ਦਿੱਲੀ ਫ਼ਤਹਿ ਮਾਰਚ” ਦਾ ਜੰਡਿਆਲਾ ਗੁਰੂ ਪਹੁੰਚਣ ‘ਤੇ ਭਰਵਾਂ ਸੁਆਗਤ

0
143

ਜੰਡਿਆਲਾ ਗੁਰੂ ,6 ਅਪ੍ਰੈਲ (ਸ਼ੁਕਰਗੁਜ਼ਾਰ ਸਿੰਘ)-
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰਾਮਗੜ੍ਹੀਆ ਬੋਰਡ ਦਿੱਲੀ ਵੱਲੋਂ ਸਾਂਝੇ ਉਦਮ ਅਤੇ ਸਹਿਯੋਗ ਸਦਕਾ ਮਹਾਨ ਸਿੱਖ ਯੋਧਿਆਂ ਅਤੇ ਓਹਨਾਂ ਵੱਲੋਂ ਕੀਤੀ ਗਈ ਦਿੱਲੀ ਫ਼ਤਹਿ ਨੂੰ ਸਮਰਪਿਤ “ਦਿੱਲੀ ਫ਼ਤਹਿ ਮਾਰਚ” ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਂਠ ਮਿਤੀ 06 ਅਪ੍ਰੈਲ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਪੰਜ ਪਿਆਰਿਆਂ ਦੀ ਰਹਿਨੁਮਾਈ ਹੇਂਠ ਜੈਕਾਰਿਆਂ ਦੀ ਗੂੰਜ ‘ਚ ਰਵਾਨਾ ਹੋਇਆ। ਉਕਤ ਮਾਰਚ ਵੱਖ ਵੱਖ ਪੜਾਵਾਂ ਤਹਿਤ ਪੰਜਾਬ, ਹਰਿਆਣਾ ਰਾਜਾਂ ਦੇ ਵੱਖ ਪਿੰਡਾਂ,ਕਸਬਿਆਂ,ਸ਼ਹਿਰਾਂ ਵਿੱਚ ਰੁਕਦਿਆਂ ਮਿਤੀ 07 ਅਪ੍ਰੈਲ ਸ਼ਾਮ ਨੂੰ ਗੁਰਦੁਆਰਾ ਮਜਨੂੰ ਟਿੱਲਾ ਦਿੱਲੀ ਵਿਖੇ ਪਹੁੰਚੇਗਾ ਜਿਥੇ ਇਸਦੀ ਸੰਪੂਰਨਤਾ ਹੋਵੇਗੀ।
ਉਕਤ ਮਾਰਚ ਪਹਿਲੇ ਪੜਾਅ ਤਹਿਤ ਜੰਡਿਆਲਾ ਗੁਰੂ ਵਿਖੇ ਪਹੁੰਚਿਆ ਜਿਥੇ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਮਹਾਨ ਸਿੱਖ ਯੋਧਿਆਂ ਦੇ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਕੀਤੇ।

ਉਕਤ ਮਾਰਚ ਦਾ ਜੰਡਿਆਲਾ ਗੁਰੂ ਵਿਖੇ ਪਹੁੰਚਣ ‘ਤੇ ਮਾਝਾ ਪ੍ਰੈੱਸ ਕਲੱਬ(ਰਜਿ) ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਵੱਲੋਂ ਸਮੁੱਚੀ ਟੀਮ ਨਾਲ ਜੈਕਾਰਿਆਂ ਦੀ ਗੂੰਜ ‘ਚ ਸੁਆਗਤ ਕੀਤਾ ਗਿਆ। ਮਾਝਾ ਪ੍ਰੈੱਸ ਕਲੱਬ (ਰਜਿ) ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਸਮੇਤ, ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੰਡਿਆਲਾ ਗੁਰੂ ਦੇ ਨੁਮਾਇੰਦੇ ਦਲਜੀਤ ਸਿੰਘ ਖ਼ਾਲਸਾ, ਗੁਰੂ ਮਾਨਿਓ ਗ੍ਰੰਥ ਸੇਵਕ ਜਥੇ ਦੇ ਨੁਮਾਇੰਦੇ ਜਗਜੀਤ ਸਿੰਘ, ਗੁਰਦੁਆਰਾ ਸੰਤਸਰ ਮੁਹੱਲਾ ਮੱਲੀਆਣਾ ਦੇ ਨੁਮਾਇੰਦੇ, ਪੰਜਾਬ ਏਕਤਾ ਵਿਕਾਸ ਸੁਸਾਇਟੀ ਦੇ ਨੁਮਾਇੰਦੇ ਜਤਿੰਦਰ ਦੇਵ ਅਤੇ ਹੋਰ ਧਾਰਮਿਕ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ “ਦਿੱਲੀ ਫ਼ਤਹਿ ਮਾਰਚ” ਦਾ ਸੁਆਗਤ ਕਰਨ ਪਹੁੰਚੇ।

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਸਿੱਖ ਇਤਿਹਾਸ ਦੇ ਵੱਖ ਵੱਖ ਯੋਧਿਆਂ ਨੂੰ ਯਾਦ ਕੀਤਾ ਅਤੇ ਸੁਨੇਹਾ ਦਿੱਤਾ ਕਿ ਮਾਪੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਸਿੱਖ ਪੰਥ ਦੇ ਮਹਾਨ ਯੋਧਿਆਂ, ਜਰਨੈਲਾਂ ਦੇ ਇਤਿਹਾਸ ਨੂੰ ਪੀੜ੍ਹੀ ਦਰ ਪੀੜ੍ਹੀ ਸਾਂਭਕੇ ਰੱਖਣ ਤੇ ਬੱਚਿਆਂ ਨੂੰ ਦੱਸਣ । ਰਾਮਗੜ੍ਹੀਆ ਬੋਰਡ ਦਿੱਲੀ ਦੇ ਚੇਅਰਮੈਨ ਸ. ਜਤਿੰਦਰਪਾਲ ਸਿੰਘ ਗਾਗੀ ਨੇ ਦੱਸਿਆ ਕਿ ਉਕਤ “ਦਿੱਲੀ ਫ਼ਤਹਿ ਮਾਰਚ” ਅਕਾਲੀ ਫੂਲਾ ਸਿੰਘ ਦੀ ਦੂਜੀ ਜਨਮ ਸ਼ਤਾਬਦੀ ਦੇ ਨਾਲ ਨਾਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਜੋ 5 ਮਈ ਨੂੰ ਸੰਸਾਰ ਪੱਧਰ ‘ਤੇ ਮਨਾਇਆ ਜਾ ਰਿਹਾ ਹੈ।

“ਦਿੱਲੀ ਫ਼ਤਹਿ ਮਾਰਚ” ਦੇ ਸੁਆਗਤ ਉਪਰੰਤ ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ, ਜਗਜੀਤ ਸਿੰਘ ਬਿੱਟੂ, ਸਮੇਤ ਹਾਜ਼ਿਰ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਰਾਮਗੜ੍ਹੀਆ ਬੋਰਡ ਦਿੱਲੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗਾਗੀ, ਪੰਜਾਬ ਤੋਂ ਇਸ ਫ਼ਤਹਿ ਮਾਰਚ ਦੀ ਨੁਮਾਇੰਦਗੀ ਕਰ ਰਹੇ ਗੁਰਮੇਜ ਸਿੰਘ ਮਥਾਰੂ ਪ੍ਰਧਾਨ ਰਾਮਗੜ੍ਹੀਆ ਮਿਸਲ ਪੰਜਾਬ , ਸਤਪਾਲ ਸਿੰਘ ਸੋਖੀ, ਜਥੇਦਾਰ ਬਲਜੀਤ ਸਿੰਘ ਦਾਦੂਪੁਰ, ਭਾਈ ਮੋਹਕਮ ਸਿੰਘ ਅਤੇ ਹੋਰ ਪਤਵੰਤਿਆਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ ਅਤੇ ਜੈਕਾਰਿਆਂ ਦੀ ਗੂੰਜ ‘ਚ “ਦਿੱਲੀ ਫ਼ਤਹਿ ਮਾਰਚ” ਨੂੰ ਜੰਡਿਆਲਾ ਗੁਰੂ ਤੋਂ ਅੱਗੇ ਤੋਰਿਆ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਸਚਦੇਵਾ, ਕੀਰਤ ਸਿੰਘ, ਰਣਬੀਰ ਸਿੰਘ, ਪ੍ਰਭਜੋਤ ਸਿੰਘ, ਗੁਰਿੰਦਰ ਸਿੰਘ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here