ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,11 ਫਰਵਰੀ 2023
ਤਰਕਸ਼ੀਲ ਸੁਸਾਇਟੀ (ਰਜਿ) ਪੰਜਾਬ ਦੀ ਇਕਾਈ ਚੋਹਲਾ ਸਾਹਿਬ ਦੀ ਮੀਟਿੰਗ ਮਾਸਟਰ ਅਵਤਾਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਗਰਮ ਮੈਂਬਰਾਂ ਵੱਲੋਂ ਭਾਗ ਲਿਆ ਗਿਆ।ਇਸ ਮੀਟਿੰਗ ਵਿੱਚ ਮਤਾ ਪਾਸ ਕਰਕੇ ਕਿਹਾ ਗਿਆ ਕਿ ਪੰਜਾਬ ਦੀ ‘ਆਪ’ ਸਰਕਾਰ,ਜਿਹੜੀ ਕਿ ਖੁਦ ਧਰਨਿਆਂ ਮੁਜ਼ਾਰਿਆਂ ਦੀ ਪੈਦਾਇਸ਼ ਹੈ।ਇਹ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਪਿਛਾਂਹ ਹਟਦੀ ਦਿਖਾਈ ਦੇ ਰਹੀ ਹੈ।ਇਸ ਸਰਕਾਰ ਨੂੰ ਲੋਕਾਂ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਲਗਾਏ ਜਾਂਦੇ ਧਰਨੇ ਚੁੱਭਣ ਲੱਗ ਪਏ ਹਨ।ਇਹ ਸਰਕਾਰ ਆਪਣੀਆਂ ਨਾਕਾਮੀਆਂਂ ਛੁਪਾਉਣ ਲਈ ਤੇ ਲੋਕਾਂ ਵਿੱਚ ਭੈਅ ਪੈਦਾ ਕਰਨ ਲਈ ਲੋਕਾਂ ਦੇ ਹੱਕ ਵਿਚ ਨਿੱਤਰਨ ਵਾਲੇ ਕਾਰਕੂਨਾਂ ਖਿਲਾਫ ਬਿਨ੍ਹਾਂ ਵਜ੍ਹਾ ਹੀ ਧਾਰਾ 295 ਦੀ ਦੁਰਵਰਤੋਂ ਕਰਕੇ ਕੇਸ ਦਰਜ ਕਰ ਰਹੀ ਹੈ।ਸੁਸਾਇਟੀ ਦੇ ਸਰਗਰਮ ਆਗੂ ਸੁਰਜੀਤ ਦੌਧਰ ਖ਼ਿਲਾਫ਼ ਵੀ ਉਸਦੀ ਅਵਾਜ ਦਬਾਉਣ ਖ਼ਾਤਰ ਮੁਕੱਦਮੇ ਦਾ ਸਹਾਰਾ ਲਿਆ ਗਿਆ ਹੈ,ਜੋ ਕਿ ਲੋਕਤੰਤਰ ਵਿਚ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦੇ ਬਿਲਕੁਲ ਉਲਟ ਹੈ। ਸੁਸਾਇਟੀ ਦੀ ਇਸ ਮੀਟਿੰਗ ਵਿੱਚ ਅਜਿਹੇ ਸਾਰੇ ਕੇਸ ਜੋ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਦਰਜ ਕੀਤੇ ਗਏ ਹਨ,ਉਹ ਰੱਦ ਕਰਨ ਦੀ ਮੰਗ ਕੀਤੀ।ਇਸ ਮੀਟਿੰਗ ਦੌਰਾਨ ਸੁਸਾਇਟੀ ਦੇ ਸਰਗਰਮ ਮੈਂਬਰ ਤੇ ਚੋਹਲਾ ਸਾਹਿਬ ਦੇ ਸੀਨੀਅਰ ਆਗੂ ਸਤਨਾਮ ਸਿੰਘ ਸੱਤਾ ਮੈਂਬਰ ਬਲਾਕ ਸੰਮਤੀ ਦੀ ਮਾਤਾ ਦੇ ਪਿਛਲੇ ਦਿਨੀਂ ਹੋਏ ਦੇਹਾਂਤ ‘ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਸ਼ੋਕ ਮਤੇ ਰਾਹੀਂ ਮਾਤਾ ਸਵਿੰਦਰ ਕੌਰ ਦੇ ਅਚਾਨਕ ਵਿਛੋੜੇ ‘ਤੇ ਪਰਿਵਾਰ ਨਾਲ ਅਫਸੋਸ ਦਾ ਇਜ਼ਹਾਰ ਕੀਤਾ ਗਿਆ।ਇੱਕ ਹੋਰ ਮਤੇ ਰਾਹੀਂ ਸੁਸਾਇਟੀ ਦੇ ਮੁੱਢਲੇ ਮੈਂਬਰ ਕ੍ਰਿਸ਼ਨ ਬਰਗਾੜੀ ਦੀ ਸਲਾਨਾ ਬਰਸੀ ਦੇ ਸੰਬੰਧ ਵਿੱਚ ਬਰਨਾਲਾ ਵਿਖੇ ਕੀਤੇ ਜਾ ਰਹੇ ਸੂਬਾਈ ਸਮਾਗਮ ਵਿਚ ਇਕਾਈ ਵੱਲੋਂ ਭਾਗ ਲੈਣ ਦਾ ਫੈਸਲਾ ਲਿਆ ਗਿਆ।ਕ੍ਰਿਸ਼ਨ ਬਰਗਾੜੀ ਵਲੋਂ ਪੰਜਾਬ ਵਿੱਚ ਸਭ ਤੋਂ ਪਹਿਲਾਂ ਆਪਣੀ ਮੌਤ ਉਪਰੰਤ ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਨ ਦਾ ਫੈਸਲਾ ਲੈ ਕੇ ਇੱਕ ਨਿਵੇਕਲੀ ਪਹਿਲ ਕਦਮੀ ਕੀਤੀ ਗਈ ਸੀ।ਜਿਸ ਉਪਰੰਤ ਹੁਣ ਤੱਕ ਅਨੇਕਾਂ ਲੋਕਾਂ ਵੱਲੋਂ ਅਜਿਹਾ ਫੈਸਲਾ ਕਰਕੇ ਮੈਡੀਕਲ ਦੇ ਵਿਦਿਆਰਥੀਆਂ ਲਈ ਆਪਣੇ ਸਰੀਰ ਦਿੱਤੇ ਜਾ ਚੁੱਕੇ ਹਨ।ਇਸ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਖਾਰਾ,ਮਾਸਟਰ ਦਲਬੀਰ ਸਿੰਘ ਚੰਬਾ,ਮਾਸਟਰ ਗੁਰਨਾਮ ਸਿੰਘ ਧੁੰਨ,ਹਰਭਜਨ ਸਿੰਘ,ਬਲਬੀਰ ਸਿੰਘ,ਪ੍ਰਿੰਸੀਪਲ ਕਸ਼ਮੀਰ ਸਿੰਘ ਤੇ ਮਦਨ ਪਠਾਣੀਆ ਸਮੇਤ ਹੋਰ ਆਗੂ ਤੇ ਵਰਕਰ ਸਾਮਿਲ ਹੋਏ।