ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਜਿਲ੍ਹਾ ਸਿੱਖਿਆ ਦਫ਼ਤਰ ਅੱਗੇ ਰੋਸ ਮੁਜ਼ਾਹਰਾ

0
138
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵੱਲੋਂ ਜਿਲ੍ਹਾ ਸਿੱਖਿਆ ਦਫ਼ਤਰ ਅੱਗੇ ਰੋਸ ਮੁਜ਼ਾਹਰਾ
ਬੀਪੀਈਓ ਜਖਵਾਲੀ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕਾਰਵਾਈ ਨਾ ਹੋਣ ਕਾਰਨ ਵਧਿਆ ਰੋਸ
ਦੋਸ਼ੀ ਅਧਿਕਾਰੀ ਨੂੰ ਅਧਿਆਪਕਾਂ ‘ਤੇ ਦਬਾਅ ਪਾਉਣ ਦੀ ਖੁੱਲ ਦੇਣਾ ਸਖ਼ਤ ਇਤਰਾਜ਼ਯੋਗ: ਡੀਟੀਐੱਫ
ਫਤਹਿਗੜ੍ਹ ਸਾਹਿਬ,
ਸਰਕਾਰੀ ਸਕੂਲਾਂ ਨੂੰ ਆਉਂਦੀਆਂ ਗਰਾਂਟਾਂ ਵੰਡਣ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਕਰਨ, ਅਧਿਆਪਕਾਂ ‘ਤੇ ਗੈਰ ਵਾਜਬ ਦਬਾਅ ਪਾਉਣ ਅਤੇ ਜਾਇਜ਼ ਕੰਮ ਰੋਕਣ ਦੇ ਮਾਮਲੇ ਸੰਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਜਖਵਾਲੀ) ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਫਤਹਿਗੜ੍ਹ ਸਾਹਿਬ ਦੀ ਅਗਵਾਈ ਵਿੱਚ ਵੱਡੀ ਗਿਣਤੀ ਅਧਿਆਪਕਾਂ ਨੇ ਜਿਲ੍ਹਾ ਪੱਧਰੀ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ/ਸੈਕੰਡਰੀ) ਦੇ ਦਫ਼ਤਰ ਅੱਗੇ ਤਿੱਖੇ ਰੋਹ ਦਾ ਮੁਜਾਹਰਾ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਵਿਖਾਈ ਅਣਦੇਖੀ ‘ਤੇ ਤਿੱਖੇ ਸਵਾਲ ਵੀ ਉਠਾਏ ਗਏ। ਜਿਸ ਦੌਰਾਨ ਜਿਸ ਦੌਰਾਨ ਜਿਲ੍ਹਾ ਸਿੱਖਿਆ ਅਫਸਰ (ਸੈ) ਮੰਜੂ ਭਾਰਦਵਾਜ ਵੱਲੋਂ ਧਰਨੇ ਵਿੱਚ ਆ ਕੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਲਿਆ ਗਿਆ, ਉਨ੍ਹਾਂ ਵੱਲੋਂ ਸਬੰਧਤ ਅਧਿਕਾਰੀ ਖ਼ਿਲਾਫ਼ ਜਲਦ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਜਿਲ੍ਹਾ ਸਕੱਤਰ ਜੋਸ਼ੀਲ ਤਿਵਾੜੀ, ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਧਨੋਆ ਨੇ ਸਬੰਧੋਨ ਕਰਦਿਆਂ ਦੱਸਿਆ ਕਿ ਬੀਪੀਈਓ (ਬਲਾਕ ਜਖਵਾਲੀ) ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਅਧਿਆਪਕਾਂ ਤੋਂ ਸਕੂਲਾਂ ਲਈ ਆਉਂਦੀਆਂ ਸਰਕਾਰੀ ਗ੍ਰਾਟਾਂ ਵਿੱਚੋਂ ਸੀਮਿੰਟ, ਸਰੀਆ, ਇੱਟਾਂ, ਰੇਤਾ ਅਤੇ ਬਜ਼ਰੀ ਆਦਿ ਸਮਾਨ ਲੈਣ, ਤਨਖਾਹਾਂ ਦੇ ਬਕਾਏ ਕਢਵਾਉਣ ਬਦਲੇ ਏ.ਸੀ., ਇਨਵਰਟਰ, ਪੈਸੇ ਅਤੇ ਹੋਰ ਸਮਾਨ ਲੈਂਦਿਆਂ ਭ੍ਰਿਸ਼ਟਾਚਾਰ ਕਰਨ ਅਤੇ ਇਸ ਗੋਰਖ ਧੰਦੇ ਦਾ ਹਿੱਸਾ ਨਾ ਬਨਣ ਵਾਲੇ ਅਧਿਆਪਕਾਂ ਨੂੰ ਚੈਕਿੰਗ ਤੇ ਸਲਾਨਾ ਗੁਪਤ ਰਿਪੋਰਟਾਂ ਖਰਾਬ ਕਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਬਲਾਕ ਦੇ ਅਧਿਆਪਕਾਂ ਵੱਲੋਂ ਬੀਤੀ 12 ਨਵੰਬਰ ਨੂੰ ਜਿਲ੍ਹਾ ਸਿੱਖਿਆ ਅਫ਼ਸਰ (ਸੈ:/ਐ:) ਅੱਗੇ ਲਿਖਤੀ ਸ਼ਿਕਾਇਤ ਰਾਹੀਂ ਉਜਾਗਰ ਕੀਤਾ ਗਿਆ ਸੀ। ਇਨ੍ਹਾਂ ਦੋਸ਼ਾਂ ਨੂੰ ਸਿੱਧ ਕਰਦੀ ਦਫ਼ਤਰ ਦੇ ਹੀ ਇੱਕ ਕਰਮਚਾਰੀ ਅਤੇ ਬੀ.ਪੀ.ਈ.ਓ. ਦੀ ਕਾਲ ਰਿਕਾਰਡਿਗ ਵੀ ਸੌਂਪੀ ਗਈ ਸੀ।‌ਜਥੇਬੰਦੀ ਵੱਲੋਂ ਇਸ ਸੰਬੰਧੀ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਪੰਜਾਬ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਲਿਖਤੀ ਸੂਚਿਤ ਕੀਤਾ ਗਿਆ। ਪ੍ਰੰਤੂ ਮੁੱਢਲੀ ਸ਼ਿਕਾਇਤ ਨੂੰ ਕਰੀਬ ਇੱਕ ਮਹੀਨਾ ਲੰਘਣ ਦੇ ਬਾਵਜੂਦ ਸਕੂਲ ਸਿੱਖਿਆ ਵਿਭਾਗ ਵੱਲੋਂ ਕੋਈ ਠੋਸ ਕਰਵਾਈ ਨਹੀਂ ਕੀਤੀ ਗਈ, ਜਿਸ ਪਿੱਛੇ ਇਸ ਮਾਮਲੇ ਵਿੱਚ ਕੁੱਝ ਅਧਿਕਾਰੀਆਂ ਵੱਲੋਂ ਬਣਾਇਆ ਨਾਪਾਕ ਗਠਜੋੜ ਨਜ਼ਰ ਆ ਰਿਹਾ ਹੈ, ਜਿਸ ਦਾ ਜਥੇਬੰਦੀ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਡੀ.ਟੀ.ਐੱਫ. ਦੇ ਜਿਲ੍ਹਾ ਮੀਤ ਪ੍ਰਧਾਨਾਂ ਜਤਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਮਲੌਦ, ਵਿੱਤ ਸਕੱਤਰ ਸੁਖਜਿਦਰ ਸਿੰਘ ਨੇ ਹੈਰਾਨੀ ਜ਼ਾਹਿਰ ਕੀਤੀ ਕੇ ਇਹਨਾਂ ਦੋਸ਼ਾਂ ਦੇ ਅਤਿ ਗੰਭੀਰ ਹੋਣ ਅਤੇ ਦੋਸ਼ੀ ਅਧਿਕਾਰੀ ਦਾ ਕਾਰਵਿਹਾਰ ਸਿੱਖਿਆ-ਵਿਦਿਆਰਥੀ-ਅਧਿਆਪਕ ਵਿਰੋਧੀ ਹੋਣ ਦੇ ਬਾਵਜੂਦ, ਹਾਲੇ ਤੱਕ ਸਿੱਖਿਆ ਵਿਭਾਗ ਵੱਲੋਂ ਬੀ.ਪੀ.ਈ.ਓ. ਨੂੰ ਫੌਰੀ ਜਖਵਾਲੀ ਬਲਾਕ ਵਿੱਚੋਂ ਤਬਦੀਲ ਕਰਕੇ ਅਧਿਆਪਕਾਂ ਦੀ ਸ਼ਿਕਾਇਤ ਦੇ ਅਧਾਰ ‘ਤੇ ਕੋਈ ਸਖਤ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ। ਸਗੋਂ ਸਬੰਧਿਤ ਅਧਿਕਾਰੀ ਨੂੰ ਭ੍ਰਿਸ਼ਟਾਚਾਰ ਵਿਰੁੱਧ ਅਵਾਜ਼ ਉਠਾਉਣ ਵਾਲੇ ਅਧਿਆਪਕਾਂ ‘ਤੇ ਦਬਾਅ ਪਾਉਣ ਲਈ ਖੁੱਲ ਦਿੱਤੀ ਹੋਈ ਹੈ। ਜਥੇਬੰਦੀ ਨੇ ਦੋਸ਼ੀ ਅਧਿਕਾਰੀ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ, ਸੰਘਰਸ਼ ਹੋਰ ਤੇਜ ਕਰਨ ਦੀ ਸਖ਼ਤ ਚੇਤਾਵਨੀ ਵੀ ਦਿੱਤੀ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਹਰਿੰਦਰਜੀਤ ਸਿੰਘ ਸੂਬਾ ਕਮੇਟੀ ਮੈਂਬਰ, ਅੰਮ੍ਰਿਤਪਾਲ ਸਿੰਘ ਪ੍ਰੈੱਸ ਸਕੱਤਰ, ਕੁਲਦੀਪ ਕੌਰ ਸੰਯੁਕਤ ਸਕੱਤਰ, ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਪੂਨੀਆ, ਟੈਕਨੀਕਲ ਐਂਡ ਮਕੈਨੀਕਲ ਮੁਲਾਜ਼ਮ ਯੂਨੀਅਨ ਦੇ ਮਲਾਗਰ ਸਿੰਘ, ਧਰਮਿੰਦਰ ਸਿੰਘ, ਚਰਨ ਸਿੰਘ, ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਨਵਤੇਜ ਸਿੰਘ ਤੋਂ ਇਲਾਵਾ ਰਵਿੰਦਰ ਸਿੰਘ , ਸ਼ਮਸ਼ੇਰ ਸਿੰਘ ਮਨਜੀਤ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਰਹੇ।

LEAVE A REPLY

Please enter your comment!
Please enter your name here