ਪੀੜਤ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਹਮਦਰਦੀ ਦਾ ਪ੍ਰਗਟਾਵਾ
ਸਰਕਾਰੀ ਰਜਿੰਦਰਾ ਹਸਪਤਾਲ ਅਤੇ ਸਿਵਲ ਹਸਪਤਾਲ ਸੰਗਰੂਰ ਵਿਖੇ ਜੇਰੇ ਇਲਾਜ 15 ਹੋਰ ਮਰੀਜ਼ ਹੋਏ ਤੰਦਰੁਸਤ, ਘਰਾਂ ਨੂੰ ਪਰਤੇ
ਗੁੱਜਰਾਂ/ਦਿੜ੍ਹਬਾ, 25 ਮਾਰਚ, 2024: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਅੱਜ ਹੋਲੀ ਵਾਲੇ ਦਿਨ ਵੀ ਦਿੜਬਾ ਤੇ ਸੁਨਾਮ ਵਿਖੇ ਪੀੜਤ ਪਰਿਵਾਰਾਂ ਦੇ ਘਰ ਵਿਖੇ ਜਾ ਕੇ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਪਿੰਡ ਗੁੱਜਰਾਂ, ਢੰਡੋਲੀ ਖੁਰਦ ਅਤੇ ਟਿੱਬੀ ਰਵਿਦਾਸਪੁਰਾ ਵਿਖੇ ਵੱਖ-ਵੱਖ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮਿਲਾਵਟੀ ਸ਼ਰਾਬ ਦੇ ਕਾਲੇ ਕਾਰੋਬਾਰ ਨਾਲ ਜੁੜੇ ਗੈਰ ਸਮਾਜਿਕ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਪੀੜਤ ਪਰਿਵਾਰਾਂ ਦੇ ਨਾਲ ਖੜਾ ਹੈ। ਇਸ ਦੌਰਾਨ ਉਹਨਾਂ ਪਿੰਡਾਂ ਦੇ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਮਾਜ ਵਿੱਚੋਂ ਨਸ਼ਾ ਤਸਕਰਾਂ ਦਾ ਸਫਾਇਆ ਕਰਨ ਵਿੱਚ ਆਪਣਾ ਸਹਿਯੋਗ ਦੇਣ ਤਾਂ ਜੋ ਸਭ ਦੇ ਮਿਲਵਰਤਨ ਨਾਲ ਇਸ ਸਮਾਜਿਕ ਬੁਰਾਈ ਦਾ ਮੁਕੰਮਲ ਤੌਰ ਤੇ ਖਾਤਮਾ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਅਤੇ ਸਿਵਲ ਹਸਪਤਾਲ ਸੰਗਰੂਰ ਤੋਂ 15 ਹੋਰ ਮਰੀਜ਼ਾਂ ਨੂੰ ਤੰਦਰੁਸਤ ਹੁਣ ਉਪਰੰਤ ਘਰਾਂ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲਾਂ ਵਿੱਚੋਂ ਤੰਦਰੁਸਤ ਹੋ ਕੇ ਪਰਤੇ ਇਹਨਾਂ ਵਿਅਕਤੀਆਂ ਦੀ ਸਿਹਤ ਦੀ ਨਿਰੰਤਰ ਨਿਗਰਾਨੀ ਰੱਖੀ ਜਾਵੇ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਜੋ ਕਿ ਖੁਦ ਵੀ ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਐਸਐਸਪੀ ਸਰਤਾਜ ਸਿੰਘ ਚਾਹਲ ਨਾਲ ਬੀਤੇ ਦਿਨੀ ਸਿਵਲ ਹਸਪਤਾਲ ਸੰਗਰੂਰ ਅਤੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਜੇਰੇ ਇਲਾਜ ਇਹਨਾਂ ਮਰੀਜ਼ਾਂ ਦੀ ਸਿਹਤ ਸਬੰਧੀ ਜਾਇਜ਼ਾ ਲੈ ਕੇ ਆਏ ਸਨ, ਨੇ ਦੱਸਿਆ ਕਿ ਜਿਲਾ ਪ੍ਰਸ਼ਾਸਨ ਦੀ ਅਗਵਾਈ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ‘ਤੇ ਅਧਾਰਤ ਸਾਂਝੀਆ ਟੀਮਾਂ ਲਗਾਤਾਰ ਪ੍ਰਭਾਵਿਤ ਪਿੰਡਾਂ ਵਿੱਚ ਘਰ ਘਰ ਜਾ ਕੇ ਸਰਵੇਖਣ ਕਰ ਰਹੀਆਂ ਹਨ ਅਤੇ ਅੱਜ ਹੋਲੀ ਵਾਲੇ ਦਿਨ ਵੀ ਸਾਰੀਆਂ ਟੀਮਾਂ ਪੂਰੀ ਸਰਗਰਮੀ ਦੇ ਨਾਲ ਲੋਕਾਂ ਨਾਲ ਰਾਬਤਾ ਰੱਖਦੀਆਂ ਰਹੀਆਂ ਤਾਂ ਜੋ ਕੋਈ ਵੀ ਅਜਿਹਾ ਵਿਅਕਤੀ ਮੈਡੀਕਲ ਸੁਵਿਧਾ ਤੋਂ ਵਾਂਝਾ ਨਾ ਰਹੇ ਜਿਸ ਦੁਆਰਾ ਪਿਛਲੇ ਦਿਨਾਂ ਵਿੱਚ ਇਹੋ ਜਿਹੀ ਮਿਲਾਵਟੀ ਸ਼ਰਾਬ ਦਾ ਸੇਵਨ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਸਾਰੇ ਹੀ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਲੋਕਾਂ ਨੂੰ ਅਨਾਊਂਸਮੈਂਟਾਂ ਦੇ ਰਾਹੀਂ ਅਜਿਹੀ ਨਕਲੀ ਸ਼ਰਾਬ ਦਾ ਸੇਵਨ ਨਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਾਗਰੂਕਤਾ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਪ੍ਰਸ਼ਾਸਨ ਨੂੰ ਲੋਕਾਂ ਤੋਂ ਵੀ ਸਹਿਯੋਗ ਲੋੜੀਂਦਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਘਰ ਕਿਸੇ ਵੀ ਮਾਤਰਾ ਵਿੱਚ ਇਹ ਮਿਲਾਵਟੀ ਸ਼ਰਾਬ ਪਈ ਹੈ ਤਾਂ ਉਹ ਇਸ ਬਾਰੇ ਸੂਚਨਾ ਪੁਲਿਸ ਹੈਲਪ ਲਾਈਨ ਨੰਬਰ 112 ਉੱਤੇ ਜਰੂਰ ਦੇਵੇ ਤਾਂ ਜੋ ਕਿਸੇ ਵੀ ਵਿਅਕਤੀ ਦਾ ਭਵਿੱਖ ਵਿੱਚ ਜਾਨੀ ਨੁਕਸਾਨ ਨਾ ਹੋ ਸਕੇ।