ਚੰਡੀਗੜ੍ਹ, 15 ਅਕਤੂਬਰ, 2022: ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਅਤੇ ਵਿੱਤ ਸਕੱਤਰ ਨੇ ਫਾਜ਼ਿਲਕਾ ਜਿਲ੍ਹੇ ਦੀ ਅਬੋਹਰ ਤਹਿਸੀਲ ਦੇ ਪਿੰਡ ਝੁਰੜ ਖੇੜਾ ਵਿਖੇ ਅਨੁਸੂਚਿਤ ਜਾਤੀ ਪ੍ਰੀਵਾਰਾਂ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਦੇ ਘਰ ਢਾਹੁਣ ਦੇ ਅਤਿ ਸ਼ਰਮਨਾਕ ਅਤੇ ਧੱਕੜਸ਼ਾਹ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜਾ ਕਰਕੇ ਉਨ੍ਹਾਂ ਦੀ ਫੌਰੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਅੱਜ ਇੱਥੋਂ ਜਾਰੀ ਇੱਕ ਬਿਆਨ ਰਾਹੀਂ ਮਜ਼ਦੂਰ ਆਗੂਆਂ ਨੇ ਕਿਹਾ ਕਿ ਘਟਣਾ ਦੇ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਪਰਚਾ ਨਾ ਦਰਜ ਕਰਨ ਦੀ ਪੁਲਸ ਦੀ ਕਾਰਵਾਈ ਸਿਰੇ ਦੀ ਪੱਖਪਾਤੀ ਅਤੇ ਡਾਢੀ ਨਿੰਦਣ ਯੋਗ ਹੈ। ਨਾਹਰ ਅਤੇ ਦਾਊਦ ਨੇ ਪੁਲਸ ਦੇ ਆਲ੍ਹਾ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਅਨੁਸੂਚਿਤ ਜਾਤੀਆਂ- ਜਨਜਾਤੀਆਂ ਵਿਰੁੱਧ ਅੱਤਿਆਚਾਰ ਰੋਕੂ ਐਕਟ ਸਮੇਤ ਸਾਰੀਆਂ ਬਣਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਜਾਵੇ ਅਤੇ ਸਾਰੇ ਦੋਸ਼ੀ ਬਿਨਾਂ ਦੋਸ਼ੀ ਗ੍ਰਿਫਤਾਰ ਕੀਤੇ ਜਾਣ। ਆਗੂਆਂ ਨੇ ਐਲਾਨ ਕੀਤਾ ਕਿ ਜੇ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਜੱਥੇਬੰਦੀ ਪੰਜਾਬ ਪੱਧਰ ‘ਤੇ ਤਿੱਖਾ ਸੰਘਰਸ਼ ਵਿੱਢੇਗੀ।