ਦਿਵਿਆਂਗਜਨ ਵਿਅਕਤੀਆਂ ਅਤੇ ਬਜ਼ੁਰਗਾਂ ਲਈ ਸਬ ਡਵੀਜ਼ਨ ਪੱਧਰ ’ਤੇ ਕੈਂਪ
12, 13 ਅਤੇ 14 ਸਤੰਬਰ ਨੂੰ-ਡਿਪਟੀ ਕਮਿਸ਼ਨਰ
*ਦਿਵਿਆਂਗਜਨਾਂ ਨੂੰ ਸਹਾਇਕ ਉਪਰਕਰਣ ਮੁਹੱਈਆ ਕਰਵਾਉਣ ਲਈ
ਕੀਤੀ ਜਾਵੇਗੀ ਰਜਿਸਟ੍ਰੇਸ਼ਨ
ਮਾਨਸਾ, 10 ਸਤੰਬਰ:
ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨ ਵਿਅਕਤੀਆਂ ਅਤੇ ਬਜ਼ੁਰਗਾਂ ਦੀ ਭਲਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਮਾਨਸਾ ਵੱਲੋਂ ਸਬ ਡਵੀਜ਼ਨ ਪੱਧਰ ’ਤੇ ਵਿਸ਼ੇਸ਼ ਅਸੈਸਮੈਂਟ ਕੈਂਪ ਲਗਾ ਕੇ ਦਿਵਿਆਂਗਜਨ ਵਿਅਕਤੀਆਂ ਅਤੇ ਬਜ਼ੁਰਗਾਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਅਤੇ ਅਲਿਮਕੋ ਮੋਹਾਲੀ ਵੱਲੋਂ ਜ਼ਿਲ੍ਹਾ ਮਾਨਸਾ ਅੰਦਰ 12 ਸਤੰਬਰ ਨੂੰ ਨੇਕੀ ਆਸ਼ਰਮ, ਅਹਿਮਦਪੁਰ ਰੋਡ, ਬੁਢਲਾਡਾ ਵਿਖੇ, 13 ਸਤੰਬਰ ਨੂੰ ਗਊਸ਼ਾਲਾ ਭਵਨ, ਮਾਨਸਾ ਅਤੇ 14 ਸਤੰਬਰ ਨੂੰ ਗੁਰਦੁਆਰਾ ਸਰੋਵਰ ਸਾਹਿਬ, ਸਰਦੂਲਗੜ੍ਹ ਵਿਖੇ ਅਸੈਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਕੈਂਪਾਂ ਦੌਰਾਨ ਪਹੁੰਚਣ ਵਾਲੇ ਦਿਵਿਆਂਗਜਨ ਵਿਅਕਤੀਆਂ ਅਤੇ ਬਜ਼ੁਰਗਾਂ ਦੀ ਸਿਰਫ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ ਉਪਰਕਰਣ ਬਾਅਦ ਵਿਚ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦਿਵਿਆਂਗਜਨਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਮੋਟਰਾਇਜ਼ਡ ਟਰਾਈਸਾਇਕਲ, ਨਕਲੀ ਅੰਗ, ਵ੍ਹੀਲ ਚੇਅਰ, ਟਰਾਈਸਾਇਕਲ, ਕੰਨਾਂ ਦੀ ਮਸ਼ੀਨ, ਪੋਲੀਓ ਕੈਲੀਪਰ, ਫੋੜੀਆਂ, ਸਮਾਰਟ ਫੋਨ, ਐਮ.ਆਰ.ਕਿਟ, ਸੀ.ਪੀ. ਚੇਅਰ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਸੀ.ਪੀ. ਚੇਅਰ, ਏ.ਡੀ.ਐਲ. ਕਿਟ (ਲੈਪਰੇਸੀ), ਬੀ.ਟੀ.ਈ. (02 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਅਤੇ ਹੋਰ ਉਪਰਕਰਨ ਮੁਹੱਈਆ ਕਰਵਾਉਣ ਲਈ ਰਜਿਸਟ੍ਰੇਸ਼ਨ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿਵਿਆਂਗਜਨ ਵਿਅਕਤੀ ਅਤੇ ਬਜ਼ੁਰਗ ਇੰਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ। ਉਨ੍ਹਾਂ ਕਿਹਾ ਕਿ ਕੈਂਪ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਯੂ.ਡੀ.ਆਈ.ਡੀ. ਕਾਰਡ, ਆਧਾਰ ਕਾਰਡ ਦੀ ਕਾਪੀ, ਪਾਸਪੋਰਟ ਸਾਈਜ਼ ਫੋਟੋ ਅਤੇ ਆਮਦਨ ਸਰਟੀਫਿਕੇਟ ਲੈ ਕੇ ਆਉਣਾ ਲਾਜ਼ਮੀ ਹੈ।