ਸਾਨੂੰ ਗੁਰੂ ਸਾਹਿਬਾਨ ਦੇ ਦੱਸੇ ਮਾਰਗ ‘ਤੇ ਚੱਲ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸੰਕਲਪ ਲੈਣਾ ਚਾਹੀਦਾ : ਤਰਨਜੀਤ ਸਿੰਘ ਸੰਧੂ
ਅੰਮ੍ਰਿਤਸਰ 27 ਮਾਰਚ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦਵਾਰਾ ਸ਼੍ਰੀ ਨਾਨਕਸਰ ਵੇਰਕਾ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਸਰਦਾਰ ਗੁਰਪਾਲ ਸਿੰਘ ਅਤੇ ਗੁਰਦਵਾਰਾ ਸਾਹਿਬ ਕਮੇਟੀ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਨੇ ਸਿਰੋਪਾਉ ਨਾਲ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਗੁਰੂ ਦੇ ਦਰ ‘ਤੇ ਨਤਮਸਤਕ ਹੋ ਕੇ ਉਹਨਾਂ ਦੀ ਰੂਹ ਨੂੰ ਬਹੁਤ ਸਕੂਨ ਮਿਲਿਆ ਹੈ। ਉਹਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਤੇ ਚੱਲ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਸੰਕਲਪ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕੇ ਅੰਮ੍ਰਿਤਸਰ ਸਿਫ਼ਤੀਂ ਦਾ ਘਰ ਹੈ। ਇਸ ਨੂੰ ਅਤੇ ਇਸ ਦੇ ਆਲ਼ੇ ਦੁਆਲੇ ਨੂੰ ਸਾਫ਼ ਸੁਥਰਾ ਅਤੇ ਸੁੰਦਰ ਬਣਾਉਣ ਲਈ ਉਚੇਚੇ ਯਤਨਾਂ ਦੀ ਜ਼ਰੂਰਤ ਹੈ। ਜੇਕਰ ਇੰਦੌਰ ਵਰਗਾ ਸ਼ਹਿਰ ਪਿਛਲੇ 6 ਸਾਲਾਂ ਵਿਚ ਹਿੰਦੁਸਤਾਨ ਦਾ ਸਭ ਤੋਂ ਸਾਫ਼ ਅਤੇ ਸੁੰਦਰ ਸ਼ਹਿਰ ਬਣ ਸਕਦਾ ਹੈ ਤਾਂ ਸਾਨੂੰ ਅੰਮ੍ਰਿਤਸਰ ਗੁਰੂ ਕੀ ਨਗਰੀ ਨੂੰ ਸੁੰਦਰ ਬਣਾਉਣ ਬਾਰੇ ਗੰਭੀਰਤਾ ਨਾਲ ਲੈਣਾ ਹੋਵੇਗਾ। ਉਹਨਾਂ ਕਿਹਾ ਕਿ ਵਿਕਾਸ ਯੋਜਨਾਵਾਂ ਲਈ ਕੇਂਦਰ ਤੋਂ ਸਪੈਸ਼ਲ ਪੈਕੇਜ ਲਿਆਵਾਂਗੇ। ਸਰਦਾਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਭਾਰਤ ਦੀ ਸੇਵਾ ਅਤੇ ਸਿੱਖੀ ਦੀ ਦਸਤਾਰ ਨੂੰ ਦੇਸ਼ ਵਿਦੇਸ਼ ਵਿਚ ਸਨਮਾਨ ਦਿਵਾਉਣ ਦਾ ਮੌਕਾ ਮਿਲਿਆ। ਸਰਦਾਰ ਤਰਨਜੀਤ ਸਿੰਘ ਸੰਧੂ ਦਾ ਵੇਰਕਾ ਵਿਖੇ ਪਹੁੰਚਣ ‘ਤੇ ਨਗਰ ਨਿਵਾਸੀਆਂ ਅਤੇ ਭਾਜਪਾ ਵਰਕਰਾਂ ਨੇ ਫੁੱਲਾਂ ਦੇ ਹਾਰ ਪਹਿਨਾਉਂਦਿਆਂ ਸ਼ਾਨਦਾਰ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਪਿੰਡ ਵੱਲਾ ਵਿੱਚ ਸਥਿਤ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ। ਸੰਧੂ ਨੇ ਕਿਹਾ ਕਿ ਮੈਨੂੰ ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਿਆਂ ਸ੍ਰੀ ਨਾਨਕਸਰ ਸਾਹਿਬ, ਵੇਰਕਾ ਅਤੇ ਪਿੰਡ ਵੱਲਾਂ ਵਿੱਚ ਸਥਿਤ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਬਚਪਨ ਵਿੱਚ ਆਪਣੀ ਦਾਦੀ, ਮਾਤਾ-ਪਿਤਾ ਅਤੇ ਭਰਾਵਾਂ ਨਾਲ ਅਕਸਰ ਇੱਥੇ ਆਉਂਦਾ ਸੀ ਅਤੇ ਉਹ ਸਾਰੀਆਂ ਯਾਦਾਂ ਅੱਜ ਤਾਜ਼ਾ ਹੋ ਗਈਆਂ ਹਨ।
ਇਸ ਮੌਕੇ ਸਿਮਰਨ ਵੇਰਕਾ ਓਬੀਸੀ ਸਕੱਤਰ ਪੰਜਾਬ, ਕਵਲਜੀਤ ਸਿੰਘ ਸੰਨੀ, ਵਰਿੰਦਰ ਸਿੰਘ ਸਵੀਟੀ, ਬੌਬੀ ਵੇਰਕਾ, ਰਣਜੀਤ ਸਿੰਘ ਗੋਲਡੀ, ਗੁਰਕੰਵਲ ਮਾਨ, ਹਰਵਿੰਦਰ ਸਿੰਘ ਰਾਜੂ, ਸੁਖਦੇਵ ਸਿੰਘ ਮੂਧਲ, ਮੰਗਲ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ ਤੇ ਕੁਲਵੰਤ ਸਿੰਘ ਵੇਰਕਾ ਵੀ ਮੌਜੂਦ ਸਨ।