ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦਫ਼ਤਰ ਅੱਗੇ ਗਰਜੇ ਹਜ਼ਾਰਾਂ ਕਿਸਾਨ

0
84
ਕੁੱਲਰੀਆ ਦੇ ਕਿਸਾਨਾਂ ਦੀ ਜ਼ਮੀਨ ਦੀ ਹਰ ਹਾਲ ਕਰਾਂਗੇ ਰਾਖੀ: ਮਨਜੀਤ ਧਨੇਰ
ਕਣਕ ਦੀ ਖ੍ਰੀਦ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਨਾਲ ਆਮ ਆਦਮੀ ਪਾਰਟੀ ਦਾ ਚਿਹਰਾ ਬੇਨਕਾਬ ਹੋਇਆ: ਗੁਰਦੀਪ ਰਾਮਪੁਰਾ
ਭਾਜਪਾ ਆਗੂਆਂ ਦਾ ਪਿੰਡਾਂ ਵਿੱਚ ਦਾਖਲਾ ਬੰਦ ਕਰਾਂਗੇ: ਅੰਗਰੇਜ਼ ਸਿੰਘ
ਮਾਨਸਾ, 2 ਅਪਰੈਲ, 2024: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਅਤੇ ਬੀਬੀਆਂ ਨੇ ਮਾਨਸਾ ਜ਼ਿਲ੍ਹੇ ਦੇ ਐਸਐਸਪੀ ਅਤੇ ਡੀਸੀ ਦੇ ਦਫਤਰ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਸਮੇਂ ਕਿਸਾਨ ਮੰਗ ਕਰ ਰਹੇ ਸਨ ਕਿ ਕੁੱਲਰੀਆਂ ਦੇ ਕਿਸਾਨਾਂ ਤੇ ਹਮਲੇ ਕਰਨ ਵਾਲੇ ਦੋਸ਼ੀਆਂ ਤੇ ਧਾਰਾ 307 ਅਧੀਨ ਕੇਸ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਹਨਾਂ ਦੀ ਜ਼ਮੀਨ ਦੇ ਮਾਲਕੀ ਹੱਕ ਬਹਾਲ ਕੀਤੇ ਜਾਣ।
ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਮਾਨਸਾ ਜ਼ਿਲੇ ਦੇ ਪਿੰਡ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਗੈਰ ਕਾਨੂੰਨੀ ਤੌਰ ‘ਤੇ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਥੇਬੰਦੀ ਇੱਕ ਸਾਲ ਤੋਂ ਲਗਾਤਾਰ ਜਬਤਬੱਧ ਢੰਗ ਨਾਲ ਸੰਘਰਸ਼ ਲੜ ਰਹੀ ਹੈ। ਇਸ ਦੌਰਾਨ ਕਿਸਾਨਾਂ ਤੇ ਦੋ ਵਾਰ ਜਾਨ ਲੇਵਾ ਹਮਲੇ ਹੋਏ ਹਨ ਪਰੰਤੂ ਗੁੰਡਾ -ਪੁਲਿਸ-ਸਿਆਸੀ ਗੱਠਜੋੜ ਦੇ ਚਲਦਿਆਂ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਸਗੋਂ ਕੁੱਲਰੀਆਂ ਪਿੰਡ ਦੇ ਕਿਸਾਨਾਂ ਅਤੇ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਆਗੂਆਂ ਖ਼ਿਲਾਫ਼ ਝੂਠੇ ਪਰਚੇ ਦਰਜ਼ ਕੀਤੇ ਹੋਏ ਹਨ। ਕੱਲ੍ਹ ਲੰਮੇ ਸਮੇਂ ਦੇ ਪੱਕੇ ਮੋਰਚੇ ਦੇ ਦਬਾਅ ਅੱਗੇ ਝੁਕਦਿਆਂ ਭਾਵੇਂ ਪ੍ਰਸ਼ਾਸਨ ਨੂੰ ਇੱਕ ਕੇਸ ਵਿੱਚ ਧਾਰਾ 307 ਅਧੀਨ ਐਫ ਆਈਆਰ ਦਰਜ਼ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ ਪਰ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਕਿਸਾਨਾਂ ਦੀ ਜ਼ਮੀਨ ਦੇ ਮਾਲਕੀ ਹੱਕ ਬਹਾਲ ਨਹੀਂ ਕੀਤੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਧਰਨੇ ਦੌਰਾਨ ਪ੍ਰਸ਼ਾਸਨ ਨਾਲ ਗੱਲਬਾਤ ਚਲਦੀ ਰਹੀ ਜਿਸ ਦੇ ਸਿੱਟੇ ਵਜੋਂ ਪ੍ਰਸ਼ਾਸਨ ਝੁਕਣ ਲਈ ਮਜਬੂਰ ਹੋਇਆ ਅਤੇ ਪ੍ਰਸ਼ਾਸਨ ਦੇ ਨੁਮਾਇੰਦੇ ਵਜੋਂ ਧਰਨੇ ਵਿੱਚ ਆ ਕੇ ਐਲਾਨ ਕੀਤਾ ਕਿ ਕਿਸਾਨ ਸੀਤਾ ਸਿੰਘ ਕੁੱਲਰੀਆਂ ਤੇ ਹਮਲਾ ਕਰਨ ਵਾਲੀ ਗੁੰਡਾ ਢਾਣੀ ਦੇ ਸਰਗਣੇ ਸਰਪੰਚ ਰਾਜਵੀਰ ਸਿੰਘ ਖਿਲਾਫ਼ ਇਰਾਦਾ ਕਤਲ ਦੀਆਂ ਧਾਰਾਵਾਂ ਦਾ ਵਾਧਾ ਕਰ ਦਿੱਤਾ ਹੈ। ਹਿਰਾਸਤ ਵਿੱਚ ਲਿਆ ਇੱਕ ਕਿਸਾਨ ਲੀਲਾ ਸਿੰਘ ਦਾ ਪੁਲਿਸ ਥਾਣਾ ਬਰੇਟਾ ਵਿੱਚ ਟਰੈਕਟਰ ਬਿਨਾਂ ਸ਼ਰਤ ਛੱਡਣ ਦਾ ਐਲਾਨ ਕੀਤਾ। ਗੁੰਡਾ ਢਾਣੀ ਦੇ ਸਰਗਣੇ ਸਰਪੰਚ ਰਾਜਵੀਰ ਸਿੰਘ ਨੂੰ ਜਲਦ ਗ੍ਰਿਫਤਾਰ ਕਰਨ ਦਾ ਵਿਸ਼ਵਾਸ ਦਿਵਾਇਆ। ਕੁੱਲਰੀਆਂ ਪਿੰਡ ਦੇ ਕਿਸਾਨ ਜਿਸ ਢੰਗ ਨਾਲ ਦਹਾਕਿਆਂ ਬੱਧੀ ਸਮੇਂ ਤੋਂ ਕਾਸ਼ਤ ਕਰ ਰਹੇ ਹਨ, ਉਸੇ ਹੀ ਤਰ੍ਹਾਂ ਕਿਸਾਨਾਂ ਦੀ ਮਾਲਕੀ ਦਾ ਹੱਕ ਬਹਾਲ ਕਰਨ ਦਾ ਵਿਸ਼ਵਾਸ ਦਿਵਾਇਆ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਥਾਂ ਜ਼ਬਰ ਦਾ ਫੜਿਆ ਰਾਹ ਸਰਕਾਰ ਨੂੰ ਮਹਿੰਗਾ ਪਵੇਗਾ ਅਤੇ ਜ਼ਮੀਨਾਂ ਬਚਾਉਣ ਲਈ ਲੜਿਆ ਜਾ ਰਿਹਾ ਇਹ ਘੋਲ, ਇਤਿਹਾਸਕ ਪੈਪਸੂ ਮੁਜ਼ਾਰਾ ਲਹਿਰ ਦੀ ਤਰਜ਼ ‘ਤੇ ਇਤਿਹਾਸਕ ਸਾਬਤ ਹੋਵੇਗਾ।
ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਮੋਹਾਲੀ  ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਸਾਈਲੋ ਖੋਲ੍ਹਣ ਨੂੰ ਮਨਜ਼ੂਰੀ ਦੇਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਕਾਰਵਾਈ ਇਤਿਹਾਸਕ ਦਿੱਲੀ ਕਿਸਾਨ ਘੋਲ਼ ਰਾਹੀਂ ਰੱਦ ਕਰਵਾਏ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਹੀ ਚਾਲ ਹੈ। ਉਨ੍ਹਾਂ ਨੇ 08 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਅਤੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਈਲੋਜ਼ ਰਾਹੀਂ ਕਣਕ ਦੀ ਖਰੀਦ ਨਹੀਂ ਹੋਣ ਦਿੱਤੀ ਜਾਵੇਗੀ।
ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਮੱਖਣ ਸਿੰਘ ਭੈਣੀ ਬਾਘਾ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਲਾਗੂ ਕਰ ਕੇ ਹਰ ਤਰ੍ਹਾਂ ਦੇ ਸਿਆਸੀ ਵਿਰੋਧ ਨੂੰ ਜ਼ਬਰ ਨਾਲ ਦਬਾਉਣ ਦੇ ਖ਼ਿਲਾਫ਼, ਕਿਸਾਨਾਂ ਦੀਆਂ ਇਤਿਹਾਸਿਕ ਦਿੱਲੀ ਘੋਲ ਵੇਲੇ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਦੇ ਖ਼ਿਲਾਫ਼ ਅਤੇ ਫੈਡਰਲ ਢਾਂਚੇ ਦੀ ਰਾਖੀ ਲਈ 21 ਮਈ ਨੂੰ ਜਗਰਾਉਂ ਵਿਖੇ ਕੀਤੀ ਜਾ ਰਹੀ ਮਹਾਂ ਪੰਚਾਇਤ ਨੂੰ ਸਫਲ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਨੇ ਕਿਸਾਨਾਂ ਦਾ ਦਿੱਲੀ ਵਿੱਚ ਦਾਖਲਾ ਬੰਦ ਕੀਤਾ ਹੈ ਉਸੇ ਤਰ੍ਹਾਂ ਭਾਜਪਾ ਲੀਡਰਾਂ ਦਾ ਪੰਜਾਬ ਦੇ ਪਿੰਡਾਂ ਵਿੱਚ ਦਾਖ਼ਲਾ ਬੰਦ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਕੱਠ ਨੂੰ ਹੋਰਨਾਂ ਤੋਂ ਇਲਾਵਾ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ, ਮਹਿੰਦਰ ਸਿੰਘ ਦਿਆਲਪੁਰਾ, ਲਖਵੀਰ ਸਿੰਘ ਅਕਲੀਆ, ਹਰਮੰਡਲ ਸਿੰਘ ਜੋਧਪੁਰ, ਹਰਵਿੰਦਰ ਸਿੰਘ ਕੋਟਲੀ, ਗੁਲਜ਼ਾਰ ਸਿੰਘ ਕੱਬਰਵੱਛਾ, ਹਰਮੀਤ ਸਿੰਘ ਫਾਜ਼ਿਲਕਾ, ਗੁਰਦੀਪ ਸਿੰਘ ਖੁੱਡੀਆਂ, ਜਸਕਰਨ ਸਿੰਘ ਫਰੀਦਕੋਟ, ਕਰਮਜੀਤ ਸਿੰਘ ਸੰਗਰੂਰ, ਪ੍ਰਦੀਪ ਮੁਹਾਲੀ, ਜਗਤਾਰ ਸਿੰਘ ਦੇਹੜਕਾ, ਸੁਖਚੈਨ ਸਿੰਘ ਰਾਜੂ, ਰਾਣਾ ਸੈਦੋਵਾਲ ਕਪੂਰਥਲਾ, ਸੁਖਜੀਤ ਕੌਰ ਭੈਣੀਬਾਘਾ ਅਤੇ ਸੀਨੀਅਰ ਵਕੀਲ ਹਰਮੰਦਰ ਸਿੰਘ ਮਾਖਾ ਨੇ ਵੀ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਬੇਵਕਤੀ ਵਿਛੋੜਾ ਦੇ ਗਏ ਭਾਕਿਯੂ ਏਕਤਾ ਡਕੌਂਦਾ ਬਲਾਕ ਬੁਢਲਾਡਾ ਦੇ ਮੀਤ ਪ੍ਰਧਾਨ ਮਹਿੰਦਰ ਸਿੰਘ ਕੁਲਰੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

LEAVE A REPLY

Please enter your comment!
Please enter your name here