ਮਾਮਲਾ- ਤਬਾਦਲੇ ਦੇ ਬਾਵਜੂਦ ਨਾਇਬ ਤਹਿਸੀਲਦਾਰ ਵੱਲੋਂ ਬਿਨਾ ਐਨ.ਓ.ਸੀ. ਰਜਿਸਟਰੀਆਂ ਕਰਨ ਦਾ
ਤਰਨਤਾਰਨ, 25 ਅਪ੍ਰੈਲ – ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਾਵੇਂ ਸਾਫ-ਸੁਥਰਾ ਪ੍ਰਸ਼ਾਸਨ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਨਮਾਨੀ ਦੇ ਚੱਲਦੇ ਸਥਾਨਕ ਤਹਿਸੀਲ ਵਿੱਚ ਨਾਇਬ ਤਹਿਸੀਲਦਾਰ ਵੱਲੋਂ ਤਬਾਦਲੇ ਦੇ ਬਾਵਜੂਦ ਬਿਨਾ ਐਨ.ਓ.ਸੀ. ਦੇ 100 ਦੇ ਕਰੀਬ ਰਜਿਸਟਰੀਆਂ ਕੀਤੀਆ ਗਈਆ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਝਾਮਕਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਝਾਮਕਾ ਦਾ ਦਾਅਵਾ ਹੈ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭਗਤ ਨਾਲ ਜੋ ਰਜਿਸਟਰੀਆ ਹੋਈਆ ਹਨ, ਉਨ੍ਹਾਂ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਸਟੈਂਪ ਡਿਊਟੀ ਵਿੱਚ ਵੱਡਾ ਘੋਟਾਲਾ ਉਜਾਗਰ ਹੋ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ 3 ਅਪ੍ਰੈਲ ਨੂੰ ਪੱਤਰ ਜਾਰੀ ਕਰਕੇ ਤਰਨਤਾਰਨ ਤਹਿਸੀਲ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਕਰਨਪਾਲ ਸਿੰਘ ਦਾ ਫਿਰੋਜਪੁਰ ਜ਼ਿਲ੍ਹੇ ਵਿੱਚ ਤਬਾਦਲਾ ਕਰ ਦਿੱਤਾ ਗਿਆ, ਪਰ ਸਰਕਾਰੀ ਹੁੱਕਮਾਂ ਦੇ ਬਾਵਜੂਦ ਨਾਇਬ ਤਹਿਸੀਲਦਾਰ ਵੱਲੋਂ ਇਥੇ ਦਾ ਚਾਰਜ ਨਹੀਂ ਛੱਡਿਆ ਗਿਆ। ਹਾਲਾਂਕਿ ਨਿਯਮਾਂ ਮੁਤਾਬਿਕ ਨਾਇਬ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਨਹੀਂ ਕੀਤੀਆ ਜਾ ਸਕਦੀ, ਪਰ ਨਾਇਬ ਤਹਿਸੀਲਦਾਰ ਵੱਲੋਂ ਮਾਲ ਵਿਭਾਗ ਦੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲਗਾਤਾਰ 10 ਦਿਨ ਇਥੋਂ ਦਾ ਚਾਰਜ ਨਹੀਂ ਛੱਡਿਆ ਗਿਆ। ਗੁਰਜੀਤ ਸਿੰਘ ਝਾਮਕਾ ਨਾਇਬ ਤਹਿਸੀਲਦਾਰ ਵੱਲੋਂ ਅਸਰ ਰਸੂਖ ਵਾਲੇ ਲੋਕਾਂ ਨੂੰ ਖੁਸ਼ ਕਰਨ ਲਈ ਮਾਲ ਵਿਭਾਗ ਨੂੰ ਸਟੈਂਪ ਡਿਊਟੀ ਦੇ ਜਰੀਏ ਵੱਡੇ ਪੱਧਰ ਤੇ ਚੂਨਾ ਲਗਾਉਂਦੇ ਹੋਏ ਬਿਨਾ ਐਨ.ਓ.ਸੀ. 100 ਦੇ ਕਰੀਬ ਰਜਿਸਟਰੀਆਂ ਕਰ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਝਾਮਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਦੋਸ਼ ਲਗਾਇਆ ਹੈ ਕਿ ਸਟੈਂਪ ਡਿਊਟੀ ਵਿੱਚ ਜਿਥੇ ਵੱਡਾ ਘੁਟਾਲਾ ਹੋਇਆ ਹੈ, ਉਥੇ ਹੀ ਨਾਇਬ ਤਹਿਸੀਲਦਾਰ ਵੱਲੋਂ ਤਬਾਦਲੇ ਦੇ ਬਾਵਜੂਦ ਲਗਾਤਾਰ 10 ਦਿਨ ਤੱਕ ਮਨਮਾਨੀ ਕਰਦੇ ਬਿਨਾ ਐਨ.ਓ.ਸੀ. ਦੇ ਰਜਿਸਟਰੀਆਂ ਕੀਤੀਆ ਗਈਆ। ਦੱਸ ਦਈਏ ਕਿ ਤਰਨਤਾਰਨ ਏਰੀਏ ਵਿੱਚ ਕੁਝ ਵਿਵਾਦਗ੍ਰਸਿਤ ਕਾਲੋਨੀਆਂ ਦੀ ਰਜਿਸਟਰੀਆਂ ਵੀ ਹੋਈਆ ਹਨ, ਜਿਸ ਦੇ ਚੱਲਦੇ ਨਾਇਬ ਤਹਿਸੀਲਦਾਰ ਵੱਲੋਂ ਸਰਕਾਰੀ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾ ਐਨ.ਓ.ਸੀ. ਦਿੱਤੇ ਰਜਿਸਟਰੀਆ ਕੀਤੀਆ ਗਈਆ। 3 ਅਪ੍ਰੈਲ ਤੋਂ 13 ਅਪ੍ਰੈਲ 2023 ਤਕ (ਲਗਾਤਾਰ 10 ਦਿਨ) ਕੀਤੀਆ ਗਈਆ ਰਜਿਸਟਰੀਆਂ ਦੇ ਮਾਮਲੇ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਚੁੱਪੀ ਸਾਧੀ ਹੋਈਆ ਹੈ।
ਬਾਕਸ- ਧਾਰਮਿਕ ਸੰਪਰਦਾਏ ਨਾਲ ਸੰਬੰਧਿਤ ਜਮੀਨਾਂ ਦੇ ਚੱਲ ਰਹੇ ਵਿਵਾਦ ਦੇ ਬਾਵਜੂਦ ਕੱਟੀਆ ਗਈਆ ਕਲੋਨੀਆਂ ਨਾਲ ਸੰਬੰਧਿਤ ਕੁਝ ਰਜਿਸਟਰੀਆਂ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਇਸ ਮਸਲੇ ਵਿੱਚ ਮਾਲ ਵਿਭਾਗ ਵੱਲੋਂ ਆਪਣੇ ਪੱਧਰ ਤੇ ਜਾਂਚ ਕਰਵਾਈ ਜਾ ਰਹੀ ਹੈ। ਪਰ ਨਾਇਬ ਤਹਿਸੀਲਦਾਰ ਦੀ ਪਿੱਠ ਤੇ ਆਖਿਰ ਕਿਹੜਾ ਸਿਆਸੀ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਹੈ, ਇਸ ਸਬੰਧੀ ਹਾਲੇ ਕੁਝ ਸਾਫ ਨਹੀਂ ਹੋਇਆ। ਉਧਰ, ਫਿਰੋਜਪੁਰ ਜ਼ਿਲ੍ਹੇ ਵਿੱਚ ਬਦਲੇ ਗਏ ਨਾਇਬ ਤਹਿਸੀਲਦਾਰ ਕਰਨਪਾਲ ਸਿੰਘ ਨੇ ਦਾਅਵਾ ਕੀਤਾ ਕਿ ਮੈਂ ਨਿਯਮਾਂ ਦੇ ਮੁਤਾਬਿਕ ਹੀ ਰਜਿਸਟਰੀਆਂ ਕੀਤੀਆ ਹਨ। ਤਬਾਦਲਾ ਹੋਣਾ ਕੋਈ ਵੱਡੀ ਗੱਲ ਨਹੀਂ। ਜਿੰਨ੍ਹੀ ਦੇਰ ਤੱਕ ਅਧਿਕਾਰੀ ਰਿਲੀਵ ਨਹੀਂ ਹੁੰਦੇ, ਉਦੋ ਤੱਕ ਆਪਣੇ ਅਹੁੱਦੇ ਤੇ ਕੰਮ ਕਰ ਸਕਦੇ ਹਨ।