ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਜਥੇਬੰਦੀਆਂ ਨੇ ਲਿਆ ਸਖ਼ਤ ਨੋਟਿਸ
ਸਿੱਖਿਆ ਅਧਿਕਾਰੀਆਂ ਵੱਲੋਂ ਦੋਸ਼ੀ ਬੀਪੀਈਓ ਜਖਵਾਲੀ ਦਾ ਪੱਖ ਪੂਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ
ਬੀਪੀਈਓ ਜਖਵਾਲੀ ਦੇ ਭ੍ਰਿਸ਼ਟਾਚਾਰ ਮਾਮਲੇ ‘ਤੇ ਜਿਲ੍ਹਾ ਸਿੱਖਿਆ ਅਫ਼ਸਰ (ਐ: ਸਿ) ਬਣੀ ਮੂਕ ਦਰਸ਼ਕ
ਫ਼ਤਹਿਗੜ੍ਹ ਸਾਹਿਬ, 29 ਮਾਰਚ, 2024: ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਜਖਵਾਲੀ ਵੱਲੋਂ ਸੰਬੰਧਤ ਬਲਾਕ ਵਿੱਚ ਅਹੁਦੇ ਦੀ ਨਜ਼ਾਇਜ਼ ਵਰਤੋਂ ਅਤੇ ਗ੍ਰਾਟਾਂ ਦੀ ਵੰਡ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਲੱਗੇ ਗੰਭੀਰ ਦੋਸ਼ਾਂ ਦੀ ਸ਼ਿਕਾਇਤ ਕਰਨ ਵਾਲੇ ਅਧਿਆਪਕਾਂ ‘ਤੇ ਦਬਾਅ ਪਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਹੁਣ ਗ਼ੈਰ ਵਾਜਿਬ ‘ਕਾਰਨ ਦੱਸੋ’ ਨੋਟਿਸ ਕੱਢਣ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਤੇ ਹੋਰ ਉੱਚ ਸਿੱਖਿਆ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਦੋਸ਼ੀ ਦੀ ਪੁਸ਼ਤਪੁਨਾਹੀ ਕਰਨ ਦਾ ਜਥੇਬੰਦੀਆਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਇਸ ਸਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਭਰਾਤਰੀ ਜਥੇਬੰਦੀਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ, ਕਿਰਤੀ ਕਿਸਾਨ ਯੂਨੀਅਨ, ਟੈਕਨੀਕਲ ਐਂਡ ਮਕੈਨੀਕਲ ਇੰਪ. ਯੂਨੀਅਨ ਅਤੇ ਜਲ ਸਪਲਾਈ ਸੈਨੀਟੈਸਨ ਕੰਟਰੈਕਟ ਵਰਕਰ ਯੂਨੀਅਨ (ਰਜਿ ਨੰ: 26) ਨੇ ਡੀ ਸੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਕੀਤੀ ਅਤੇ 10 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਅਧਿਆਪਕਾਂ ਅਤੇ ਹੋਰਨਾਂ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ‘ਤੇ ਵੱਡਾ ਰੋਸ ਮੁਜ਼ਾਹਰਾ ਅਤੇ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਹੈ ।
ਮੀਟਿੰਗ ਵਿੱਚ ਮੌਜੂਦ ਡੀਟੀਐੱਫ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਲਖਵਿੰਦਰ ਸਿੰਘ, ਮਲਾਗਰ ਸਿੰਘ ਖਮਾਣੋ, ਜੋਸ਼ੀਲ ਤਿਵਾੜੀ, ਰਾਜਵਿੰਦਰ ਧਨੋਆ, ਜਤਿੰਦਰ ਸਿੰਘ, ਜਗਜੀਤ ਜਟਾਣਾ, ਸੁਖਰਾਮ ਕਾਲੇਵਾਲ ਅਤੇ ਜਰਨੈਲ ਸਿੰਘ ਨਲੀਨਾ ਨੇ ਦੱਸਿਆ ਕਿ ਬੀਪੀਈਓ ਜਖਵਾਲੀ ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਲਗਭਗ ਪੰਜ ਮਹੀਨੇ ਬੀਤਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਾ ਹੋਣ ਅਤੇ ਉੱਲਟਾ ਦੋਸ਼ੀ ਅਧਿਕਾਰੀ ਦਾ ਹੀ ਸ਼ਰੇਆਮ ਪੱਖ ਪੂਰਨ ਵਾਲੀ ਪੰਜਾਬ ਸਰਕਾਰ ਅਤੇ ਉਸਦੇ ਬਾਕੀ ਸਿੱਖਿਆ ਅਧਿਕਾਰੀਆਂ ਦੇ ਲੋਕ-ਦੋਖੀ ਕਿਰਦਾਰ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਸਬੂਤ ਵਜੋਂ ਆਡੀਓ ਹੋਣ ਦੇ ਬਾਵਜੂਦ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਉੱਚ ਅਧਿਕਾਰੀਆਂ ਵੱਲੋਂ ਹੁਣ ਤੱਕ ਕੋਈ ਵੀ ਠੋਸ ਕਾਰਵਾਈ ਨਾ ਕਰਨਾ ਸਿੱਧ ਕਰਦਾ ਹੈ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੋਸ਼ੀ ਨੂੰ ਬਚਾਉਣ ਵਿੱਚ ਸਾਥ ਦਿੱਤਾ ਜਾ ਰਿਹਾ ਹੈ। ਭ੍ਰਿਸ਼ਟਾਚਾਰੀਆਂ ਦਾ ਪੱਖ ਪੂਰਨ ਵਾਲੀ ਪੰਜਾਬ ਸਰਕਾਰ ਅਤੇ ਇਸ ਦੇ ਅਧਿਕਾਰੀਆਂ ਵੱਲੋਂ ਦੋਸ਼ੀ ਬੀਪੀਈਓ ਨੂੰ ਉਸੇ ਸਿੱਖਿਆ ਬਲਾਕ ਵਿੱਚ ਰੱਖ ਕੇ ਸਬੂਤਾਂ ਨੂੰ ਮਿਟਾਉਣ ਅਤੇ ਅਧਿਆਪਕਾਂ ਨੂੰ ਡਰਾ ਧਮਕਾ ਕੇ ਆਪਣੇ ਹੱਕ ਵਿੱਚ ਖੜਨ ਲਈ ਮਜਬੂਰ ਕੀਤੇ ਜਾਣ ਨੂੰ ਜੱਥੇਬੰਦੀਆਂ ਵੱਲੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਫੈਸਲਾ ਕੀਤਾ ਗਿਆ ਕੇ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸ ਮਾਮਲੇ ਦੇ ਸਾਰੇ ਪੱਖਾਂ ਨੂੰ ਉਜਾਗਰ ਕਰਦਾ ਪਰਚਾ ਅਤੇ ਪੋਸਟਰ ਤਿਆਰ ਕਰਕੇ ਵੰਡੇ ਜਾਣਗੇ ਅਤੇ ਵਿਆਪਕ ਲਾਮਬੰਦੀ ਕਰਦਿਆਂ 10 ਅਪ੍ਰੈਲ ਨੂੰ ਜਿਲ੍ਹਾ ਪੱਧਰ ‘ਤੇ ਵੱਡਾ ਇਕੱਠ ਕਰਦਿਆਂ ਬੀ ਪੀ ਈ ਓ ਜਖਵਾਲੀ ਵਿਰੁੱਧ ਜਲਦੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ।
ਇਸ ਮੌਕੇ ਡੀ ਟੀ ਐੱਫ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਤੋਂ ਇਲਾਵਾ ਗਗਨਦੀਪ ਸਿੰਘ, ਅਮਰਿੰਦਰ ਸਿੰਘ, ਜਸਵਿੰਦਰ ਸਿੰਘ, ਤੇਜਵੰਤ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ, ਅੰਮ੍ਰਿਤਪ੍ਰੀਤ ਸਿੰਘ, ਜਸਪ੍ਰੀਤ ਕੌਰ, ਸਿਮਰਜੀਤ ਕੌਰ, ਹਰਪ੍ਰੀਤ ਕੌਰ, ਕਿਰਨਜੀਤ ਕੌਰ, ਗੁਰਤੇਜ ਕੌਰ, ਅਨੀਤਾ ਰਾਣੀ ਆਦਿ ਮੌਜੂਦ ਰਹੇ।