ਡੀਏਵੀ ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ ਸ਼ਹੀਦੀ ਦਿਵਸ ਮਨਾਇਆ ਗਿਆ।
ਡੀਏਵੀ ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ, ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਦੀ ਅਗਵਾਈ ਹੇਠ ਸ਼ਹੀਦ ਏ ਆਜ਼ਮ ਸ੍ਰ. ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਇਸ ਦੌਰਾਨ ਇੱਕ ਕਵਿਤਾ ਪਾਠ ਮੁਕਾਬਲਾ ਅਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵਲੰਟੀਅਰਜ਼ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਭਗਤ ਸਿੰਘ ਦੇ ਜੀਵਨ ‘ਤੇ ਵੱਖ-ਵੱਖ ਕਵਿਤਾਵਾਂ ਸੁਣਾਈਆਂ ਅਤੇ ਉਨ੍ਹਾਂ ਦੇ ਜੀਵਨ ਦਰਸ਼ਨ ‘ਤੇ ਆਪਣੇ ਭਾਸ਼ਣ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ। ਭਵਨੀਤ ਅਤੇ ਸਹਿਜ ਦਾ ਪ੍ਰਦਰਸ਼ਨ ਕਵਿਤਾ ਪਾਠ ਵਿੱਚ ਸ਼ਾਨਦਾਰ ਸੀ, ਜਦੋਂ ਕਿ ਪ੍ਰਭਦੀਪ ਨੇ ਭਾਸ਼ਣ ਕਲਾ ਵਿੱਚ ਆਪਣੀ ਪ੍ਰਤਿਭਾ ਦਿਖਾਈ। ਐੱਨ ਐੱਸ ਐੱਸ ਅਤੇ ਰੈੱਡ ਰਿਬਨ ਇੰਚਾਰਜ ਡਾ. ਸਾਹਿਬ ਸਿੰਘ ਨੇ ਇਸ ਮੌਕੇ ਜਿੱਥੇ ਕਾਵਿਕ ਰੂਪ ਵਿੱਚ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਯਾਦ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ, ਉੱਥੇ ਉਹਨਾਂ ਨੇ ਪ੍ਰੋਗਰਾਮ ਅਫ਼ਸਰਾਂ, ਹਾਜ਼ਰ ਅਧਿਆਪਕਾਂ ਅਤੇ ਵਲੰਟੀਅਰਜ਼ ਨਾਲ ਮਿਲ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਸਹੁੰ ਚੁੱਕੀ। ਉਹਨਾਂ ਨੇ ਆਜ਼ਾਦੀ ਸੰਗਰਾਮ ਵਿੱਚ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਯੋਗਦਾਨ ਬਾਰੇ ਵਿਸਥਾਰ ਵਿੱਚ ਗੱਲ ਕੀਤੀ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨੌਜਵਾਨਾਂ ਲਈ ਪ੍ਰੇਰਨਾਦਾਇਕ ਦੱਸਿਆ। ਪ੍ਰੋਗਰਾਮ ਅਫ਼ਸਰ ਪ੍ਰੋ. ਵਿਵੇਕ ਸ਼ਰਮਾ ਨੇ ਭਗਤ ਸਿੰਘ ਦੇ ਚਰਿੱਤਰ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਦ੍ਰਿਸ਼ਟੀਕੋਣ ਵਿੱਚ ਦੇਸ਼ ਦੀ ਸੇਵਾ ਤੋਂ ਵੱਡਾ ਕੁਝ ਵੀ ਨਹੀਂ ਸੀ, ਸਾਰੇ ਨੌਜਵਾਨਾਂ ਲਈ ਉਹ ਪ੍ਰੇਰਨਾਸ੍ਰੋਤ ਹਨ। ਐੱਨ.ਸੀ.ਸੀ. ਵਿੰਗ ਤੋਂ ਸੀ.ਟੀ.ਓ ਡਾ. ਸੁਨੀਲ ਠਾਕੁਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਹੀ ਰਸਤੇ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਲੰਟੀਅਰਜ਼ ਮੌਜੂਦ ਸਨ।