ਡੀ ਸੀ ਦਫ਼ਤਰ ਸੰਗਰੂਰ ਅੱਗੇ ਕਿਸਾਨਾਂ ਵੱਲੋਂ ਲਗਾਤਾਰ ਧਰਨਾ

0
578

ਸੰਗਰੂਰ, (ਸਾਂਝੀ ਸੋਚ ਬਿਊਰੋ) -ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਧਰਨਾ ਡੀ ਸੀ ਦਫ਼ਤਰ ਸੰਗਰੂਰ ਵਿਖੇ ਤੇਰਵੇਂ ਦਿਨ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਅਧੀਨ ਅੱਜ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਪ੍ਰੈੱਸ ਨਾਲ ਗੱਲਬਾਤ ਕਰਨ ਸਮੇਂ ਦੱਸਿਆ ਕਿ ਚੰਨੀ ਸਰਕਾਰ ਨੇ ਬਹੁਤ ਸਾਰੀਆਂ ਮੰਗਾਂ ਮੰਨ ਲਈਆਂ ਹਨ ਪਰ ਪੂਰਨ ਰੂਪ ‘ਚ ਲਾਗੂ ਨਹੀਂ ਕਰ ਰਹੀ। ਮੰਗਾਂ ਜਿਵੇਂ ਕਿ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦੇ ਖ਼ਰਾਬੇ ਦੇ ਸੰਬੰਧ ‘ਚ 17000 ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਅਤੇ 10 % ਮਜ਼ਦੂਰਾਂ ਨੂੰ ਦੇਣਾ, ਗੰਨੇ ਦਾ ਭਾਅ 365 ਰੁਪਏ ਪ੍ਰਤੀ ਕੁਇੰਟਲ ਦੇਣਾ, ਖੁਦਕਸ਼ੀ ਪੀੜਤ ਪਰਿਵਾਰਾਂ ਦਾ ਸਾਰਾ ਕਰਜ਼ਾ ਖ਼ਤਮ ਕਰਨਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣਾ ਤੇ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਦੇਣਾ, ਢਾਈ ਏਕੜ ਵਾਲੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਦੇ ਟਿਊਬਵੈੱਲ ਕੁਨੈਕਸ਼ਨ ਤੁਰੰਤ ਦੇਣੇ, ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰਨਾ ਅਤੇ ਅੰਦੋਲਨਕਾਰੀ ਕਿਸਾਨਾਂ ’ਤੇ ਪਾਏ ਪਰਚੇ ਰੱਦ ਕਰਨੇ ਆਦਿ ਮੰਨੀਆਂ ਹੋਈਆਂ ਮੰਗਾ ਲਾਗੂ ਨਹੀਂ ਕਰ ਰਹੀ। ਕਿਸਾਨ ਆਗੂਆਂ ਨੇ ਕਿਹਾ ਇਸ ਤੋਂ ਇਲਾਵਾ ਕਿ ਟੋਲ ਪਲਾਜ਼ਾ ਦੇ ਵਧੇ ਹੋਏ ਰੇਟ ਵਾਪਸ ਲੈਣਾ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਬਣਦੀਆਂ ਬਕਾਇਆ ਤਨਖ਼ਾਹਾਂ ਦੇ ਕੇ ਬਹਾਲ ਕਰਨਾ, ਘਰ-ਘਰ ਰੁਜ਼ਗਾਰ ਦੇਣਾ, ਨਸ਼ਾ ਮਾਫੀਆ ਸਮੇਤ ਸਭ ਤਰ੍ਹਾਂ ਦੇ ਮਾਫੀਆ ’ਤੇ ਨਕੇਲ ਪਾਉਣੀ, ਜਨਤਕ ਅਦਾਰੇ ਵੇਚਣੇ ਬੰਦ ਕਰਨੇ ਮੁੱਖ ਮੰਗਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਲੋਕ ਮਾਰੂ ਨੀਤੀਆਂ ਲੋਕਾਂ ’ਤੇ ਲਾਗੂ ਕੀਤੀਆਂ ਜਾ ਰਹੀਆਂ ਹਨ। ਚੋਣਾਂ ਦਾ ਸਮਾਂ ਨਜ਼ਦੀਕ ਆਉਂਦਾ ਵੇਖ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੇਤਾ ਆਮ ਲੋਕਾਂ ਨੂੰ ਵੋਟਾਂ ਲਈ ਭਰਮਾਂ ਰਹੀਆਂ ਹਨ। ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਸਮੇਂ ਰਾਮਸ਼ਰਨ ਸਿੰਘ ਉਗਰਾਹਾਂ, ਲੀਲਾ ਸਿੰਘ ਚੋਟੀਆਂ, ਰਿੰਕੂ ਮੂਨਕ, ਹਰਪਾਲ ਸਿੰਘ ਧੂਰੀ, ਅਜੈਬ ਸਿੰਘ ਜਖੇਪਲ, ਰੋਸ਼ਨ ਮੂਨਕ, ਹਰਬੰਸ ਸਿੰਘ ਲੱਡਾ, ਚਰਨਜੀਤ ਸਿੰਘ, ਗੁਰਮੇਲ ਸਿੰਘ, ਕਿਰਪਾਲ ਸਿੰਘ ਧੂਰੀ, ਬਲਵੀਰ ਸਿੰਘ ਕੋਹਰੀਆ, ਦਰਸ਼ਨ ਸਿੰਘ ਹੱਥੋਆ, ਮਨਜੀਤ ਸਿੰਘ ਘਰਾਚੋਂ, ਰਣਜੀਤ ਸਿੰਘ ਲੌਂਗੋਵਾਲ ਅਤੇ ਗੋਬਿੰਦਰ ਸਿੰਘ ਮੰਗਵਾਲ ਆਦਿ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here