ਡਿਪਟੀ ਕਮਿਸ਼ਨਰ ਨੇ ਟੀ.ਐਨ.ਸੀ. ਦੀ ਜਾਗਰੂਕਤਾ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

0
167

ਮਾਨਸਾ, 04 ਅਕਤੂਬਰ: ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ‘ਦਾ ਨੇਚਰ ਕੰਜ਼ਰਵੈਂਸੀ’ (ਟੀ ਐਨ ਸੀ) ਵੱਲੋਂ ਪੰਜਾਬ ਵਿੱਚ ਚਲਾਏ ਜਾ ਰਹੇ ਪ੍ਰਾਜੈਕਟ ਪ੍ਰਮੋਟਿੰਗ ਰੀਜੈਨਰੇਟਿਵ ਐਡ ਨੋ ਬਰਨ ਐਗਰੀਕਲਚਰ (ਪ੍ਰਾਣਾ) ਤਹਿਤ ਜ਼ਿਲ੍ਹੇ ਵਿੱਚ ਸੁਰੂ ਕੀਤੀ ਗਈ ਜਾਗਰੂਕਤਾ ਮੋਬਾਇਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਿਲ੍ਹੇ ਦੇ ਪਿੰਡਾਂ ਵਿਚ ਚੱਲਣ ਵਾਲੀ ਜਾਗਰੂਕਤਾ ਵੈਨ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਪ੍ਰੇਰਿਤ ਕਰੇਗੀ। ਡਿਪਟੀ ਕਮਿਸਨਰ ਨੇ ਟੀ.ਐਨ.ਸੀ ਵੱਲੋਂ ਸ਼ੁਰੂ ਕੀਤੇ ਗਏ ਪ੍ਰਾਜੈਕਟ ਵਿਚ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਜਾਗਰੂਕਤਾ ਵੈਨ ਨੂੰ ਵੱਧ ਤੋਂ ਵੱਧ ਪਿੰਡਾਂ ਤੱਕ ਪਹੁੰਚਾਇਆ ਜਾਵੇ, ਜਿਸ ਨਾਲ ਕਿਸਾਨਾਂ ਨੂੰ ਖੇਤੀਬਾੜੀ ਦੇ ਆਧੁਨਿਕ ਢੰਗਾਂ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਟੀ.ਐਨ.ਸੀ. ਵਲੋਂ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਜਾ ਕੇ ਇਸ ਵੈਨ ਦੀ ਮਦਦ ਨਾਲ ਅਗਾਂਹਵਧੂ ਕਿਸਾਨ ਆਪਣੇ ਬਾਕੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਪਾਣੀ ਨੂੰ ਬਚਾਉਣ ਵਿੱਚ ਨਾ ਕੇਵਲ ਕਿਸਾਨਾਂ ਦੀ ਭੂਮਿਕਾ ਸੁਨਿਸ਼ਚਿਤ ਹੋਵੇਗੀ ਸਗੋਂ ਟੀ.ਐਨ.ਸੀ.ਵਲੋਂ ਅੱਜ ਕੀਤੇ ਗਏ ਕੰਮਾਂ ਦਾ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਲਾਭ ਮਿਲੇਗਾ।

ਇਸ ਮੌਕੇ ਟੀਐੱਨਸੀ ਦੇ ਪ੍ਰੋਜੈਕਟ ਨਿਰਦੇਸ਼ਕ ਡਾ ਗੁਰੂ ਕੋਪਾ ਨੇ ਦੱਸਿਆ ਕਿ ਟਿਕਾਊ ਤੇ ਲਾਭਕਾਰੀ ਖੇਤੀ ਵੱਲ ਸਾਨੂੰ ਕਦਮ ਅੱਗੇ ਵਧਾਉਣੇ ਹੋਣਗੇ।  ਫ਼ਸਲੀ ਰਹਿੰਦ ਖੂੰਹਦ ਪ੍ਰਬੰਧਨ ਬਹੁਤ ਜਰੂਰੀ ਹੈ ਅਤੇ ਇਸ ਨੂੰ ਜਲਾਉਣ ਨਾਲ ਬਹੁਤ ਨੁਕਸਾਨ ਹੁੰਦਾ ਹੈ। ਸਾਨੂੰ  ਅਗਾਮੀ ਨਤੀਜਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਫਸਲੀ ਰਹਿੰਦ ਖੂੰਹਦ ਨੂੰ ਮਿੱਟੀ ਵਿੱਚ ਮਿਲਾ ਕੇ ਕਈ ਲਾਭ ਮਿਲਦੇ ਹਨ ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਣਾ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਫਸਲੀ ਰਹਿੰਦ ਖੂੰਹਦ ਨੂੰ ਬਿਨ੍ਹਾਂ ਸਾੜਨ ਵਾਲੀ ਖੇਤੀ ਨਾਲ ਜੋੜਨਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹੋਏ ਘੱਟ ਪਾਣੀ ਵਾਲੀਆਂ ਫ਼ਸਲਾਂ ਦੀ ਪੈਦਾਵਾਰ ਨੂੰ ਵਧਾਉਣਾ ਹੈ। ਦਾ ਨੇਚਰ ਕੰਜ਼ਰਵੈਂਸੀ ਨੇ ਪੰਜਾਬ ਵਿੱਚ ਪ੍ਰਾਜੈਕਟ ਪ੍ਰਾਣਾ ਲਾਂਚ ਕੀਤਾ ਹੈ। ਪ੍ਰਾਣਾ ਫਸਲ ਦੀ ਰਹਿੰਦ ਖੂੰਹਦ ਨੂੰ ਜਲਾਉਣ ਤੋਂ ਰੋਕਣ ਲਈ ਇਕ ਚਾਰ ਸਾਲਾ ਮਹੱਤਵਪੂਰਨ ਯੋਜਨਾ ਹੈ। ਇਸ ਯੋਜਨਾ ਦੇ ਜ਼ਰੀਏ ਟੀ.ਐੱਨ.ਸੀ,  ਸੀ.ਆਰ.ਐਮ. ਉਦਯੋਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਦੇ 18 ਜ਼ਿਲਿ੍ਹਆਂ ਵਿੱਚ ਕਿਸਾਨਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਚਾਰ ਮੋਬਾਇਲ ਜਾਗਰੂਕਤਾ ਵੈਨਾਂ ਚਲਾਈਆਂ ਜਾਣਗੀਆਂ। ਇਹ ਵੈਨਾਂ ਜ਼ਿਲੇ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਆਧੁਨਿਕ ਖੇਤੀ ਦੇ ਨਾਲ ਜੁੜਨ ਅਤੇ ਬਿਨਾਂ ਰਹਿੰਦ ਖੂੰਹਦ ਸਾੜਨ ਵਾਲੀ ਖੇਤੀ ਅਪਣਾਉਣ ਲਈ ਜਾਗਰੂਕ ਕਰਨਗੀਆਂ।
ਜ਼ਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਸ੍ਰੀ ਸਰਬਜੀਤ ਸਿੰਘ ਅਤੇ ਸਟੇਟ ਪ੍ਰੋਗਰਾਮ ਸੁਪਰਵਾਇਜ਼ਰ, ਨਹਿਰੂ ਯੁਵਾ ਕੇਂਦਰ ਸ੍ਰੀ ਸੰਦੀਪ ਘੰਡ ਨੇ ਇਸ ਮੁਹਿੰਮ ਵਿਚ ਆਪਣਾ ਸਹਿਯੋਗ ਦਿੱਤਾ। ਜ਼ਿਲ੍ਹੇ ਦੇ 340 ਯੂਥ ਕਲੱਬਾਂ ਦੇ ਨੌਜਵਾਨ ਅਤੇ ਬਲਾਕ ਪੱਧਰ ਦੇ ਵਲੰਟੀਅਰਜ਼ ਵਿਸ਼ੇਸ਼ ਤੌਰ ’ਤੇ ਇਸ ਮੁਹਿੰਮ ਵਿਚ ਲਗਾਏ ਗਏ ਹਨ।

LEAVE A REPLY

Please enter your comment!
Please enter your name here