ਮਾਸਟਰ ਅਵਤਾਰ ਸਿੰਘ ਬਣੇ ਜਥੇਬੰਧਕ ਮੁਖੀ
ਆਮ ਜਨਤਾ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਸਮੇਂ ਦੀ ਲੋੜ-ਤਰਕਸੀਲ ਸੁਸਾਇਟੀ
ਚੋਹਲਾ ਸਾਹਿਬ/ਤਰਨਤਾਰਨ,27 ਮਾਰਚ (ਨਈਅਰ)
ਵਹਿਮਾਂ-ਭਰਮਾਂ ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸੰਘਰਸ਼ਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਚੋਹਲਾ ਸਾਹਿਬ ਦੀ ਸੋਮਵਾਰ ਨੂੰ ਵਿਸ਼ੇਸ਼ ਮੀਟਿੰਗ ਇੱਥੇ ਮਾਸਟਰ ਅਵਤਾਰ ਸਿੰਘ ਚੋਹਲਾ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿਚ ਪਿਛਲੇ ਦੋ ਸਾਲਾਂ ਦੀਆਂ ਸਰਗਰਮੀਆਂ ‘ਤੇ ਵਿਚਾਰ ਚਰਚਾ ਹੋਈ ਅਤੇ ਭਵਿੱਖ ਵਿੱਚ ਹੋਣ ਵਾਲੇ ਕੰਮਾਂ ਦੀ ਰਣਨੀਤੀ ਬਣਾਈ ਗਈ।ਅਗਲੇ ਦੋ ਸਾਲਾਂ 2023-25 ਲਈ ਨਵੀਂ ਕਮੇਟੀ ਦੀ ਚੋਣ ਕਰਵਾਉਣ ਲਈ ਜੋਨ ਮੁੱਖੀ ਰਜਵੰਤ ਬਾਗੜੀਆਂ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ।ਇਸ ਮੀਟਿੰਗ ਦੌਰਾਨ ਪਹਿਲੀ ਕਮੇਟੀ ਭੰਗ ਕਰਨ ਉਪਰੰਤ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਨਵੀਂ ਕਮੇਟੀ ਗਠਿੱਤ ਕੀਤੀ ਗਈ।ਨਵੀਂ ਬਣੀ ਕਮੇਟੀ ਵਿੱਚ ਮਾਸਟਰ ਅਵਤਾਰ ਸਿੰਘ ਚੋਹਲਾ ਜਥੇਬੰਦਕ ਮੁਖੀ,ਸੁਖਵਿੰਦਰ ਸਿੰਘ ਖਾਰਾ ਵਿੱਤ ਤੇ ਮੈਗਜ਼ੀਨ ਵਿਭਾਗ ਮੁਖੀ,ਮਾਸਟਰ ਕਸ਼ਮੀਰ ਸਿੰਘ ਚੋਹਲਾ ਮੀਡੀਆ ਮੁਖੀ,ਮਾਸਟਰ ਦਲਬੀਰ ਸਿੰਘ ਚੰਬਾ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਦੇ ਮੁਖੀ ਅਤੇ ਬਲਬੀਰ ਸਿੰਘ ਚੋਹਲਾ ਦੀ ਸਭਿਆਚਾਰ ਵਿਭਾਗ ਮੁਖੀ ਵਜੋਂ ਚੋਣ ਕੀਤੀ ਗਈ।ਇਸ ਮੌਕੇ ਪ੍ਰਿੰਸੀਪਲ ਮਦਨ ਪਠਾਣੀਆਂ,ਕਾਮਰੇਡ ਬਲਵਿੰਦਰ ਸਿੰਘ ਬਿੱਲਿਆਂ ਵਾਲਾ,ਕਾਮਰੇਡ ਬਾਜ਼ ਸਿੰਘ ਗੰਡੀਵਿੰਡ,ਮਾਸਟਰ ਗੁਰਨਾਮ ਸਿੰਘ ਧੁੰਨ,ਹਰਭਜਨ ਸਿੰਘ, ਜਗਜੀਤ ਸਿੰਘ,ਸੁਖਚੈਨ ਸਿੰਘ ਖਾਰਾ,ਦਿਲਬਾਗ ਸਿੰਘ,ਨਿਸ਼ਾਨ ਸਿੰਘ,ਕਾਰਜ ਸਿੰਘ ਬ੍ਰਹਮਪੁਰਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਇਸ ਮੌਕੇ ਇਕਾਈ ਦੇ ਨਵੇਂ ਚੁਣੇ ਜਥੇਬੰਧਕ ਮੁਖੀ ਮਾਸਟਰ ਅਵਤਾਰ ਸਿੰਘ ਨੇ ਦੱਸਿਆ ਕਿ ਜੋਨ ਦੇ 16 ਅਪਰੈਲ ਨੂੰ ਅੰਮ੍ਰਿਤਸਰ ਅਤੇ ਸਟੇਟ ਦੇ 30 ਅਪਰੈਲ ਨੂੰ ਬਰਨਾਲੇ ਹੋਣ ਵਾਲੇ ਚੋਣ ਇਜਲਾਸ ਵਿਚ ਇਕਾਈ ਚੋਹਲਾ ਦੇ ਡੈਲੀਗੇਟ ਭਾਗ ਲੈਣਗੇ।ਇਸ ਮੌਕੇ ਤਰਕਸ਼ੀਲਾਂ ਵਲੋਂ ਇਲਾਕੇ ਭਰ ਦੇ ਪਾਖੰਡੀ ਸਾਧਾਂ,ਤਾਂਤਰਿਕਾਂ,ਜੋਤਸ਼ੀਆਂ ਨੂੰ ਚਿਤਵਾਨੀ ਭਰੇ ਲਹਿਜੇ ਵਿਚ ਕਿਹਾ ਗਿਆ ਕਿ ਜਾਂ ਤਾਂ ਤਰਕਸ਼ੀਲ ਸੁਸਾਇਟੀ ਵਲੋਂ ਰੱਖੀਆਂ ਸ਼ਰਤਾਂ ਵਿਚੋਂ ਕੋਈ ਵੀ ਇਕ ਸ਼ਰਤ ਪੂਰੀ ਕਰਕੇ ਪੰਜ ਲੱਖ ਦਾ ਨਕਦ ਇਨਾਮ ਜਿੱਤਣ ਜਾਂ ਲੁੱਟ ਦੀਆਂ ਦੁਕਾਨਾਂ ਬੰਦ ਕਰਨ।ਉਨਾਂ ਵਲੋਂ ਆਮ ਜਨਤਾ ਨੂੰ ਹਰ ਗੱਲ ਨੂੰ ਤਰਕ ਦੀ ਕਸੌਟੀ ‘ਤੇ ਪਰਖਣ ਤੋਂ ਬਾਅਦ ਹੀ ਮੰਨਣ ਦੀ ਅਪੀਲ ਕੀਤੀ ਗਈ।