ਅੰਮ੍ਰਿਤਸਰ, 16 ਮਈ
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਐਸ ਸੀ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਬਾਰੇ ਵਾਇਰਲ ਵੀਡੀਓ ਦਾ ਮਾਮਲਾ ਠੰਢਾ ਨਹੀਂ ਹੋ ਰਿਹਾ ਹੈ। ਐਸ ਸੀ ਭਾਈਚਾਰੇ ਦੇ ਨੌਜਵਾਨਾਂ ਵਿਰੁੱਧ ਉਨ੍ਹਾਂ ਵੱਲੋਂ ਕੀਤੀ ਗਈ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਭਾਈਚਾਰੇ ਵਿਚ ਨਾਰਾਜ਼ਗੀ ਹਾਲੇ ਵੀ ਬਰਕਰਾਰ ਹੈ। ਸਾਂਸਦ ਗੁਰਜੀਤ ਔਜਲਾ ਖ਼ਿਲਾਫ਼ ਦਲਿਤ ਜਥੇਬੰਦੀਆਂ ਵੱਲੋਂ ਰੋਸ ਵਿਖਾਵਾ ਲਗਾਤਾਰ ਜਾਰੀ ਹੈ। ਇਸ ਮਾਮਲੇ ਨੂੰ ਲੈ ਕੇ ਐਸ ਸੀ ਭਾਈਚਾਰੇ ਨੇ ਭਾਜਪਾ ਐਸੀ ਮੋਰਚਾ ਅਤੇ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਨਾਲ ਮਿਲ ਕੇ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਭੰਡਾਰੀ ਰੇਲਵੇ ਓਵਰਬ੍ਰਿਜ ’ਤੇ ਕਾਂਗਰਸ ਦੇ ਸੰਸਦ ਮੈਂਬਰ ਤੇ ਕਾਂਗਰਸ ਉਮੀਦਵਾਰ ਗੁਰਜੀਤ ਔਜਲਾ ਖਿਲਾਫ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ ਅਤੇ ਉਸ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਐਸ ਸੀ ਭਾਈਚਾਰੇ ਦੇ ਲੋਕ ਕਾਫ਼ੀ ਗ਼ੁੱਸੇ ’ਚ ਨਜ਼ਰ ਆਏ। ਉਨ੍ਹਾਂ ਭਾਈਚਾਰੇ ਨੂੰ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦਾ ਬਾਈਕਾਟ ਕਰਨ ਤਕ ਦਾ ਸਦਾ ਦਿੱਤਾ। ਭਾਈਚਾਰੇ ਦਾ ਕਹਿਣਾ ਹੈ ਕਿ ਜਿਹੜਾ ਬੰਦਾ ਐਸ ਸੀ ਭਾਈਚਾਰੇ ਬਾਰੇ ਨਕਾਰਾਤਮਿਕ ਸੋਚ ਰੱਖਦਾ ਹੈ ਉਹ ਪਾਰਲੀਮੈਂਟ ’ਚ ਸਾਡੀ ਕੀ ਪ੍ਰਤੀਨਿਧਤਾ ਕਰੂ ਅਤੇ ਸਾਡੇ ਹੱਕਾਂ ਦੀ ਪੈਰਵੀ ਕੀ ਕਰੇਗਾ?
ਰੋਸ ਪ੍ਰਦਰਸ਼ਨ ਦੌਰਾਨ ਸਾਬਕਾ ਰਾਜ ਸਭਾ ਮੈਂਬਰ ਤੇ ਸੂਬਾ ਪ੍ਰਧਾਨ ਅਤੇ ਜ਼ਿਲ੍ਹਾ ਤੇ ਲੋਕ ਸਭਾ ਕਨਵੀਨਰ ਸ਼ਵੇਤ ਮਲਿਕ ਨੇ ਦੋਸ਼ ਲਾਇਆ ਕਿ ਕਾਂਗਰਸੀ ਸੰਸਦ ਮੈਂਬਰ ਵੱਲੋਂ ਦਲਿਤ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਦਿਆਂ ਭਾਈਚਾਰੇ ਦਾ ਅਪਮਾਨ ਕੀਤਾ ਹੈ। ਜੋ ਕਿ ਨਾ ਬਰਦਾਸ਼ਤਯੋਗ ਹਨ ਅਤੇ ਨਿੰਦਣਯੋਗ ਹਨ। ਪ੍ਰਧਾਨ ਮੰਤਰੀ ਮੋਦੀ ਨੇ ਡਾ. ਅੰਬੇਡਕਰ ਸਮਾਜ ਨੂੰ ਗਲੇ ਲਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਨੇ ਇਨ੍ਹਾਂ ਭਾਈਚਾਰਿਆਂ ਨੂੰ ਉੱਪਰ ਚੁੱਕਣ ਲਈ ਯਤਨ ਕੀਤੇ ਹਨ ਪਰ ਦੂਜੇ ਪਾਸੇ ਸਿਆਸਤਦਾਨ ਇਨ੍ਹਾਂ ਦੇ ਖਿਲਾਫ ਇਤਰਾਜ਼ਯੋਗ ਸ਼ਬਦ ਵਰਤ ਰਹੇ ਹਨ।
ਨਿਹੰਗ ਜਥੇਬੰਦੀ ਬਾਬਾ ਨਿਧਾਨ ਸਿੰਘ ਦੇ ਆਗੂ ਪੰਜਾਬ ਸਿੰਘ ਸੁਲਤਾਨਵਿੰਡ ਨੇ ਆਖਿਆ ਕਿ ਮੈਂ ਗੁਰਜੀਤ ਔਜਲਾ ਨੂੰ ਸੂਝਵਾਨ ਲੀਡਰ ਸਮਝਦਾ ਸੀ। ਸਾਡੇ ’ਤੇ ਟਿੱਪਣੀ ਕਰਕੇ ਉਸ ਨੇ ਆਪਣੀ ਸਚਾਈ ਸਭ ਦੇ ਸਾਹਮਣੇ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਹ ਭਾਈਚਾਰਾ ਹਾਂ ਜਿਨ੍ਹਾਂ ਨੇ ਦਿਲੀ ਚਾਂਦਨੀ ਚੌਕ ਤੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਚੁੱਕ ਕੇ ਲਿਆਂਦਾ। ਕਿਹਾ ਕਿ ਨਿਹੰਗ ਜਥੇਬੰਦੀ ਇਸ ਕਾਂਗਰਸੀ ਆਗੂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗੀ ਅਤੇ ਉਨ੍ਹਾਂ ਐਸ ਸੀ ਸਮਾਜ ਨੂੰ ਕਾਂਗਰਸ ਉਮੀਦਵਾਰ ਦਾ ਬਾਈਕਾਟ ਕਰਨ ਦਾ ਸਦਾ ਦਿੱਤਾ।
ਇਸ ਪੁਤਲਾ ਫ਼ੂਕ ਰੋਸ ਪ੍ਰਦਰਸ਼ਨ ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਕੁਮਾਰ ਅਮਿਤ, ਐਸ ਪੀ ਕੇਵਲ, ਸ਼ਿਵ ਕੁਮਾਰ, ਸੰਦੀਪ ਕੁਮਾਰ, ਉੱਤਮ ਕੈਰੋਂ, ਓਮ ਪ੍ਰਕਾਸ਼ ਅਨਾਰੀਆ, ਰਾਕੇਸ਼ ਗਿੱਲ, ਸ਼ਕਤੀ ਕਲਿਆਣ, ਨਰਿੰਦਰ ਗੋਲਡੀ, ਦਵਿੰਦਰ ਪਹਿਲਵਾਨ, ਗੌਰਵ ਗਿੱਲ, ਸ਼ਸ਼ੀ ਗਿੱਲ ਆਦਿ ਸ਼ਾਮਲ ਸਨ।