ਜਲੰਧਰ, ਸਾਂਝੀ ਸੋਚ ਬਿਊਰੋ -ਡੀ.ਏ.ਵੀ.ਕਾਲਜ ਜਲੰਧਰ ਦੇ ਐੱਨ.ਐੱਸ.ਐੱਸ ਯੂਨਿਟ ਵੱਲੋਂ, ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ.ਰਾਜ਼ੇਸ ਕੁਮਾਰ ਸ਼ਰਮਾ ਨੇ ਐੱਨ.ਐੱਸ.ਐੱਸ ਯੂਨਿਟ ਨੂੰ ਇਸ ਖ਼ਾਸ ਦਿਨ ਨੂੰ ਮਨਾਉਣ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਆਪਣੇ ਦੇਸ਼ ਦੇ ਯੋਧਿਆਂ ਨੂੰ ਯਾਦ ਕਰਦੇ ਰਹਿਣਾ ਹੀ, ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਐੱਨ.ਐੱਸ.ਐੱਸ ਕੁਆਰਡੀਨੇਟਰ ਡਾ.ਸਾਹਿਬ ਸਿੰਘ ਨੇ ਇਸ ਮੌਕੇ ਭਗਤ ਸਿੰਘ ਨਾਲ਼ ਸੰਬੰਧਿਤ ਕਾਵਿ ਸਤਰਾਂ ਰਾਹੀਂ ਵਲੰਟੀਅਰਜ ਨਾਲ਼ ਵਿਚਾਰਾਂ ਦੀ ਸਾਂਝ ਪਾਈ ਅਤੇ ਕਿਹਾ ਕਿ ਜੇਕਰ ਅਸੀਂ ਸੱਚਮੁੱਚ ਹੀ ਭਗਤ ਸਿੰਘ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਭਗਤ ਸਿੰਘ ਜੀ ਦੀ ਵਿਚਾਰਧਾਰਾ ਨੂੰ ਹਮੇਸ਼ਾ ਆਪਣੇ ਚਿੱਤ ਚੇਤਿਆਂ ‘ਚ ਵਸਾਈ ਰੱਖਣਾ ਚਾਹੀਦਾ ਹੈ। ਇਸ ਦੌਰਾਨ ਐੱਨ.ਐੱਸ.ਐੱਸ ਵਲੰਟੀਅਰਜ ਨੇ ਗੀਤਾਂ ਅਤੇ ਭਾਸ਼ਣਾ ਰਾਹੀਂ ਭਗਤ ਸਿੰਘ ਜੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਦਾ ਸੰਚਾਲਨ ਕਰ ਰਹੇ ਪ੍ਰੋਗਰਾਮ ਅਫ਼ਸਰ ਮੈਡਮ ਡਾ. ਗੁਰਜੀਤ ਕੌਰ ਨੇ ਭਗਤ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਮਹੱਤਵਪੂਰਨ ਗੱਲਾਂ ਕੀਤੀਆਂ। ਪ੍ਰੋਗਰਾਮ ਅਫ਼ਸਰ ਪ੍ਰੋ.ਵਿਵੇਕ ਸ਼ਰਮਾ ਨੇ ਜਿੱਥੇ ਪਹੁੰਚੇ ਹੋਏ ਸਭ ਵਲੰਟੀਅਰਜ, ਅਧਿਆਪਕਾਂ ਦਾ ਧੰਨਵਾਦ ਕੀਤਾ ਉੱਥੇ ਇਤਿਹਾਸਕ ਹਵਾਲਿਆਂ ਨਾਲ਼ ਭਗਤ ਸਿੰਘ ਜੀ ਬਾਰੇ ਭਾਵਪੂਰਤ ਗੱਲਬਾਤ ਵੀ ਕੀਤੀ।
Boota Singh Basi
President & Chief Editor