ਦੋ ਮਹੀਨੇ ਪਹਿਲਾਂ ਸੰਗਰੂਰ ਪ੍ਰਸ਼ਾਸਨ ਵੱਲੋਂ ਆਰੰਭੀ ਪਹਿਲਕਦਮੀ ਤਹਿਤ 10 ਨਸ਼ਾ ਪੀੜਤ ਨਸ਼ਿਆਂ ਤੋਂ ਛੁਟਕਾਰਾ ਪਾ ਕੇ ਬਣੇ ਸਵੈ ਰੋਜ਼ਗਾਰ ਦੇ ਸਮਰੱਥ

0
99

ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਡੀ.ਸੀ ਤੇ ਐਸ.ਐਸ.ਪੀ ਨੇ ਦਿੱਤੀ ਜਾਣਕਾਰੀ

ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਰਾਹ ਭਟਕਣ ਵਾਲਿਆਂ ਦੇ ਜੀਵਨ ਨੂੰ ਸੁਧਾਰਨ ਲਈ ਲੋਕਾਂ ਤੋਂ ਮੰਗਿਆ ਸਹਿਯੋਗ

ਸਰਕਾਰੀ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਘਾਬਦਾਂ ਵਿਖੇ ਮੁਫ਼ਤ ਇਲਾਜ ਸਮੇਤ ਹੋਰ ਸੁਵਿਧਾਵਾਂ ਦੀ ਉਪਲਬਧਤਾ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦਾ ਸੱਦਾ

ਸੰਗਰੂਰ, 21 ਅਪ੍ਰੈਲ, 2023: ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ’ਤੇ ਸੰਗਰੂਰ ਜ਼ਿਲ੍ਹੇ ਨੂੰ ਮੁਕੰਮਲ ਤੌਰ ’ਤੇ ਨਸ਼ਾ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਕਰੀਬ ਦੋ ਮਹੀਨੇ ਪਹਿਲਾਂ ਆਰੰਭੀ ਪਹਿਲਕਦਮੀ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਐਸ.ਐਸ.ਪੀ ਸੁਰੇਂਦਰ ਲਾਂਬਾ ਦੀ ਮੌਜੂਦਗੀ ਵਿੱਚ ਨਸ਼ਾ ਮੁਕਤੀ ਮੁਹਿੰਮ ਦੀ ਪ੍ਰਗਤੀ ਸਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਵਰ੍ਹੇ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਨਿਵੇਕਲੀ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਸੰਗਰੂਰ ’ਚ 100 ਨਸ਼ਾ ਪੀੜਤਾਂ ਦੀ ਪਛਾਣ ਕਰਕੇ ਸਰਕਾਰੀ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਘਾਬਦਾਂ ਵਿਖੇ ਉਚਿਤ ਇਲਾਜ ਕਰਵਾ ਕੇ ਨਸ਼ਾ ਮੁਕਤ ਕਰਨ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਦਿਆਂ ਸਵੈ ਰੋਜ਼ਗਾਰ ਦੇ ਸਮਰੱਥ ਬਣਾਉਣ ਦੇ ਮਿੱਥੇ ਟੀਚੇ ਨੂੰ ਬੂਰ ਪੈਣ ਲੱਗ ਗਿਆ ਹੈ ਅਤੇ ਇਸ ਪਹਿਲਕਦਮੀ ਤਹਿਤ ਜੇਰੇ ਇਲਾਜ 60-70 ਵਿਅਕਤੀਆਂ ਵਿੱਚੋਂ 10 ਪੂਰੀ ਤਰ੍ਹਾਂ ਤੰਦਰੁਸਤ ਹੋਣ ਮਗਰੋਂ ਪ੍ਰਸ਼ਾਸਨਿਕ ਸਹਿਯੋਗ ਸਦਕਾ ਸਵੈ ਰੁਜ਼ਗਾਰ ਰਾਹੀਂ ਆਪਣੀ ਆਜੀਵਿਕਾ ਸਫ਼ਲਤਾ ਨਾਲ ਚਲਾ ਰਹੇ ਹਨ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਕੋਈ ਵੀ ਵਿਅਕਤੀ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਹੈ ਤਾਂ ਉਸ ਬਾਰੇ ਉਸ ਦਾ ਪਰਿਵਾਰ ਜਾਂ ਕੋਈ ਵੀ ਹੋਰ ਵਿਅਕਤੀ ਪੁਲਿਸ ਨੂੰ ਸੂਚਨਾ ਦੇ ਸਕਦਾ ਹੈ ਤਾਂ ਜੋ ਰਾਹ ਤੋਂ ਭਟਕਣ ਵਾਲਿਆਂ ਨੂੰ ਨਸ਼ਾ ਮੁਕਤੀ ਕੇਂਦਰ ਘਾਬਦਾਂ ਵਿਖੇ ਦਾਖਲ ਕਰਵਾ ਕੇ ਚੰਗੇ ਰਾਹ ’ਤੇ ਲਿਆਉਣ ਲਈ ਸਾਰਥਕ ਉਪਰਾਲੇ ਕੀਤੇ ਜਾ ਸਕਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਘਾਬਦਾਂ ਵਿਖੇ ਨਸ਼ਿਆਂ ਦੀ ਦਲਦਲ ਵਿੱਚ ਗ੍ਰਸਤ ਵਿਅਕਤੀਆਂ ਨੂੰ ਉਸਾਰੂ ਮਾਹੌਲ ਦੇ ਕੇ ਉਨ੍ਹਾਂ ਵਿੱਚ ਨਵੀਂ ਸ਼ਕਤੀ ਦੀ ਸਿਰਜਣਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਕੇਂਦਰ ਵਿੱਚ ਹਰ ਸੁਵਿਧਾ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ ਜਿਸ ਵਿੱਚ ਰਿਹਾਇਸ਼ ਦੇ ਨਾਲ ਨਾਲ ਭੋਜਨ, ਕਸਰਤ, ਯੋਗਾ, ਖੇਡਾਂ, ਲਾਇਬ੍ਰੇਰੀ, ਜਿੰਮ ਜਿਹੀਆਂ ਸੁਵਿਧਾਵਾਂ ਤੋਂ ਇਲਾਵਾ ਆਰ.ਸੇਟੀ ਦੇ ਸਹਿਯੋਗ ਨਾਲ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਜੇਰੇ ਇਲਾਜ ਵਿਅਕਤੀਆਂ ਨੂੰ ਹੁਨਰਮੰਦ ਬਣਾ ਕੇ ਬਾਅਦ ਵਿੱਚ ਸਵੈ ਰੋਜ਼ਗਾਰ ਦੇ ਸਮਰੱਥ ਬਣਾਇਆ ਜਾ ਸਕੇ।

ਇਸੇ ਦੌਰਾਨ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ਼ ਚੇਤਨਤਾ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਆ ਜਾਵੇ ਅਤੇ ਅਜਿਹੇ ਪ੍ਰੋਗਰਾਮ ਉਲੀਕੇ ਜਾਣ ਜਿਸ ਵਿੱਚ ਵਿਦਿਆਰਥੀਆਂ ਨੂੰ ਪ੍ਰਤੀਯੋਗਤਾਵਾਂ ਰਾਹੀਂ ਨਸ਼ਿਆਂ ਖਿਲਾਫ਼ ਆਪਣੇ ਵਿਚਾਰ ਪ੍ਰਗਟਾਉਣ ਲਈ ਸੁਚੇਤ ਕੀਤਾ ਜਾਵੇ। ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਆਸ਼ਾ ਵਰਕਰਾਂ ਦੀ ਘਰਾਂ ਤੱਕ ਸਿੱਧੀ ਪਹੁੰਚ ਹੋਣ ਕਾਰਨ ਇਹ ਨਸ਼ਾ ਮੁਕਤੀ ਮੁਹਿੰਮ ਵਿੱਚ ਸ਼ਾਨਦਾਰ ਭੂਮਿਕਾ ਨਿਭਾਅ ਸਕਦੇ ਹਨ । ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਸਨੀਕ ਕਿਸੇ ਨਸ਼ਾ ਪੀੜਤ ਬਾਰੇ ਜਾਂ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਬਾਰੇ ਸੂਚਨਾ ਸਾਂਝੀ ਕਰਦਾ ਹੈ ਤਾਂ ਉਸ ਦਾ ਨਾਮ ਪਤਾ ਗੁਪਤ ਰੱਖਿਆ ਜਾਂਦਾ ਹੈ।

ਮੀਟਿੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ, ਓਟ ਕਲੀਨਿਕਾਂ ਦੀ ਕਾਰਗੁਜ਼ਾਰੀ, ਅੰਤਰ ਰਾਜੀ ਪ੍ਰਭਾਵ ਵਾਲੇ ਮਾਮਲਿਆਂ ਦੀ ਜਾਂਚ ਦੀ ਪ੍ਰਗਤੀ, ਵਿੱਦਿਅਕ ਅਦਾਰਿਆਂ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਵਧਾਉਣ, ਐਨ.ਡੀ.ਪੀ.ਐਸ ਐਕਟ ਤਹਿਤ ਕਾਰਵਾਈ ਸਮੇਤ ਹੋਰ ਮੁੱਦਿਆਂ ਬਾਰੇ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ ਗਿਆ।

LEAVE A REPLY

Please enter your comment!
Please enter your name here