ਦੇਸ਼ ਅਤੇ ਸੂਬਿਆਂ ਨੂੰ ਬਚਾਉਣ ਲਈ ਸੰਘੀ ਢਾਂਚੇ ਦੀ ਮਜ਼ਬੂਤੀ ਜ਼ਰੂਰੀ: ਸਪੀਕਰ ਕੁਲਤਾਰ ਸਿੰਘ ਸੰਧਵਾਂ

0
132

ਕਿਹਾ, ਜਿਨ੍ਹਾਂ ਸੰਸਥਾਵਾਂ ਨੇ ਦੇਸ਼ ਵਿੱਚ ਸੰਵਿਧਾਨ ਅਤੇ ਲੋਕਤੰਤਰ ਨੂੰ ਮਜ਼ਬੂਤੀ ਪ੍ਰਦਾਨ ਕਰਨੀ ਸੀ, ਅਜੋਕੇ ਸਮੇਂ ਵਿੱਚ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਗਿਆ

ਚੰਡੀਗੜ੍ਹ, 15 ਅਪ੍ਰੈਲ:

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਦੇਸ਼ ਅਤੇ ਸੂਬਿਆਂ ਨੂੰ ਬਚਾਉਣ ਲਈ ਸੰਘੀ ਢਾਂਚੇ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ।

“ਪਿੰਡ ਬਚਾਓ-ਪੰਜਾਬ ਬਚਾਓ” ਸੰਸਥਾ ਵਲੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸਹਿਯੋਗ ਨਾਲ “ਦੇਸ ਅੰਦਰ ਫ਼ੈਡਰਲਿਜ਼ਮ-ਚੁਣੌਤੀਆਂ ਅਤੇ ਸੰਭਾਵਨਾਵਾਂ” ਵਿਸ਼ੇ ‘ਤੇ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਜੋਕੇ ਸਮੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਦੇਸ਼ ਵਿੱਚ ਬਣ ਗਿਆ ਹੈ, ਉਦੋਂ ਸੰਘੀ ਢਾਂਚੇ ਦਾ ਮੁੱਦਾ ਸਾਡੇ ਲਈ ਬਹੁਤ ਅਹਿਮ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀ ਸਲਾਮਤੀ ਲਈ ਅਤੇ ਦੇਸ਼ ਨੂੰ ਤਾਕਤਵਰ ਹੁੰਦਾ ਵੇਖਣ ਲਈ ਸੰਘੀ ਢਾਂਚੇ ਦੀ ਰੱਖਿਆ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਰੱਖਿਆ ਕਰਨ ਦਾ ਜ਼ਿੰਮਾ ਵੀ ਸਦੀਆਂ ਤੋਂ ਪੰਜਾਬ ਨੂੰ ਚੁੱਕਣਾ ਪਿਆ ਹੈ। ਸਪੀਕਰ ਨੇ ਕਿਹਾ ਕਿ ਪੰਜਾਬ ਅਤੇ ਬੰਗਾਲ ਦੇ ਲੋਕਾਂ ਨੇ ਹਮੇਸ਼ਾ ਹੀ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ ਅਤੇ ਹੁਣ ਵੀ ਕਰਨੀ ਪਵੇਗੀ। ਉਨ੍ਹਾਂ ਉਚੇਚੇ ਤੌਰ ‘ਤੇ ਕਿਹਾ ਕਿ ਸਾਡੇ ਵਾਸਤੇ ਸੰਘੀ ਢਾਂਚੇ ਦਾ ਸਭ ਤੋਂ ਵੱਡੇ ਮੁੱਦਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਥੇ ਸਭਨਾਂ ਨੂੰ ਬਰਾਬਰ ਦੀ ਥਾਂ ਨਿਵਾਜੀ ਗਈ ਹੈ।

ਸ. ਸੰਧਵਾਂ ਨੇ ਕਿਹਾ ਕਿ ਦੇਸ਼ ਨੂੰ ਇੱਕਵਾਦ ਪ੍ਰਣਾਲੀ ਵਿੱਚ ਨਹੀਂ ਰੱਖਿਆ ਜਾ ਸਕਦਾ, ਸਗੋਂ ਇਸ ਦੀ ਖੂਬਸੂਰਤੀ ਵਿਭਿੰਨਤਾਵਾਂ ਵਿੱਚ ਏਕਤਾ ਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਸ਼ਾਈ, ਭੂਗੋਲਿਕ ਅਤੇ ਸੱਭਿਆਚਾਰਕ ਆਦਿ ਵਖਰੇਵੇਂ ਹਨ ਅਤੇ ਇਨ੍ਹਾਂ ਨੂੰ ਇਕੱਠਾ ਇੱਕ ਤਾਕਤ ਵਜੋਂ ਵੇਖਣਾ ਸੰਘੀ ਢਾਂਚੇ ਵਿੱਚ ਹੀ ਸੰਭਵ ਹੈ।

ਉਨ੍ਹਾਂ ਅਫ਼ਸੋਸ ਜਤਾਇਆ ਕਿ ਜਿਨ੍ਹਾਂ ਸੰਸਥਾਵਾਂ ਨੇ ਸੰਵਿਧਾਨ ਅਤੇ ਲੋਕਤੰਤਰ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨੀ ਸੀ, ਅਜੋਕੇ ਸਮੇਂ ਵਿੱਚ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜੀ.ਐਸ.ਟੀ. ਲਿਆ ਕੇ ਸੰਘੀ ਢਾਂਚੇ ਨੂੰ ਸੱਟ ਮਾਰੀ ਗਈ ਹੈ। ਇਸੇ ਤਰ੍ਹਾਂ ਸੀ.ਏ.ਜੀ. ਉਪਰ ਆਈ.ਏ.ਐਸ. ਅਧਿਕਾਰੀ ਲਾ ਕੇ ਸੰਘੀ ਢਾਂਚੇ ਦੀ ਭਾਵਨਾ ਖ਼ਤਮ ਕੀਤੀ ਜਾ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਡੇ ਕਾਰੋਬਾਰੀ ਗੌਤਮ ਅਡਾਨੀ ਵੱਲ ਵੇਖ ਤੱਕ ਨਹੀਂ ਰਹੀ ਜਦ ਕਿ ਬਾਕੀ ਸਭ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਇੱਕ ਅਜਿਹਾ ਸਰੀਰ ਹੈ ਜਿਸ ਨੂੰ ਚਲਦਾ ਰੱਖਣ ਲਈ ਫ਼ੈਡਰਲਿਜ਼ਮ ਰੂਪੀ ਨਾੜਾਂ ਰਾਹੀਂ ਆਕਸੀਜਨ ਜਾਂ ਖ਼ੂਨ ਸਪਲਾਈ ਕਰਨ ਦੀ ਲੋੜ ਹੈ।

ਸੈਮੀਨਾਰ ਨੂੰ ਹੋਰਨਾਂ ਬੁੱਧੀਜੀਵੀਆਂ ਨੇ ਵੀ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਸੀਨੀਅਰ ਪੱਤਰਕਾਰ ਸ. ਹਮੀਰ ਸਿੰਘ, ਕਿਸਾਨ ਆਗੂ ਸ. ਰਣਜੀਤ ਸਿੰਘ, ਸ. ਮਾਲਵਿੰਦਰ ਸਿੰਘ ਮਾਲੀ, ਡਾ. ਕੁਲਦੀਪ ਸਿੰਘ, ਪ੍ਰੋ. ਪਿਆਰੇ ਲਾਲ ਗਰਗ ਆਦਿ ਨੇ ਸੰਘੀ ਢਾਂਚੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

LEAVE A REPLY

Please enter your comment!
Please enter your name here