ਸੰਗਰੂਰ, 8 ਅਗਸਤ, 2022: ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਅੱਜ ਜ਼ਿਲੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨੀਂ ਦਿਨੀਂ ਪਸ਼ੂ ਧੰਨ ਵਿੱਚ ਫੈਲ ਰਹੀ ਲੰਪੀ ਸਕਿੱਨ ਬਿਮਾਰੀ ਬਾਰੇ ਵਧੇਰੇ ਚੌਕਸੀ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਵਧੇਰੇ ਪ੍ਰਭਾਵਿਤ ਖੇਤਰਾਂ ਵਿੱਚ ਇਸ ਬਿਮਾਰੀ ਦੇ ਪਾਸਾਰ ਨੂੰ ਰੋਕਣ ਲਈ ਤੁਰੰਤ ਲੋੜੀਂਦੇ ਕਦਮ ਪੁੱਟੇ ਜਾ ਸਕਣ। ਉਨਾਂ ਅਧਿਕਾਰੀਆਂ ਨੂੰ ਲੋੜ ਪੈਣ ਦੀ ਸੂਰਤ ਵਿੱਚ ਢੁਕਵੀਂਆਂ ਥਾਵਾਂ ’ਤੇ ਆਈਸੋਲੇਸ਼ਨ ਸੈਂਟਰ ਸਥਾਪਤ ਕਰਨ ਲਈ ਵੀ ਆਖਿਆ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਨੂੰ ਨਿਰਦੇਸ਼ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਭਾਗੀ ਪੱਧਰ ’ਤੇ ਗਠਿਤ 66 ਟੀਮਾਂ ਰਾਹੀਂ ਵੱਡੇ ਪੱਧਰ ’ਤੇ ਜਾਗਰੂਕਤਾ ਪੈਦਾ ਕਰਕੇ ਹੋਏ ਗਊ ਧੰਨ ਵਿੱਚ ਇਸ ਬਿਮਾਰੀ ਦੇ ਲੱਛਣਾਂ ਤੇ ਸਾਵਧਾਨੀਆਂ ਬਾਰੇ ਪਸ਼ੂ ਪਾਲਕਾਂ ਨੂੰ ਸੁਚੇਤ ਕੀਤਾ ਜਾਵੇ ਤਾਂ ਜੋ ਕੋਈ ਵੀ ਲੱਛਣ ਨਜ਼ਰ ਆਉਣ ’ਤੇ ਪਸ਼ੂ ਪਾਲਕ ਅਹਿਤਿਆਤੀ ਤੌਰ ’ਤੇ ਪ੍ਰਭਾਵਿਤ ਪਸ਼ੂ ਨੂੰ ਹੋਰਨਾਂ ਪਸ਼ੂਆਂ ਤੋਂ ਵੱਖ ਕਰ ਸਕਣ। ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਥਾਂ ਉੱਤੇ ਸਾਵਧਾਨੀਆਂ ਵਰਤਣ ਨੂੰ ਤਰਜੀਹ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਦੀ ਸੈਂਪਲਿੰਗ ਤੇ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਉਨਾਂ ਦੱਸਿਆ ਕਿ ਬੀਤੇ ਦਿਨੀਂ ਵਿਭਾਗੀ ਟੀਮਾਂ ਵੱਲੋਂ ਪਸ਼ੂ ਧੰਨ ਦੇ 4099 ਟੀਕੇ ਲਗਾਏ ਗਏ ਤਾਂ ਜੋ ਇਸ ਵਿਸ਼ਾਣੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਲੰਪੀ ਸਕਿੱਨ ਦੇ ਲੱਛਣ ਪਾਏ ਜਾਣ ਤੇ ਬਿਮਾਰ ਪਸ਼ੂਆਂ ਨੂੰ ਤੁਰੰਤ ਬਾਕੀ ਪਸ਼ੂਆਂ ਨਾਲੋਂ ਅਲੱਗ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਪਸ਼ੂਆਂ ਨੂੰ ਵੱਖ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵਰਤੋਂ ਵਿੱਚ ਆਉਣ ਵਾਲੀ ਸਾਜੋ ਸਮੱਗਰੀ ਵੀ ਅਲੱਗ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਖਿਆਲ ਰੱਖਿਆ ਜਾਵੇ ਕਿ ਲੰਪੀ ਸਕਿੱਨ ਬੀਮਾਰੀ ਦੇ ਸ਼ੱਕੀ ਪਸ਼ੂਆਂ ਦੀ ਆਵਾਜਾਈ ਪੂਰਨ ਰੂਪ ਵਿੱਚ ਬੰਦ ਕੀਤੀ ਜਾਵੇ, ਉਨਾਂ ਨੂੰ ਕਿਸੇ ਹੋਰ ਫਾਰਮ, ਪਿੰਡ, ਹਲਕੇ ਵਿੱਚ ਭੇਜਿਆ ਨਾ ਭੇਜਿਆ ਜਾਵੇ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਬੀਮਾਰੀ ਦਾ ਵਿਸ਼ਾਣੂ ਮੱਖੀ ਜਾਂ ਮੱਛਰ ਰਾਹੀਂ ਫੈਲਦਾ ਹੈ, ਇਸ ਲਈ ਮੱਖੀ-ਮੱਛਰ
ਤੇ ਚਿੱਚੜਾਂ ਦੀ ਰੋਕਥਾਮ ਲਈ ਹਰ ਸੰਭਵ ਉਪਰਾਲਾ ਅਮਲ ਵਿੱਚ ਲਿਆਂਦਾ ਜਾਵੇ।
ਉਨ੍ਹਾਂ ਕਿਹਾ ਕਿ ਬਿਮਾਰੀ ਤੋਂ ਪ੍ਰਭਾਵਿਤ ਖੇਤਰ ਵਿੱਚ ਪਸ਼ੂਆਂ ਦੀ ਖਰੀਦੋ-ਫਰੋਖ਼ਤ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡੇਅਰੀ ਫਾਰਮ/ਪਸ਼ੂਆਂ ਦੇ ਵਾੜੇ ਨੂੰ ਵਿਸ਼ਾਣੂ ਰਹਿਤ ਕਰਨ ਲਈ ਵਿਭਾਗ ਦੇ ਸਟਾਫ ਨਾਲ ਸਲਾਹ ਮਸ਼ਵਰਾ ਕਰਕੇ ਫਾਰਮਲੀਨ 1% ਜਾਂ ਸੋਡੀਅਮ ਹਾਈਪੋਕਲੋਰਾਈਟ 2-3% ਆਦਿ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਇਸ ਬਿਮਾਰੀ ਦੀ ਮਨੁੱਖਾਂ ਵਿੱਚ ਸੰਕਰਮਨ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਇਹਤਿਆਤ ਵਜੋਂ ਪਸ਼ੂਆਂ ਦੀ ਦੇਖਭਾਲ ਕਰਨ ਵਾਲੇ ਕਾਮਿਆਂ ਜਾਂ ਪਸ਼ੂ ਪਾਲਕਾਂ ਨੂੰ ਹੈਂਡ ਸੈਨੇਟਾਈਜਰ, ਦਸਤਾਨੇ ਅਤੇ ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਬਿਮਾਰ ਪਸ਼ੂਆਂ ਦੇ ਸੇਵਾਦਾਰ ਤੰਦਰੁਸਤ ਪਸ਼ੂਆਂ ਦੇ ਸ਼ੈਡਾਂ ਵਿੱਚ ਨਾ ਜਾਣ। ਉਨ੍ਹਾਂ ਪਸ਼ੂ ਪਾਲਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਤੰਦਰੁਸਤ ਗਊਆਂ ਨੂੰ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੇਟ ਪੋਕਸ ਵੈਕਸੀਨ ਜ਼ਰੂਰ ਲਗਵਾਉਣ।
ਉਨ੍ਹਾਂ ਅਪੀਲ ਕੀਤੀ ਕਿ ਲੰਪੀ ਸਕਿੱਨ ਬੀਮਾਰੀ ਨਾਲ ਸਬੰਧਤ ਲੱਛਣ ਮਿਲਣ ਦੀ ਸੂਰਤ ਵਿੱਚ ਪਸ਼ੂ ਪਾਲਕ ਬਿਨਾਂ ਕਿਸੇ ਦੇਰੀ ਤੋ ਨੇੜਲੇ ਪਸ਼ੂ ਹਸਪਤਾਲ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸਾਨ੍ਹਾਂ ਵਿੱਚ ਇਹ ਬਿਮਾਰੀ ਆਉਂਦੀ ਹੈ, ਤਾਂ ਉਨ੍ਹਾਂ ਤੋਂ ਨਾ ਹੀ ਨਸਲਕਸੀ ਕਰਵਾਈ ਜਾਵੇ ਅਤੇ ਨਾ ਹੀ ਵੀਰਜ਼ ਪ੍ਰਾਪਤ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਲਤੀਫ਼ ਅਹਿਮਦ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਦਿੜਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਲਹਿਰਾ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਸੁਨਾਮ ਊਧਮ ਸਿੰਘ ਵਾਲਾ ਜਸਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਸੁਖਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼ਵਿੰਦਰ ਸਿੰਘ ਵੀ ਹਾਜ਼ਰ ਸਨ।