ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ ਵੱਲੋਂ ਜੋਨ ਟਾਂਗਰਾ ਦੀ ਮੀਟਿੰਗ ਪਿੰਡ ਭੰਗਵਾਂ ਵਿਖੇ,ਜੋਨ ਜੰਡਿਆਲਾ ਗੁਰੂ ਦੀ ਮੀਟਿੰਗ ਬੰਡਾਲਾ ਵਿਖੇ ਅਤੇ ਜੋਨ ਬਾਬਾ ਨੋਧ ਸਿੰਘ ਜੀ ਦੀ ਮੀਟਿੰਗ ਪਿੰਡ ਚੱਬਾ ਵਿਖੇ ਕੀਤੀਆਂ ਗਈਆਂ ਅਤੇ ਮੀਟਿੰਗਾਂ ਉਪਰੰਤ ਪਿੰਡ ਭੰਗਵਾਂ,ਬੰਡਾਲਾ ਵਿਖੇ 54 ਨੰਬਰ ਨੈਸ਼ਨਲ ਹਾਈਵੇ ਜਾਮ ਕਰਕੇ ਅਤੇ ਚੱਬਾ ਵਿਖੇ ਅੰਮ੍ਰਿਤਸਰ ਹਰੀਕੇ ਮੁੱਖ ਮਾਰਗ ਜਾਮ ਕਰਕੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ,ਰਣਜੀਤ ਸਿੰਘ ਲੇਰਬਾਲਾ,ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਹੱਥ ਠੋਕਾ ਬਣਕੇ 1 ਸਾਲ ਤੋਂ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿਖੇ ਚੱਲ ਰਹੇ ਸਾਂਤਮਈ ਸੰਘਰਸ਼ ਨੂੰ ਲਗਾਤਾਰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਇਸ ਅੰਦੋਲਨ ਵਿਚ 700 ਤੋ ਵੱਧ ਕਿਸਾਨਾਂ ਮਜ਼ਦੂਰਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਹਨ ਪਰ ਦੇਸ਼ ਦੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਮਜਦੂਰਾਂ ਦੇ ਮਸਲੇ ਹੱਲ ਕਰਨ ਦੀ ਥਾਂ ਨਿੱਤ ਦਿਨ ਕਿਸਾਨਾਂ ਮਜਦੂਰਾਂ ਦੀਆਂ ਹੋ ਰਹੀਆਂ ਮੌਤਾਂ ’ਤੇ ਜਸ਼ਨ ਮਨਾ ਰਹੀ ਹੈ ਅਤੇ ਕਿਸਾਨ ਅੰਦੋਲਨ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਯਤਨਸ਼ੀਲ ਹੈ। ਕਿਸਾਨ ਆਗੂ ਗੁਰਲਾਲ ਸਿੰਘ ਮਾਨ,ਡਾ:ਕੰਵਰ ਦਲੀਪ ਸਿੰਘ ਨੇ ਕਿਹਾ ਕਿ 24 ਨਵੰਬਰ ਨੂੰ ਅੰਮ੍ਰਿਤਸਰ ਤੋਂ ਹਜਾਰਾਂ ਕਿਸਾਨਾਂ ਮਜਦੂਰਾਂ ਦਾ ਵੱਡਾ ਜੱਥਾ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਵੇਗਾ,ਜਿਸ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆ ਗਈਆਂ ਹਨ। ਇਸ ਮੌਕੇ ਸਤਨਾਮ ਸਿੰਘ ਤਲਵੰਡੀ,ਅਮਨਿੰਦਰ ਸਿੰਘ ਮਾਲੋਵਾਲ,ਸੂਬੇਦਾਰ ਨਿਰੰਜਨ ਸਿੰਘ, ਬਲਵਿੰਦਰ ਸਿੰਘ ਰੁਮਾਣਾਚੱਕ, ਗੁਰਪਾਲ ਸਿੰਘ ਭੰਗਵਾਂ,ਮੋਹਕਮ ਸਿੰਘ,ਸਲਵਿੰਦਰ ਸਿੰਘ ਭੋਲਾ ਬੰਡਾਲਾ,ਮਨਜੀਤ ਸਿੰਘ ਵਡਾਲਾ ਜੌਹਲ,ਅੰਗਰੇਜ ਸਿੰਘ ਜੋਗਾ ਸਿੰਘ ਵਾਲਾ,ਮਨਰਾਜ ਸਿੰਘ,ਰਵਿੰਦਰਬੀਰ ਸਿੰਘ ਵੱਲਾ,ਦਿਲਬਾਗ ਸਿੰਘ ਖਾਪੜਖੇੜੀ,ਨਿਸ਼ਾਨ ਸਿੰਘ,ਡਾ: ਬਲਵਿੰਦਰ ਸਿੰਘ ਚੱਬਾ ਆਦਿ ਆਗੂ ਹਾਜ਼ਰ ਸਨ।
Boota Singh Basi
President & Chief Editor