ਦੇਸ਼ ਭਗਤ ਗਦਰੀ ਬਾਬਾ ਸੁੱਚਾ ਸਿੰਘ ਚੋਹਲਾ ਸਾਹਿਬ ਦੀ ਯਾਦ ਵਿੱਚ ਸਮਾਗਮ

0
18
ਚੋਹਲਾ ਸਾਹਿਬ/ਤਰਨਤਾਰਨ,30 ਨਵੰਬਰ -ਅਮਰੀਕਾ ਦੇ ਸ਼ਹਿਰ ਸਾਂਨਫਰਾਂਸਿਸਕੋ ਤੋਂ ਸ਼ੁਰੂ ਹੋਈ ਗਦਰ ਪਾਰਟੀ ਨੇ ਕਰਤਾਰ ਸਿੰਘ ਸਰਾਭਾ ਅਤੇ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ 1915 ਵਿੱਚ ਅੰਗਰੇਜ ਹਕੂਮਤ ਤੋਂ ਭਾਰਤ ਦੀ ਅਜ਼ਾਦੀ ਦੀ ਲੜਾਈ  ਨੂੰ ਇੰਨਾ ਪ੍ਰਚੰਡ ਕਰ ਦਿੱਤਾ ਕਿ ਹਰ ਸੂਝਵਾਨ ਪੰਜਾਬੀ ਇਸ ਲੜਾਈ ਵਿੱਚ ਕੁੱਦਣ ਲਈ ਆਪ ਮੁਹਾਰੇ ਤਿਆਰ ਹੋ ਗਿਆ। ਅਮਰੀਕਾ ਕਨੇਡਾ ਆਦਿਕ ਦੇਸ਼ਾਂ ਤੋਂ ਸਾਡੇ ਅੱਠ ਹਜ਼ਾਰ ਤੋਂ ਵੱਧ  ਪਰਵਾਸੀ ਭਾਰਤੀਆਂ ਤੇ ਖਾਸ ਕਰ ਪੰਜਾਬੀਆਂ ਨੇ ਅੰਗਰੇਜ ਹਕੂਮਤ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਾਉਣ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ। ਇਸ ਲਹਿਰ ਤੋਂ ਪ੍ਰਭਾਵਿਤ ਹੋਕੇ  ਚੋਹਲਾ ਸਾਹਿਬ ਨਿਵਾਸੀ ਸੁੱਚਾ ਸਿੰਘ ਜੋ ਉਸ ਸਮੇਂ ਅੰਗਰੇਜ਼ੀ ਫੌਜ ਦੇ ਵਿਚ ਨੌਕਰੀ ਕਰ ਰਿਹਾ ਸੀ,ਉਹ ਵੀ ਗਦਰੀਆਂ ਨਾਲ ਰਲ ਗਿਆ।ਚੱਲ ਰਹੇ ਸੰਘਰਸ਼ ਦੌਰਾਨ ਜਦੋਂ ਬਹੁਤ ਸਾਰੇ ਗਦਰੀ ਯੋਧੇ ਫੜੇ ਗਏ ਤਾਂ ਬਾਬਾ ਸੁੱਚਾ ਸਿੰਘ ਵੀ ਗ੍ਰਿਫਤਾਰ ਹੋ ਗਿਆ ਤੇ ਹਜ਼ਾਰੀ ਬਾਗ ਜੇਲ੍ਹ ਵਿੱਚੋਂ ਉਮਰ ਕੈਦ ਭੁਗਤਦਿਆਂ ਜੇਲ ਤੋੜ ਕੇ ਸਾਥੀਆਂ ਸਮੇਤ ਫਰਾਰ ਹੋ ਗਿਆ ਤੇ ਅਜ਼ਾਦੀ ਦੇ ਸੰਘਰਸ਼ ਵਿਚ ਕੁੱਦ ਪਿਆ। ਫਿਰ ਮਹਾਤਮਾ ਗਾਂਧੀ ਦੀ ਪ੍ਰੇਰਨਾ ਨਾਲ ਪੁਲਿਸ ਅੱਗੇ ਪੇਸ਼ ਹੋ ਗਿਆ ਅਤੇ ਦੂਹਰੀ ਕੈਦ ਕੱਟਣੀ ਪਈ। ਅਜਿਹੇ ਲਾਸਾਨੀ ਸੂਰਬੀਰ ਦੀ ਯਾਦ ਵਿਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਲਾਨਾ ਸ਼ਰਧਾਂਜਲੀ ਸਮਾਗਮ ਤੇ ਯਾਦਗਾਰੀ ਮੇਲਾ ਉਹਨਾਂ ਦੀ ਯਾਦ ਵਿੱਚ ਦੇਸ਼ ਭਗਤ ਸੁੱਚਾ ਸਿੰਘ ਯਾਦਗਾਰੀ ਸੁਸਾਇਟੀ ਚੋਹਲਾ ਸਾਹਿਬ (ਰਜਿ.) ਵੱਲੋਂ ਚੋਹਲਾ ਸਾਹਿਬ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਨਾਇਆ ਗਿਆ। ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ।
ਇਸ ਉਪਰੰਤ ਸਕੂਲੀ ਵਿਦਿਆਰਥੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਜਿੰਨਾਂ ਦਾ ਥੀਮ ਗਦਰ ਪਾਰਟੀ ਦੀ ਵਿਚਾਰਧਾਰਾ ਸੀ। ਬੱਚਿਆਂ ਦੇ ਸੀਨੀਅਰ ਤੇ ਜੂਨੀਅਰ ਗਰੁੱਪਾਂ ਦੇ ਕੁਇਜ,ਸੁੰਦਰ ਲਿਖਾਈ,ਲੇਖ ਲਿਖਣ,ਕਵੀਸ਼ਰੀ ਤੇ ਦੇਸ਼ ਭਗਤੀ ਦੇ ਗੀਤਾਂ ਦੇ ਬਹੁਤ ਰੌਚਕ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ ਇਲਾਕੇ ਦੀਆਂ ਸਾਰੀਆਂ ਨਾਮਵਰ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੱਧ-ਚੜ ਕੇ ਭਾਗ ਲਿਆ।ਗੀਤ ਮੁਕਾਬਲੇ ਸੀਨੀਅਰ ਵਿੰਗ ਵਿੱਚੋਂ ਨਿਊ ਲਾਈਫ ਪਬਲਿਕ ਸਕੂਲ ਦੇ ਵਿਦਿਆਰਥੀਆਂ  ਗੁਰਸ਼ਿੰਦਰ ਸਿੰਘ ਨੇ ਪਹਿਲਾ ਸਥਾਨ ਤੇ ਬਲਜੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦੀ ਪ੍ਰਭਜੋਤ ਕੌਰ ਤੇ ਸਾਥਣਾਂ ਨੇ ਤੀਸਰਾ ਸਥਾਨ ਲਿਆ।ਇਸੇ ਤਰਾਂ ਜੂਨੀਅਰ ਗਰੁੱਪ ਵਿੱਚੋਂ ਉਪਰੋਕਤ ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਖੁਸ਼ਪ੍ਰੀਤ ਕੌਰ ਤੇ ਹਰਸਿਮਰਤ ਸਿੰਘ ਨੇ ਪਹਿਲਾ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਲੇਖ ਲਿਖਣ ਮੁਕਾਬਲੇ ਦੇ ਜੂਨੀਅਰ ਗਰੁੱਪ ਵਿੱਚੋਂ ਪਹਿਲੇ ਤਿੰਨੇ ਸਥਾਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਮੰਨਤਪ੍ਰੀਤ ਕੌਰ,ਨਵਦੀਪ ਕੌਰ ਅਤੇ ਰਮਨਦੀਪ ਕੌਰ ਨੇ ਲਏ।ਸੀਨੀਅਰ ਗਰੁੱਪ ਵਿੱਚੋਂ ਸਸਸਸ ਕੰਨਿਆਂ ਚੋਹਲਾ ਸਾਹਿਬ ਦੀਆਂ ਵਿਦਿਆਰਥਣਾਂ ਮਨਪ੍ਰੀਤ ਕੌਰ ਤੇ ਨਵਜੋਤ ਕੌਰ ਨੇ ਪਹਿਲਾ ਤੇ ਦੂਸਰਾ ਸਥਾਨ ਹਾਸਲ ਕੀਤਾ ਤੇ ਤੀਸਰੇ ਸਥਾਨ ਤੇ ਨਿਊ ਲਾਈਫ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀ ਸੁਮਨਪ੍ਰੀਤ ਕੌਰ ਰਹੀ।ਸੁੰਦਰ ਲਿਖਾਈ ਵਿੱਚੋਂ ਸਬ ਜੀਨੀਅਰ ਗਰੁੱਪ ਵਿੱਚੋਂ ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਦੀਆਂ  ਹਰਲੀਨ ਕੌਰ,ਨਵਨੀਤ ਕੌਰ ਤੇ ਸੁਪਰੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਮਿਡਲ ਵਿੰਗ ਵਿੱਚੋਂ ਅਰਸ਼ਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਸਸਸਸ ਕੰਨਿਆ ਚੋਹਲਾ ਸਾਹਿਬ ਨੇ ਪਹਿਲਾ ਤੇ ਦੂਸਰਾ ਸਥਾਨ ਲਿਆ ਜਦ ਕਿ ਤੀਸਰੇ ਸਥਾਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਚੋਹਲਾ ਸਾਹਿਬ ਦਾ ਜੁਗਰਾਜ ਸਿੰਘ ਰਿਹਾ।
ਸੀਨੀਅਰ ਵਿੰਗ ਵਿੱਚੋਂ ਤਿੰਨੇ ਸਥਾਨ ਸਸਸਸ ਕੰਨਿਆ ਚੋਹਲਾ ਸਾਹਿਬ ਦੀਆਂ ਲੜਕੀਆਂ ਨਵਜੋਤ ਕੌਰ,ਖੁਸ਼ਪ੍ਰੀਤ ਕੌਰ ਅਤੇ ਕੰਵਲਜੀਤ ਕੌਰ ਨੇ ਪ੍ਰਾਪਤ ਕੀਤੇ।ਕੁਇਜ ਮੁਕਾਬਲਿਆਂ ਦੇ ਪੰਜਵੀ ਪੱਧਰ ਤੱਕ ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਸਕੂਲ ( ਲੜਕੇ ) ਚੋਹਲਾ ਸਾਹਿਬ ਦੇ ਲੜਕਿਆਂ ਸੁਖਮਨਪ੍ਰੀਤ ਸਿੰਘ ਤੇ ਅਕਾਸ਼ਦੀਪ ਸਿੰਘ ਨੇ ਪਹਿਲਾ ਤੇ ਦੂਸਰਾ ਸਥਾਨ ਲਿਆ ਜਦ ਕਿ ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਦੀ ਪੂਨਮ ਰਾਣੀ ਨੇ ਤੀਸਰਾ ਸਥਾਨ ਲਿਆ। ਅੱਠਵੀ ਪੱਧਰ ਤੱਕ ਦੇ ਮੁਕਾਬਲਿਆਂ ਵਿੱਚੋਂ ਨਿਊ ਲਾਈਫ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਦੀਆਂ ਲਵਪ੍ਰੀਤ ਕੌਰ,ਕੋਮਲਪ੍ਰੀਤ ਕੌਰ ਤੇ ਕੋਮਲਪਖੀਤ ਕੌਰ ਨੇ ਕ੍ਰਮਵਾਰ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ।ਇਸੇ ਤਰਾਂ ਸੀਨੀਅਰ ਵਿੰਗ ਵਿੱਚੋਂ ਵੀ ਨਿਊ ਲਾਈਫ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਹਰਮਨਦੀਪ ਕੌਰ , ਅਮਨਦੀਪ ਕੌਰ ਤੇ ਸੁਖਬੀਰ ਕੌਰ ਨੇ ਬਾਜ਼ੀ ਮਾਰੀ।ਕਵੀਸ਼ਰੀ ਮੁਕਾਬਲੇ ਵਿੱਚੋਂ ਨਿਊ ਲਾਈਫ ਪਬਲਿਕ ਸਕੂਲ ਦੀ ਟੀਮ ਅਭੀਜੋਤ ਸਿੰਘ,ਸੰਦੀਪ ਕੌਰ ਤੇ ਸਿਮਰਜੀਤ ਕੌਰ ਨੇ ਪਹਿਲਾ ਸਥਾਨ,ਸੰਤ ਬਾਬਾ ਤਾਰਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਭੱਠਲ਼ ਸਹਿਜਾ ਸਿੰਘ ਦੇ ਜੁਗਰਾਜ ਸਿੰਘ , ਹਰਪ੍ਰੀਤ ਸਿੰਘ ਤੇ ਰੋਮਨਪ੍ਰੀਤ ਸਿੰਘ ਨੇ ਦੂਸਰਾ ਸਥਾਨ ਤੇ ਨਿਊ ਲਾਈਫ ਪਬਲਿਕ ਸਕੂਲ ਦੀ ਟੀਮ ਜਸਕਰਨ ਕੌਰ , ਸੁਮਨਦੀਪ ਕੌਰ ਤੇ ਮੁਸਕਾਨਦੀਪ ਕੌਰ ਨੇ ਤੀਸਰਾ ਸਥਾਨ ਲਿਆ।
ਇਹਨਾ ਮੁਕਾਬਲਿਆਂ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਕਮੇਟੀ ਵੱਲੋਂ ਵਿਸ਼ੇਸ਼ ਰੂਪ ਵਿੱਚ ਪਹੁੱਚੇ ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਗਦਰੀ ਪਾਰਟੀ ਦੇ ਸੂਰਬੀਰ ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ ਅੱਗੇ ਜਿੱਥੇ ਸਿਰ ਝੁਕਾਉਂਦੇ ਹਾਂ ਉੱਥੇ ਅੱਜ ਫਿਰ ਕਾਰਪੋਰੇਟਾਂ ਵੱਲੋਂ ਦੇਸ਼ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਗਦਰੀ ਬਾਬਿਆਂ ਵਰਗੇ ਜਜ਼ਬੇ ਦੀ ਲੋੜ ਹੈ।ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਦੇਸ਼ ਭਗਤਾਂ ਵੱਲੋਂ ਪਾਏ ਹੋਏ ਪੂਰਨਿਆਂ ਤੇ ਚਲਦੇ ਹੋਏ ਇਕ ਮੁੱਠ ਹੋਕੇ ਫੁੱਟ ਪਾਊ ਤੇ ਲੋਟੂ ਤਾਕਤਾਂ ਦੇ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਤਿਹਾਸਕਾਰ ਵਿਜੇ ਬੰਬੇਲੀ ਨੇ ਵਿਦਿਆਰਥੀਆਂ ਦੀ ਸਟੇਜੀ ਕੁਸ਼ਲਤਾ ਤੋਂ ਪ੍ਰਭਾਵਿਤ ਹੋਕੇ ਕਿਹਾ ਕਿ ਇਸ ਸੰਸਥਾ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਹੈ ਜੋ ਬਾਲ ਮਨਾਂ ਵਿੱਚ ਦੇਸ਼ ਭਗਤੀ ਦੇ ਬੀਜ ਬੋ ਰਹੀ ਹੈ।ਜੋ ਵਿਦਿਆਰਥੀ ਸੁਰੂਆਤੀ ਦੌਰ ਵਿੱਚ ਸਹੀ ਸੋਚ ਨੂੰ ਅਪਨਾ ਲੈਣ ਉਹ ਜ਼ਿੰਦਗੀ ਵਿੱਚ ਹਮੇਸ਼ਾਂ ਸਫਲ ਰਹਿੰਦੇ ਹਨ। ਉਹਨਾਂ ਨੇ ਜਲੰਧਰ ਵਿਖੇ ਮਨਾਏ ਜਾਂਦੇ ਗਦਰੀ ਮੇਲੇ ਵਿੱਚ ਵੀ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਪ੍ਰੇਰਿਤ ਕੀਤਾ।ਇਸ਼ ਸਮੇਂ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ, ਮੀਤ ਪ੍ਰਧਾਨ ਜਥੇ.ਸਤਨਾਮ ਸਿੰਘ ਚੋਹਲਾ ਸਾਹਿਬ ਅਤੇ ਜਨਰਲ ਸਕੱਤਰ ਕਸ਼ਮੀਰ ਸਿੰਘ ਸੰਧੂ ਵੱਲੋਂ ਵੀ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਗਿਆ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਪਤਵੰਤੇ ਸੱਜਣਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ,  ਅਮਰੀਕ ਸਿੰਘ ਖਜਾਨਚੀ,ਕਮੇਟੀ ਮੈਂਬਰ ਅਵਤਾਰ ਸਿੰਘ ਗਿੱਲ,ਸੁਖਬੀਰ ਸਿੰਘ, ਹਰਜੀਤ ਸਿੰਘ ਬਰਾੜ , ਅਵਤਾਰ ਸਿੰਘ ਰੇਮੰਡ ਵਾਲੇ,ਬੱਲੀ ਸਿੰਘ ਤੇ ਨਵਦੀਪ ਸਿੰਘ ਆਦਿ ਵੀ ਹਾਜ਼ਰ ਸਨ। ਸਟੇਜ ਸੰਚਾਲਨ ਦੀ ਕਾਰਵਾਈ ਪੰਜਾਬੀ ਮਾਸਟਰ ਅਮਰੀਕ ਸਿੰਘ ਨੇ ਬਾਖੂਬੀ ਨਿਭਾਈ। ਜਜਮੈਂਟ ਲਈ ਪ੍ਰਿਤਪਾਲ ਕੌਰ,ਮਨਜਿੰਦਰ ਸਿੰਘ ਰੁਪਿੰਦਰ ਕੌਰ,ਸ਼ਿਮਲਾ ਰਾਣੀ,ਕੁਲਦੀਪ ਸਿੰਘ ਤੇ ਇੰਦਰਦੀਪ ਸਿੰਘ ਨੇ ਆਪਣਾ ਕੰਮ ਬਹੁਤ ਹੀ ਤਨਦੇਹੀ ਨਾਲ ਨਿਭਾਇਆ।ਇਸ ਸਮੇਂ ਸਾਰਾ ਦਿਨ ਚਾਹ ਪਕੌੜਿਆਂ ਤੇ ਪ੍ਰਸਾਦਿਆ ਦਾ ਲੰਗਰ ਚੱਲਦਾ ਰਿਹਾ। ਇਸ ਮੇਲੇ ਤੇ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲਾ ਕਰਕੇ ਅੱਖਾਂ ਦਾ ਫ੍ਰੀ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਮਰੀਜ਼ਾਂ ਨੇ ਭਾਗ ਲੈਕੇ ਇਲਾਜ ਕਰਵਾਇਆ।

LEAVE A REPLY

Please enter your comment!
Please enter your name here