ਲਹਿਰਾਗਾਗਾ, (ਦਲਜੀਤ ਕੌਰ ਭਵਾਨੀਗੜ੍ਹ) -ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੀਤੀ ਸ਼ਾਮ ਨਹਿਰ ਦੇ ਪੁਲ਼ ’ਤੇ 27ਵਾਂ ਹਫ਼ਤਾਵਾਰੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੋਦੀ ਸਰਕਾਰ ਵੱਲੋਂ ਤਿੰਨ ਕਾਲ਼ੇ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਨੂੂੰ ਚੰਗੀ ਸ਼ੁਰੂਆਤ ਦੱਸਦਿਆਂ ਐਮ ਐਸ ਪੀ ਦੀ ਗਾਰੰਟੀ ਸਮੇਤ ਕਿਸਾਨ ਅੰਦੋਲਨ ਦੀਆਂ ਬਾਕੀ ਮੰਗਾਂ ਵੀ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਇਤਿਹਾਸਕ ਜਿੱਤ ਵੱਲ ਵਧ ਰਿਹਾ ਹੈ। ਜਥੇਬੰਦੀਆਂ ਦੇ ਬੁਲਾਰਿਆਂ ਮਾਸਟਰ ਹਰਭਗਵਾਨ ਗੁਰਨੇ, ਰਣਜੀਤ ਲਹਿਰਾ, ਪੂਰਨ ਸਿੰਘ ਖਾਈ, ਗੁਰਚਰਨ ਸਿੰਘ ਤੇ ਸੁਖਦੇਵ ਚੰਗਾਲੀਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਦਿੱਲੀ ਦੇ ਬਾਰਡਰਾਂ ਸਮੇਤ ਸਭਨਾਂ ਮੋਰਚਿਆਂ ’ਤੇ ਹੋਏ ਲਾਮਿਸਾਲ ਇੱਕਠਾਂ ਨੇ ਦਰਸਾ ਦਿੱਤਾ ਹੈ ਕਿ ਦੇਸ਼ ਭਰ ਦੇ ਕਿਸਾਨ ਹੀ ਨਹੀਂ ਹੋਰਨਾਂ ਵਰਗਾਂ ਦੇ ਲੋਕ ਵੀ ਕਿਸਾਨ ਘੋਲ ਦੇ ਨਾਲ ਹਨ। ਇਸ ਇਤਿਹਾਸਕ ਅੰਦੋਲਨ ਨੇ ਦਰਸਾ ਦਿੱਤਾ ਹੈ ਕਿ ਧੱਕੇਸ਼ਾਹੀ ਦੇ ਖਿਲਾਫ਼ ਸੰਘਰਸ਼ ਅਤੇ ਸੰਘਰਸ਼ਾਂ ਵਿੱਚ ਕੀਤੀਆਂ ਕੁਰਬਾਨੀਆਂ ਕਦੇ ਵੀ ਬੇਅਰਥ ਨਹੀਂ ਜਾਂਦੀਆਂ। ਇਸ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਮੋਰਚਾ ਹਾਲੇ ਜਾਰੀ ਹੈ ਅਤੇ ਮੋਰਚੇ ਦੀ ਅਗਲੀ ਰੂਪ ਰੇਖਾ ਸੰਯੁਕਤ ਕਿਸਾਨ ਮੋਰਚਾ ਤੈਅ ਕਰੇਗਾ ਅਤੇ ਮੰਚ ਉਹਦੇ ਅਨੁਸਾਰ ਹੀ ਅੱਗੇ ਚੱਲੇਗਾ। ਉਨ੍ਹਾਂ ਕਿਹਾ ਕਿ ਮੰਚ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਉਦੋਂ ਤੱਕ ਆਪਣਾ ਪ੍ਰਦਰਸ਼ਨ ਵੀ ਪਹਿਲਾਂ ਵਾਂਗੂ ਹੀ ਕਰਨਗੀਆਂ। ਇਸ ਪ੍ਰਦਰਸ਼ਨ ਵਿੱਚ ਰਾਮਚੰਦਰ ਸਿੰਘ ਖਾਈ, ਮਾਸਟਰ ਕੁਲਵਿੰਦਰ ਸਿੰਘ, ਜੋਰਾ ਸਿੰਘ ਗਾਗਾ, ਸੁਖਜਿੰਦਰ ਲਾਲੀ, ਬਲਦੇਵ ਚੀਮਾ, ਮਾਸਟਰ ਕੁਲਦੀਪ ਸਿੰਘ, ਹਰਜਿੰਦਰ ਸਿੰਘ, ਪ੍ਰਗਟ ਸਿੰਘ, ਹਰਬੰਤ ਜਵਾਹਰਵਾਲਾ, ਬਲਕਾਰ ਖਾਈ, ਦਰਬਾਰਾ ਸਿੰਘ, ਜਸਵਿੰਦਰ ਗਾਗਾ, ਤਰਸੇਮ ਸ਼ਰਮਾ, ਹਰਜਿੰਦਰ ਸਿੰਘ, ਮੱਘਰ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸਾਲ ਭਰ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਦੇ ਸਬਰ, ਸੰਤੋਖ ਤੇ ਦ੍ਰਿੜ ਨਿਹਚੇ ਦੀ ਜੈ ਜੈ ਕਾਰ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਦੇ ਮੁਲਾਜ਼ਮਾਂ ਅਤੇ ਬੇਰੁਜ਼ਗਾਰ ਨੌਜਵਾਨਾਂ ’ਤੇ ਜਬਰ ਢਾਹੁਣ ਦੀ ਸਖ਼ਤ ਨਿੰਦਾ ਕੀਤੀ।
Boota Singh Basi
President & Chief Editor