ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਐਮਿਟੀ ਯੂਨੀਵਰਸਿਟੀ ਵਿਖੇ ਰੈੱਡ ਰਿਬਨ ਕਲੱਬਾਂ ਦੇ ਹੋਏ “ਸਟੇਟ ਪੱਧਰੀ ਮੈਗਾ ਈਵੈਂਟ” ਵਿੱਚ, 23 ਜ਼ਿਲ੍ਹਿਆਂ ਵਿੱਚੋਂ ਦੋ-ਦੋ ਬੈੱਸਟ ਪ੍ਰੋਗਰਾਮ ਅਫ਼ਸਰਾਂ ਅਤੇ ਦੋ-ਦੋ ਬੈੱਸਟ ਪੀਅਰ ਐਜੂਕੇਟਰਸ ਦੀ ਚੋਣ ਕੀਤੀ ਗਈ। ਡੀ.ਏ.ਵੀ.ਕਾਲਜ ਜਲੰਧਰ ਰੈੱਡ ਰਿਬਨ ਕਲੱਬ ਦੇ ਇੰਚਾਰਜ, ਡਾ.ਸਾਹਿਬ ਸਿੰਘ ਨੂੰ ਜ਼ਿਲ੍ਹਾ ਜਲੰਧਰ ਵਿੱਚੋਂ ਬੈੱਸਟ ਪ੍ਰੋਗਰਾਮ ਅਫ਼ਸਰ ਦੇ ਐਵਾਰਡ ਨਾਲ਼ ਸਨਮਾਨਿਤ ਕੀਤਾ ਗਿਆ। ਇਸਤੋਂ ਇਲਾਵਾ ਰੈੱਡ ਰਿਬਨ ਕਲੱਬ ਡੀ.ਏ.ਵੀ.ਕਾਲਜ ਜਲੰਧਰ ਦੇ ਸਦਾਨੰਦ ਮਹਿਤਾ ਅਤੇ ਪ੍ਰਭਦੀਪ ਸਿੰਘ ਨੂੰ ਰੈੱਡ ਰਿਬਨ ਕਲੱਬ ਦੇ ਬੈੱਸਟ ਪੀਅਰ ਐਜੂਕੇਟਰਸ ਵਜੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਰੈੱਡ ਰਿਬਨ ਕਲੱਬਾਂ ਵੱਲੋਂ ਵਧੀਆ ਢੰਗ ਨਾਲ਼ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਕਰਕੇ ਦਿੱਤੇ ਗਏ। ਇਸ ਪ੍ਰੋਗਰਾਮ ਦੌਰਾਨ ਡਾ. ਸਾਹਿਬ ਸਿੰਘ ਨੇ ਐੱਚ.ਆਈ.ਵੀ. ਏਡਜ਼ ਜਾਗਰੂਕਤਾ ਸੰਬੰਧੀ ਮਹੱਤਵਪੂਰਨ ਗੱਲਬਾਤ ਵੀ ਸਾਂਝੀ ਕੀਤੀ। ਇਹ ਐਵਾਰਡ ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਐੱਸ. ਕੇ. ਕੋਹਲੀ, ਸਹਾਇਕ ਡਾਇਰੈਕਟਰ ਮੈਡਮ ਰੁਪਿੰਦਰ ਕੌਰ ਤੇ ਸ੍ਰ. ਕੁਲਵਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੇ ਰੈੱਡ ਰਿਬਨ ਕਲੱਬਾਂ ਨਾਲ਼ ਸੰਬੰਧਿਤ ਨੁਮਾਇੰਦਿਆਂ ਦੁਆਰਾ ਪ੍ਰਦਾਨ ਕੀਤੇ ਗਏ। ਇਸ ਮਾਣਮੱਤੀ ਪ੍ਰਾਪਤੀ ਲਈ ਡੀ.ਏ.ਵੀ.ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ.ਰਾਜ਼ੇਸ ਕੁਮਾਰ ਜੀ ਨੇ ਜਿੱਥੇ ਡਾ. ਸਾਹਿਬ ਸਿੰਘ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉੱਥੇ ਭਵਿੱਖ ਵਿੱਚ ਵੀ ਪੂਰੀ ਤਨਦੇਹੀ ਨਾਲ਼ ਰੈੱਡ ਰਿਬਨ ਕਲੱਬ ਦੀਆਂ ਗਤੀਵਿਧੀਆਂ ਕਰਨ ਲਈ ਵੀ ਪ੍ਰੇਰਿਆ। ਡਾ. ਸਾਹਿਬ ਸਿੰਘ ਨੇ ਡੀ.ਏ.ਵੀ.ਕਾਲਜ ਜਲੰਧਰ ਦੇ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ ਯੂਨਿਟ ਦੀਆਂ ਇਸ ਸਾਲ ਕੀਤੀਆਂ ਗਈਆਂ ਖ਼ੂਬਸੂਰਤ ਗਤੀਵਿਧੀਆਂ ਦਾ ਸਿਹਰਾ ਪ੍ਰਿੰਸੀਪਲ ਡਾ.ਰਾਜ਼ੇਸ ਕੁਮਾਰ ਜੀ ਹੁਰਾਂ ਨੂੰ ਦਿੰਦਿਆਂ ਕਿਹਾ ਕਿ ਇਹ ਸਭ ਉਹਨਾਂ ਦੀ ਯੋਗ ਅਗਵਾਈ ਸਦਕਾ ਹੀ ਸੰਭਵ ਹੋ ਸਕਿਆ ਹੈ, ਕਿਉਂਕਿ ਉਹਨਾਂ ਨੇ ਖ਼ੁਦ ਆਪਣੀ ਸ਼ਮੂਲੀਅਤ ਰਾਹੀਂ ਸਮੇਂ-ਸਮੇਂ ਹਰ ਈਵੈਂਟ ਨੂੰ ਆਪਣੇ ਬਿਹਤਰ ਤਰੀਕੇ ਨਾਲ਼ ਆਯੋਜਿਤ ਕਰਵਾਇਆ।
Boota Singh Basi
President & Chief Editor