ਦਲਿਤ ਮੁਕਤੀ ਮਾਰਚ ਜ਼ਮੀਨ ਦੀ ਕਾਣੀ ਵੰਡ ਅਤੇ ਜਾਤੀ ਦਾਬਾ ਖਤਮ ਕਰਨ ਦਾ ਹੋਕਾ ਦਿੰਦਾ ਅੱਗੇ ਵਧਿਆ

0
38
ਦਲਿਤ ਮੁਕਤੀ ਮਾਰਚ ਜ਼ਮੀਨ ਦੀ ਕਾਣੀ ਵੰਡ ਅਤੇ ਜਾਤੀ ਦਾਬਾ ਖਤਮ ਕਰਨ ਦਾ ਹੋਕਾ ਦਿੰਦਾ ਅੱਗੇ ਵਧਿਆ

ਦਲਿਤ ਮੁਕਤੀ ਮਾਰਚ ਜ਼ਮੀਨ ਦੀ ਕਾਣੀ ਵੰਡ ਅਤੇ ਜਾਤੀ ਦਾਬਾ ਖਤਮ ਕਰਨ ਦਾ ਹੋਕਾ ਦਿੰਦਾ ਅੱਗੇ ਵਧਿਆ
ਦਲਜੀਤ ਕੌਰ
ਭਵਾਨੀਗੜ੍ਹ, 10 ਸਤੰਬਰ, 2024: ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਚੱਲਿਆ ਦਲਿਤ ਮੁਕਤੀ ਮਾਰਚ ਲਗਭਗ 100 ਤੋਂ ਵੱਧ ਪਿੰਡਾਂ ਨੂੰ ਪਾਰ ਕਰਦੇ ਹੋਏ ਅੱਗੇ ਵਧਦਾ ਹੋਇਆ ਅੱਜ ਭਵਾਨੀਗੜ੍ਹ ਬਲਾਕ ਦੇ ਪਿੰਡਾਂ ਬਖਤੜਾ, ਬਖਤੜੀ, ਗੁਣੀਕੇ, ਦਿਆਲਪੁਰਾ, ਜੌਲੀਆਂ ਤੋਂ ਫਤਿਹਗੜ ਭਾਦਸੋਂ ਪਹੁੰਚਿਆ।
ਇਸ ਸੰਬੰਧੀ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਹਥੋਆ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦਲਿਤ ਮੁਕਤੀ ਮਾਰਚ ਦਾ ਕਾਫਲਾ 2014 ਤੋਂ ਲਗਾਤਾਰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਜੁੜੇ ਹੋਏ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਅਗਲੇ ਪਿੰਡਾਂ ਵਿੱਚ ਗਿਆ ਜਿੱਥੇ ਲੋਕਾਂ ਨੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਤੋਰੇ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦਾ ਭਰਮਾ ਹੁੰਗਾਰਾ ਭਰਿਆ।
ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਮਾਰਚ ਦੌਰਾਨ ਸਾਨੂੰ 2 ਤਰਾਂ ਦੇ ਲੋਕ ਮਿਲੇ ਇਕ ਉਹ ਜਿਹੜੇ 100-100 ਏਕੜ ਤੋਂ ਵੱਧ ਜ਼ਮੀਨਾਂ ਲਈ ਬੈਠੇ ਹਨ ਤੇ ਦੂਜੇ ਉਹ ਜਿਨ੍ਹਾਂ ਕੋਲ ਪਸੂ ਰੱਖਣ ਲਈ ਵੀ ਜਗਾ ਨਹੀਂ, ਛੋਟੇ ਛੋਟੇ ਘਰ ਤੇ ਘਰਾਂ ਦੀਆਂ ਦੀਆਂ ਕੱਚੀਆਂ ਛੱਤਾਂ, ਗੇਟਾਂ ਅੱਗੇ ਦਰਵਾਜ਼ਿਆਂ ਦੀ ਜਗ੍ਹਾ ਪਰਦੇ ਲੱਗੇ ਹੋਏ ਹਨ। ਨੀਵੀਆਂ ਤੇ ਛੋਟੀਆਂ ਛੋਟੀਆਂ ਗਲੀਆਂ ਵਿਚ ਮੀਂਹ ਪੈਣ ਨਾਲ ਗਾਰਾ  ਭਰਿਆਂ ਹੋਇਆਂ।
ਇਸ ਮੌਕੇ ਆਗੂਆਂ ਨੇ ਸਰਕਾਰ ਤੋਂ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਕਿਹਾ ਕਿ ਅਗਰ ਲੈਂਡ ਸੀਲਿੰਗ ਐਕਟ 1972 ਲਾਗੂ ਕਰਕੇ ਉਪਰਲੀ ਜ਼ਮੀਨ ਬੇਜ਼ਮੀਨੇ ਅਤੇ ਦਲਿਤਾਂ ਵਿੱਚ ਵੰਡੀ ਜਾਵੇ, ਪੰਚਾਇਤੀ ਜ਼ਮੀਨ ਵਿਚੋਂ ਤੀਜਾ ਹਿੱਸਾ ਪੱਕੇ ਤੌਰ ਤੇ ਦਿੱਤਾ ਜਾਵੇ, ਲਾਲ਼ ਲਕੀਰ ਅੰਦਰ ਆਉਂਦੇ ਮਕਾਨਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਣ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਕੇ ਸੁਸਾਇਟੀਆਂ ਦੇ ਮੈਂਬਰ ਬਣਾਕੇ ਸਸਤਾ ਕਰਜਾ ਦਿੱਤਾ ਜਾਵੇ, ਮਨਰੇਗਾ ਸਮੇਤ ਦਿਹਾੜੀ 1000/ਰੁਪਏ ਕੀਤੀ ਜਾਵੇ, ਜਾਤੀ ਅੱਤਿਆਚਾਰ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਦਲਿਤ ਮਜ਼ਦੂਰਾਂ ਦੀ ਜ਼ਿੰਦਗੀ ਸੁਖਾਲੀ ਹੋ ਸਕਦੀ ਹੈ ਸੁਧਾਰ ਹੋ ਸਕਦਾ ਹੈ।
ਇਸ ਤੋਂ ਇਲਾਵਾ ਗੁਰਚਰਨ ਸਿੰਘ ਘਰਾਚੋਂ ਸੁਖਵਿੰਦਰ ਸਿੰਘ ਬੱਟੜਿਆਂਨਾ ,ਚਰਨ ਸਿੰਘ ਬਾਲਦ ਕਲਾਂ, ਅਵਤਾਰ ਸਿੰਘ, ਬਲਵਿੰਦਰ ਸਿੰਘ ਮਾਝਾ, ਰਮਨਦੀਪ ਨਦਾਮਪੁਰ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੀਰਪਾਲ ਦੁੱਲੜ, ਗੁਰਪ੍ਰੀਤ ਸਿੰਘ (ਗੋਰਾ) ਖੇੜੀ, ਜਸ਼ਨਪ੍ਰੀਤ ਸਿੰਘ ਹਰੀਗੜ੍ਹ, ਪਰਮਵੀਰ ਸਿੰਘ ਹਰੀਗੜ, ਜਸਵਿੰਦਰ ਸਿੰਘ ਹੇੜੀਕੇ ਆਦਿ ਕਾਫ਼ਲੇ ਵਿਚ ਸ਼ਾਮਲ ਸਨ।

LEAVE A REPLY

Please enter your comment!
Please enter your name here