ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ’ਚ ਸਫਾਈ ਸੇਵਕਾਂ ਦੀ ਸੁਰੱਖਿਆ ਲਈ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼

0
232

ਸਫਾਈ ਸੇਵਕਾਂ ਨੂੰ ਨਿਰਧਾਰਿਤ ਸੁਰੱਖਿਆ ਕਿੱਟ ਪਾਏ ਬਗੈਰ ਸਫਾਈ ਗਤੀਵਿਧੀਆਂ ਨਾ ਕਰਨ ਦੀ ਅਪੀਲ

ਸੰਗਰੂਰ, 24 ਅਗਸਤ, 2023: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਮੂਹ ਕਾਰਜਸਾਧਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸੀਵਰੇਜ ਦੀ ਸਫਾਈ ਪ੍ਰਕਿਰਿਆ ਦੌਰਾਨ ਸਫ਼ਾਈ ਕਾਮਿਆਂ ਵੱਲੋਂ ਲਾਜ਼ਮੀ ਤੌਰ ’ਤੇ ਸਮੁੱਚੇ ਸੁਰੱਖਿਆ ਮਾਪਦੰਡਾਂ ਨੂੰ ਅਮਲ ਵਿੱਚ ਲਿਆਉਣਾ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੀਵਰੇਜ ਬੋਰਡ ਅਤੇ ਪ੍ਰਾਈਵੇਟ ਠੇਕੇਦਾਰ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਕੋਈ ਵੀ ਸਫਾਈ ਕਰਮੀ ਸੁਰੱਖਿਆ ਲਈ ਨਿਰਧਾਰਿਤ ਸੁਰੱਖਿਆ ਕਿੱਟ ਪਾਏ ਬਗੈਰ ਸਫਾਈ ਗਤੀਵਿਧੀਆਂ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਚਿਰਾਂ ਤੋਂ ਬੰਦ ਪਏ ਸੀਵਰੇਜ ਵਿੱਚੋਂ ਜ਼ਹਿਰੀਲੀ ਗੈਸ ਚੜ੍ਹਨ ਦੀਆਂ ਦੁਖਾਂਤਕ ਘਟਨਾਵਾਂ ਵਾਪਰਨ ਕਾਰਨ ਮਨੁੱਖੀ ਸਿਹਤ ਖ਼ਤਰੇ ਵਿੱਚ ਪੈ ਜਾਂਦੀ ਹੈ ਅਤੇ ਕਈ ਵਾਰ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ ਅਤੇ ਅਜਿਹੇ ਮਾੜੇ ਵਰਤਾਰੇ ਨੂੰ ਰੋਕਣ ਲਈ ਫੌਰੀ ਢੁਕਵੇਂ ਕਦਮ ਪੁੱਟੇ ਜਾਣ ਦੀ ਲੋੜ ਹੈ। ਉਨ੍ਹਾਂ ਹਦਾਇਤ ਕੀਤੀ ਕਿ ਸਮੂਹ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਇਹ ਜ਼ਰੂਰੀ ਕਿੱਟਾਂ, ਦਸਤਾਨੇ ਤੇ ਹੋਰ ਸਹਾਇਕ ਸਮੱਗਰੀ ਹਰ ਸਮੇਂ ਉਪਲਬਧ ਰੱਖੀ ਜਾਵੇ ਤਾਂ ਜੋ ਸ਼ਹਿਰੀ ਖੇਤਰ ਵਿੱਚ ਸਬੰਧਤ ਸਫਾਈ ਕਰਮੀ ਨੂੰ ਮੁਹੱਈਆ ਕਰਵਾਈ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜਦੋਂ ਵੀ ਕਿਸੇ ਨਾਗਰਿਕ ਵੱਲੋਂ ਸਰਕਾਰੀ ਜਾਂ ਪ੍ਰਾਈਵੇਟ ਠੇਕੇਦਾਰ ਕੋਲ ਸੀਵਰੇਜ ਵਿਵਸਥਾ ਵਿੱਚ ਨੁਕਸ ਪੈਣ ਦੀ ਸੂਰਤ ਵਿੱਚ ਸਫਾਈ ਕਰਵਾਉਣ ਦੀ ਸ਼ਿਕਾਇਤ ਜਾਂ ਸੂਚਨਾ ਦਰਜ ਕਰਵਾਈ ਜਾਂਦੀ ਹੈ ਤਾਂ ਸਬੰਧਤ ਠੇਕੇਦਾਰ ਜਾਂ ਵਿਭਾਗੀ ਅਧਿਕਾਰੀ ਇਸ ਸ਼ਿਕਾਇਤ ਦਾ ਇੰਦਰਾਜ ਰਜਿਸਟਰ ਵਿੱਚ ਕਰਨਾ ਯਕੀਨੀ ਬਣਾਉਣਗੇ ਅਤੇ ਕਿੱਟ ਪ੍ਰਾਪਤ ਕਰਨ ਦੇ ਸਮੇਂ ਤੇ ਮਿਤੀ ਦਾ ਇੰਦਰਾਜ ਵੀ ਕਰਨਗੇ। ਇਸ ਤੋਂ ਇਲਾਵਾ ਕਿੱਟ ਮੁਹੱਈਆ ਕਰਵਾਉਣ ਅਤੇ ਵਾਪਸ ਜਮ੍ਹਾਂ ਕਰਵਾਉਣ ਦੀ ਸਮੁੱਚੀ ਪ੍ਰਕਿਰਿਆ ਨੂੰ ਸੀ.ਸੀ.ਟੀ.ਵੀ ਅਧੀਨ ਕਵਰ ਕੀਤਾ ਜਾਵੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਸਫਾਈ ਸੇਵਕ ਕਿਸੇ ਵੀ ਨਾਗਰਿਕ ਦੀ ਸ਼ਿਕਾਇਤ ਜਾਂ ਸੂਚਨਾ ਆਪਣੇ ਪੱਧਰ ’ਤੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਕਾਰਨ ਇਹ ਹਾਈ ਰਿਸਕ ਮਾਮਲਾ ਸਾਬਤ ਹੋ ਸਕਦਾ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ ਤੇ ਸਮੂਹ ਕਾਰਜਸਾਧਕ ਅਫ਼ਸਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here