ਮਾਨਸਾ, 24 ਫਰਵਰੀ:
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਮੱਦੇਨਜ਼ਰ ਜਾਰੀ ਹਦਾਇਤਾਂ ਦੇ ਆਧਾਰ ’ਤੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਸਬ ਰਜਿਸਟਰਾਰ ਦਫ਼ਤਰ ਮਾਨਸਾ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ ਵੀ ਮੌਜੂਦ ਸਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਰਜਿਸਟਰਾਰ ਦਫ਼ਤਰ ਦੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਪ੍ਰਸ਼ਾਸਨਿਕ ਢਾਂਚੇ ਨੂੰ ਯਕੀਨੀ ਬਣਾਉਣ ਲਈ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ, ਜਿਸ ਦੇ ਮੱਦੇਨਜ਼ਰ ਜੇਕਰ ਕੋਈ ਵੀ ਅਧਿਕਾਰੀ ਸਰਕਾਰੀ ਕੰਮ ਦੇ ਬਦਲੇ ਲੋਕਾਂ ਤੋਂ ਰਿਸ਼ਵਤ ਦੀ ਮੰਗ ਕਰਦਾ ਪਾਇਆ ਜਾਂਦਾ ਹੈ ਤਾਂ ਉੁਸ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਆਏ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਸਬ-ਰਜਿਸਟਰਾਰ ਦਫ਼ਤਰ ਅਤੇ ਇਸ ਦੇ ਕਰਮਚਾਰੀਆਂ ਬਾਰੇ ਉਨ੍ਹਾਂ ਤੋਂ ਫੀਡਬੈਕ ਲਈ ਅਤੇ ਰਜਿਸਟਰਾਰ ਦਫ਼ਤਰ ਸਬੰਧੀ ਉਨ੍ਹਾਂ ਦੇ ਤਜ਼ਰਬਿਆਂ ਬਾਰੇ ਵੇਰਵੇ ਇਕੱਤਰ ਕੀਤੇ ਅਤੇ ਸੁਧਾਰਾਂ ਬਾਰੇ ਸੁਝਾਅ ਲਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੱਲਬਾਤ ਦੌਰਾਨ ਸਬ ਰਜਿਸਟਰਾਰ ਦਫ਼ਤਰ ਵਿਖੇ ਕੰਮ ਕਰਵਾਉਣ ਆਏ ਲੋਕਾਂ ਨੇ ਤਸੱਲੀ ਪ੍ਰਗਟ ਕੀਤੀ ਹੈ ਕਿ ਦਫ਼ਤਰ ਵਿਖੇ ਰਜਿਸਟਰੀ ਦੇ ਕੰਮਾਂ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆ ਰਹੀ ਅਤੇ ਬਿਨ੍ਹਾਂ ਕਿਸੇ ਦੇਰੀ ਅਤੇ ਭ੍ਰਿਸ਼ਟਾਚਾਰ ਦੇ ਰਜਿਸਟਰੀਆਂ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ।
ਉਨ੍ਹਾਂ ਸਾਰੀਆਂ ਰਜਿਸਟਰੀਆਂ ਦੀ ਤੁਰੰਤ ਪ੍ਰਕਿਰਿਆ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਸਟਾਫ ਨੂੰ ਰਜਿਸਟਰੀਆਂ ਦਾ ਕੰਮ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ। ਉਨ੍ਹਾਂ ਰਜਿਸਟਰਾਰ ਦਫ਼ਤਰ ਦੇ ਸਟਾਫ ਨੂੰ ਕਿਹਾ ਕਿ ਉਹ ਕੰਮ ਲਈ ਆਉਣ ਵਾਲੇ ਵਿਅਕਤੀਆਂ ਨੂੰ ਬਿਨ੍ਹਾਂ ਕਿਸੇ ਅਸੁਵਿਧਾ ਦੇ ਉਨ੍ਹਾਂ ਦੇ ਕੰਮਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰਨ ਤਾਂ ਜੋ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿਚ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਵੇ।
Boota Singh Basi
President & Chief Editor