ਭੇਟਾਂ ਪਿੰਡ ਦੇ ਕਿਸਾਨ ਬਲਕਾਰ ਸਿੰਘ ਦੀ ਪਹਿਲੀ ਢੇਰੀ ਸਰਕਾਰੀ ਰੇਟ 2060 ਰੁਪੈ ਪ੍ਰਤੀ ਕੁਇੰਟਲ ਨੂੰ ਪਨਗ੍ਰੇਨ ਨੇ ਖਰੀਦੀ
ਕਪੂਰਥਲਾ, ਸੁਖਪਾਲ ਸਿੰਘ ਹੁੰਦਲ,
ਕਪੂਰਥਲਾ ਜਿਲੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਅੱਜ ਕਪੂਰਥਲਾ ਦੀ ਦਾਣਾ ਮੰਡੀ ਤੋਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਕਰਵਾਈ ਗਈ । ਪਿੰਡ ਭੇਟਾਂ ਦੇ ਕਿਸਾਨ ਬਲਕਾਰ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਪਹਿਲੀ ਢੇਰੀ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਵੱਲੋਂ 2060 ਰੁਪੈ ਪ੍ਰਤੀ ਕੁਇੰਟਲ ਨੂੰ ਖਰੀਦੀ ਗਈ । ਡਿਪਟੀ ਕਮਿਸ਼ਨਰ ਨੇ ਝੋਨਾ ਲੈ ਕੇ ਮੰਡੀ ਪੁੱਜੇ ਕਿਸਾਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਸਾਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਉਨਾਂ ਦੀ ਫਸਲ ਦਾ ਇਕ ਇਕ ਦਾਣਾ ਖ਼ਰੀਦਣਾ ਯਕੀਨੀ ਬਣਾਏਗੀ ਜਿਸ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਇਸ ਮੌਕੇ ਆੜ੍ਹਤੀਆਂ ਨਾਲ ਵੀ ਗੱਲ-ਬਾਤ ਕੀਤੀ ਤੇ ਖਰੀਦ ਏਜੰਸੀਆਂ , ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਖਰੀਦ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਦੇ ਨਿਰਦੇਸ਼ ਦਿੱਤੇ । ਉਨਾਂ ਅੱਗੇ ਦੱਸਿਆ ਕਿ ਮੰਡੀਆਂ ਦੇ ਅੰਦਰ ਸਾਫ ਸਫਾਈ, ਪਾਣੀ, ਬਿਜਲੀ, ਆਰਜ਼ੀ ਬਾਥਰੂਮ ਸਮੇਤ ਹੋਰ ਲੋੜੀਂਦੇ ਪ੍ਰਬੰਧਾਂ ਕੀਤੇ ਗਏ ਹਨ ਤਾਂ ਜੋ ਮੰਡੀਆਂ ਅੰਦਰ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਮਜ਼ਦੂਰਾਂ, ਆੜਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ’ਤੇ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਕਪੂਰਥਲਾ ਜਿਲੇ ਅੰਦਰ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ
ਦੂਜੇ ਰਾਜਾਂ ਤੋਂ ਝੋਨਾ ਲਿਆਉਣ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਝੋਨੇ ਦੀ ਰੋਜ਼ਾਨਾ ਖ਼ਰੀਦ ਕੀਤੀ ਜਾਵੇਗੀ ਅਤੇ ਉਸ ਦੀ ਅਦਾਇਗੀ 48 ਘੰਟੇ ਦੇ ਅੰਦਰ ਅੰਦਰ ਕਿਸਾਨਾਂ ਦੇ ਸਿੱਧੇ ਖਾਤੇ ਵਿਚ ਚਲੀ ਜਾਵੇਗੀ ।
ਕਪੂਰਥਲਾ ਜਿਲ੍ਹੇ ਅੰਦਰ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਲਈ 42 ਸਥਾਈ ਮੰਡੀਆਂ ਦੇ ਨਾਲ-ਨਾਲ 21 ਆਰਜੀ ਮੰਡੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਾਤ ਵੇਲੇ ਫਸਲ ਦੀ ਕਟਾਈ ਨਾ ਕਰਨ ਅਤੇ ਮੰਡੀ ਵਿਚ ਵੀ ਸੁੱਕਾ ਝੋਨਾ ਹੀ ਲਿਆਉਣ ਤਾਂ ਜੋ ਉਨ੍ਹਾਂ ਦੀ ਫਸਲ ਦੀ ਖਰੀਦ ਬਿਨ੍ਹਾਂ ਕਿਸੇ ਦੇਰੀ ਤੋਂ ਹੋ ਸਕੇ ।ਇਸ ਮੌਕੇ ਆਮ ਆਦਮੀ ਪਾਰਟੀ ਦੀ ਹਲਕਾ ਇਨਚਾਰਜ ਮੰਜੂ ਰਾਣਾ , ਆਮ ਆਦਮੀ ਪਾਰਟੀ ਦੇ ਆਗੂ ਗੁਰਪਾਲ ਸਿੰਘ ਇੰਡੀਅਨ , ਪਰਮਿੰਦਰ ਸਿੰਘ ਢੋਟ , ਕੰਵਰ ਇਕਬਾਲ ਸਿੰਘ , ਜਿਲਾ ਮੰਡੀ ਅਫਸਰ ਮੁਨੀਸ਼ ਕੈਲੇ , ਡੀ ਐਫ ਐਸ ਸੀ ਮਧੂ ਗੋਇਲ ਤੇ ਹੋਰ ਹਾਜ਼ਰ ਸਨ ।