਠਾ ਪਰਚਾ ਰੱਦ ਕਰਨ ਅਤੇ ਡਾ. ਰਜਿੰਦਰ ਪਾਲ ਖ਼ਿਲਾਫ਼ ਦਿੱਤੀ ਝੂਠੀ ਸ਼ਿਕਾਇਤ ਰੱਦ ਕਰਵਾਉਣ ਲਈ ਮਿਲੇਗਾ। ਅਗਲੇ ਸੰਘਰਸ਼ ਦਾ ਲੋੜ ਅਨੁਸਾਰ ਇਨਕਲਾਬੀ, ਇਨਸਾਫਪਸੰਦ, ਜਨਤਕ, ਜਮਹੂਰੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਐਸ ਐਸ ਪੀ ਨੂੰ ਮਿਲਣ ਤੋਂ ਬਾਅਦ ਮੌਕੇ ਤੇ ਹੀ ਕੀਤਾ ਜਾਵੇਗਾ।