ਡੀ.ਏ.ਵੀ.ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਵੱਲੋਂ, ਪੰਜਾਬੀ ਸਾਹਿਤ ਸਭਾ ਦੇ ਤਹਿਤ ਉਲੀਕੇ ਗਏ ਸੋਗ ਸਮਾਰੋਹ ਵਿੱਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਤੇ ਪੱਤਰਕਾਰ ਦੇਸ ਰਾਜ ਕਾਲੀ ਦੇ ਦੇਹਾਂਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਸਾਹਿਤ ਸਭਾ ਦੇ ਇੰਚਾਰਜ ਡਾ.ਸਾਹਿਬ ਸਿੰਘ ਨੇ ਮੁਖੀ ਪੰਜਾਬੀ ਵਿਭਾਗ ਅਤੇ ਹਾਜ਼ਰੀਨ ਅਧਿਆਪਕਾਂ ਦੀ ਮੌਜੂਦਗੀ ਵਿੱਚ, ਇਸ ਸੋਗ ਸਮਾਰੋਹ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ.ਅਸ਼ੋਕ ਕੁਮਾਰ ਖੁਰਾਣਾ ਨੇ ਦੇਸਰਾਜ ਕਾਲੀ ਜੀ ਦੀ ਸ਼ਖ਼ਸੀਅਤ ਦੇ ਵਿਭਿੰਨ ਪਹਿਲੂਆਂ ਬਾਰੇ ਗਹਿਰ ਗੰਭੀਰ ਚਰਚਾ ਕੀਤੀ ਅਤੇ ਕਿਹਾ ਕਿ ਉਹ ਬਹੁਤ ਮੁਹੱਬਤੀ, ਮਿਹਨਤੀ ਤੇ ਬੇਬਾਕੀ ਨਾਲ਼ ਕ੍ਰਾਂਤੀਕਾਰੀ ਪ੍ਰਵਚਨ ਦੀ ਬਾਤ ਪਾਉਣ ਵਾਲ਼ੀ ਸ਼ਖ਼ਸੀਅਤ ਸਨ। ਡਾ. ਖੁਰਾਣਾ ਨੇ ਸਾਹਿਤਿਕ ਤੇ ਪੱਤਰਕਾਰੀ ਦੇ ਖੇਤਰ ਵਿੱਚ ਉਹਨਾਂ ਦੀਆਂ ਵਿਲੱਖਣ ਪ੍ਰਾਪਤੀਆਂ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ। ਉਪ ਮੁਖੀ ਪ੍ਰੋ. ਸੁਖਦੇਵ ਸਿੰਘ ਰੰਧਾਵਾ ਨੇ ਉਹਨਾਂ ਦੇ ਅਚਾਨਕ ਤੁਰ ਜਾਣ ਨੂੰ ਸਾਹਿਤਿਕ ਖੇਤਰ ਦਾ ਵੱਡਾ ਨੁਕਸਾਨ ਦੱਸਿਆ। ਵਿਭਾਗ ਦੇ ਬਾਕੀ ਅਧਿਆਪਕਾਂ ਨੇ ਵੀ ਉਹਨਾਂ ਦੀ ਸ਼ਖ਼ਸੀਅਤ ਬਾਰੇ ਭਾਵੁਕ ਸ਼ਬਦਾਂ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਈ।
ਦੇਸ ਰਾਜ ਕਾਲੀ ਪੰਜਾਬੀ ਭਾਸ਼ਾ ਦੇ ਇੱਕ ਮਹਾਨ ਚਿੰਤਕ ਸਨ। ਉਨ੍ਹਾਂ ਨੇ ਇਨਕਲਾਬੀ ਅਖ਼ਬਾਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਉਨ੍ਹਾਂ ਦੀਆਂ ਪੁਸਤਕਾਂ ਵਿਚ “ਤਸੀਹੇ ਕਦੇ ਬੁੱਢੇ ਨਹੀਂ ਹੁੰਦੇ”, ਚਾਨਣ ਦੀ ਲੀਕ, ਫਕੀਰੀ, ਚੁੱਪ ਕੀਤੇ, ਯਹਾਂ ਚਾਏ ਅੱਛੀ ਨਹੀਂ ਬਣਤੀ ਆਦਿ ਕਿਤਾਬਾਂ ਸ਼ਾਮਲ ਹਨ। ਨਾਵਲਾਂ ਵਿਚ ਪਰਣੇਸ਼ਵਰੀ,ਅੰਤਹੀਣ, ਪ੍ਰਥਮ ਪੌਰਾਣ, ਸ਼ਾਂਤੀ ਪਰਵ, ਠੁਮਰੀ, ਆਦਿ ਸ਼ਾਮਲ ਹਨ। ਉਹਨਾਂ ਪੰਜਾਬੀ ਤੇ ਹਿੰਦੀ ਦੀਆਂ ਅਖ਼ਬਾਰਾਂ ਵਿੱਚ ਵੀ ਬਤੌਰ ਪੱਤਰਕਾਰ ਸ਼ਲਾਘਾਯੋਗ ਕਾਰਜ ਕੀਤਾ।ਉਹ ਸਾਹਿਤਿਕ ਰਸਾਲੇ ‘ਲਕੀਰ’ ਦੇ ਸੰਪਾਦਕ ਰਹੇ। ਜਿੱਥੇ ਉਹਨਾਂ ਨੇ ਸਾਹਿਤਿਕ ਖੇਤਰ ਵਿੱਚ ਇੱਕ ਗਲਪਕਾਰ, ਕਵੀ, ਕਹਾਣੀਕਾਰ ਵਜੋਂ ਵਿਸ਼ੇਸ਼ ਨਾਮਣਾ ਖੱਟਿਆ ਉੱਥੇ ਬਤੌਰ ਬੇਬਾਕ ਪੱਤਰਕਾਰ ਦੇ ਤੌਰ ‘ਤੇ ਉਹਨਾਂ ਦੀ ਇੱਕ ਵਿਲੱਖਣ ਪਛਾਣ ਬਣੀ। ਸਿੱਧਾਂ/ਨਾਥਾਂ ਦੀਆਂ ਦਾਰਸ਼ਨਿਕ ਪ੍ਰੰਪਰਾਵਾਂ ਦੇ ਮੌਖਿਕ ਸਾਹਿਤ ਦਾ ਪ੍ਰਭਾਵ ਅਕਸਰ ਉਹਨਾਂ ਦੀਆਂ ਰਚਨਾਵਾਂ ਵਿੱਚ ਦੇਖਣ ਨੂੰ ਮਿਲਦਾ ਸੀ। ਜਾਤ-ਪਾਤ ਦੇ ਵਿਤਕਰੇ ਬਾਰੇ ਵੀ ਉਹ ਅਕਸਰ ਖੁੱਲ੍ਹ ਕੇ ਬੋਲਦੇ ਸਨ। ਸਭਿਆਚਾਰ ਅਤੇ ਦਲਿਤ ਸਮਾਜ ਬਾਰੇ ਵੀ ਉਹ ਬਹੁਤ ਡੂੰਘੀ ਜਾਣਕਾਰੀ ਰੱਖਦੇ ਸਨ। ਉਹਨਾਂ ਦਾ ਬਹੁਤ ਸਾਰਾ ਸਾਹਿਤ ਦੂਸਰੀਆਂ ਜ਼ੁਬਾਨਾਂ ਵਿੱਚ ਅਨੁਵਾਦ ਹੋਇਆ। ਵਿਭਾਗ ਦੇ ਸਮੂਹ ਅਧਿਆਪਕਾਂ ਨੇ ਦੇਸਰਾਜ ਕਾਲੀ ਜੀ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪ੍ਰੋ.ਦਵਿੰਦਰ ਮੰਡ, ਪ੍ਰੋ. ਬਲਵਿੰਦਰ ਨੰਦੜਾ, ਪ੍ਰੋ. ਰਾਜਨ ਸ਼ਰਮਾ, ਪ੍ਰੋ. ਕੰਵਲਜੀਤ ਸਿੰਘ, ਪ੍ਰੋ.ਮਨਜੀਤ ਸਿੰਘ, ਪ੍ਰੋ.ਕਿਰਨਦੀਪ ਕੌਰ, ਪ੍ਰੋ. ਰਾਜਕਿਰਪਾਲ ਸਿੰਘ, ਪ੍ਰੋ. ਗੁਰਜੀਤ ਕੌਰ, ਪ੍ਰੋ.ਮੀਨੂੰ ਮੁਸਕਾਨ, ਪ੍ਰੋ. ਸਾਹਿਲ ਆਦਿ ਹਾਜ਼ਰ ਸਨ।