ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਭੱਠਾ ਮਾਲਕ ਐਸੋਸੀਏਸ਼ਨਾਂ ਤੇ ਸ਼ੈਲਰ ਮਾਲਕਾਂ ਨਾਲ ਮੀਟਿੰਗ
ਵਰਕਰਾਂ ਅਤੇ ਮਜ਼ਦੂਰਾਂ ਨੂੰ ਮਿਲਾਵਟੀ ਸ਼ਰਾਬ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਆ
ਨਸ਼ਾ ਤਸਕਰਾਂ ਦਾ ਸਫਾਇਆ ਕਰਨ ਲਈ ਹਰ ਵਰਗ ਤੋਂ ਭਰਵੇਂ ਹੁੰਗਾਰੇ ਤੇ ਸਹਿਯੋਗ ਦੀ ਲੋੜ: ਡਿਪਟੀ ਕਮਿਸ਼ਨਰ
ਦਲਜੀਤ ਕੌਰ
ਸੰਗਰੂਰ, 23 ਮਾਰਚ, 2024: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਸ਼ਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸੰਗਰੂਰ ਦੇ ਸਮੂਹ ਭੱਠਾ ਮਾਲਕ ਐਸੋਸੀਏਸ਼ਨਾਂ ਤੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਕਰਦਿਆਂ ਦੋਵਾਂ ਹੀ ਥਾਵਾਂ ’ਤੇ ਕੰਮ ਕਰਦੇ ਵਰਕਰਾਂ ਤੇ ਮਜ਼ਦੂਰਾਂ ਨੂੰ ਮਿਲਾਵਟੀ ਸ਼ਰਾਬ ਦੇ ਮਾਰੂ ਨੁਕਸਾਨਾਂ ਬਾਰੇ ਜਾਗਰੂਕ ਕਰਨ ਦਾ ਸੱਦਾ ਦਿੱਤਾ। ਡਿਪਟੀ ਕਮਿਸ਼ਨਰ ਨੇ ਭੋਲੇ ਭਾਲੇ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਗੈਰ ਸਮਾਜਿਕ ਅਨਸਰਾਂ ਵੱਲੋਂ ਸਸਤੀ ਸ਼ਰਾਬ ਦੇਣ ਦੇ ਲਾਲਚ ਵਿੱਚ ਫਸ ਕੇ ਆਪਣੀਆਂ ਜਾਨਾਂ ਨੂੰ ਦਾਅ ’ਤੇ ਲਾਉਣ ਤੋਂ ਗੁਰੇਜ਼ ਕਰਨ ਤੇ ਸੁਚੇਤ ਰਹਿਣ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਕੁਝ ਥਾਵਾਂ ’ਤੇ ਵਾਪਰੀਆਂ ਦੁਖਾਂਤਕ ਘਟਨਾਵਾਂ ਨੇ ਉਨ੍ਹਾਂ ਦੇ ਮਨ ਨੂੰ ਕਾਫ਼ੀ ਠੇਸ ਪਹੁੰਚਾਈ ਹੈ ਅਤੇ ਹੁਣ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਪ੍ਰਭਾਵਿਤ ਪਿੰਡਾਂ ਦੇ ਹਰ ਘਰ ਤੱਕ ਪਹੁੰਚ ਕਰਦੇ ਹੋਏ ਮਿਲਾਵਟੀ ਸ਼ਰਾਬ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਮੀਟਿੰਗ ਦੌਰਾਨ ਭੱਠਾ ਮਾਲਕਾਂ ਤੇ ਸ਼ੈਲਰ ਮਾਲਕਾਂ ਨੂੰ ਕਿਹਾ ਕਿ ਉਹ ਆਪਣੇ ਅਧੀਨ ਕੰਮ ਕਰਦੇ ਵਰਕਰਾਂ ਤੇ ਮਜ਼ਦੂਰਾਂ ਨੂੰ ਗੈਰ ਮਿਆਰੀ ਤੇ ਸਸਤੀ ਸ਼ਰਾਬ ਦੇ ਸੇਵਨ ਤੋਂ ਰੋਕਣ ਅਤੇ ਜੇਕਰ ਕਿਸੇ ਵੀ ਵਿਅਕਤੀ ਦੇ ਕੋਲ ਅਜਿਹੀ ਕਿਸੇ ਵੀ ਅਣਅਧਿਕਾਰਤ ਥਾਂ ਤੋਂ ਖਰੀਦੀ ਗਈ ਸ਼ਰਾਬ ਮੌਜੂਦ ਹੈ, ਤਾਂ ਉਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਜਾਗਰੂਕਤਾ ਮੁਹਿੰਮ ਦੀ ਨਿਰੰਤਰ ਨਿਗਰਾਨੀ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ ਅਤੇ ਫੀਡਬੈਕ ਲੈ ਕੇ ਸਾਂਝੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਤਸਕਰਾਂ ਦਾ ਸਫਾਇਆ ਕਰਨ ਲਈ ਹਰ ਵਰਗ ਤੋਂ ਭਰਵੇਂ ਹੁੰਗਾਰੇ ਤੇ ਸਹਿਯੋਗ ਦੀ ਲੋੜ ਹੈ ਇਸ ਲਈ ਹਰ ਵਰਗ ਤੱਕ ਪਹੰਚ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਏ.ਡੀ.ਸੀ ਵਿਕਾਸ ਵਰਜੀਤ ਵਾਲੀਆ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ ਵੀ ਹਾਜ਼ਰ ਸਨ।