ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਨਰਮੇ ਦੀ ਵਧੇਰੇ ਬਿਜਾਈ ਕਰਨ ਕਿਸਾਨ-ਡਿਪਟੀ ਕਮਿਸ਼ਨਰ

0
37

ਮਾਨਸਾ, 22 ਮਈ: ਸਾਉਣੀ 2024 ਦੀਆਂ ਫਸਲਾਂ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਡਾ. ਜਸਵੰਤ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ’ਤੇ ਸੀਨੀਅਰ ਐਨਾਲਿਸਟ, ਕੀਟਨਾਸ਼ਕ ਪਰਖ ਪ੍ਰਯੋਗਸ਼ਾਲਾ, ਬਠਿੰਡਾ, ਡਾ. ਵਰਿੰਦਰ ਕੁਮਾਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਨਵੀਂ ਅਨਾਜ ਮੰਡੀ ਮਾਨਸਾ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਕੀਤਾ।

ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਕਿਸਾਨ ਸਿਖਲਾਈ ਕੈਂਪ ਲਗਾਉਣ ਦਾ ਮੰਤਵ ਖੇਤੀਬਾੜੀ ਸਬੰਧੀ ਜਾਰੀ ਹੋਈਆਂ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣਾ ਹੁੰਦਾ ਹੈ ਤਾਂ ਜੋ ਕਿਸਾਨ ਇੰਨ੍ਹਾਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਅਪਣਾ ਕੇ ਲਾਹਾ ਲੈ ਸਕਣ। ਉਨ੍ਹਾਂ ਕਿਸਾਂਨਾਂ ਨੂੰ ਸਾਉਣੀ 2024 ਦੌਰਾਨ ਨਰਮੇ ਦੀ ਵੱਧ ਤੋਂ ਵੱਧ ਫਸਲ ਦੀ ਬਿਜਾਈ ਕਰਨ ਲਈ ਕਿਹਾ ਤਾਂ ਜੋ ਝੋਨੇ ਹੇਠੋਂ ਰਕਬਾ ਘਟਾ ਕੇ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ।

ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਕੀਤੀ ਤਾਂ ਜੋ ਖੇਤੀਬਾੜੀ ਦੇ ਨਾਲ—ਨਾਲ ਡੇਅਰੀ, ਬਾਗਬਾਨੀ, ਫੂਡ ਪ੍ਰਸੈਸਇੰਗ ਆਦਿ ਜ਼ਰੀਏ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਉਨ੍ਹਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਅਤੇ ਪੈਦਾਵਾਰ ਵਧਾਉਣ ਲਈ ਖੇਤੀਬਾੜੀ ਮਾਹਿਰਾਂ ਦੀ ਸਲਾਹ ਲੈਣ ਲਈ ਕਿਹਾ।

ਸੀਨੀਅਰ ਐਨਾਲਿਸਟ, ਕੀਟਨਾਸ਼ਕ ਪਰਖ ਪ੍ਰਯੋਗਸ਼ਾਲਾ ਬਠਿੰਡਾ, ਡਾ. ਵਰਿੰਦਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ 2024 ਦੌਰਾਨ ਨਰਮੇ ਦੀ ਫਸਲ ਹੇਠ 34 ਹਜ਼ਾਰ ਹੈਕਟੇਅਰ ਨਰਮੇ ਦੀ ਬਿਜਾਈ ਕੀਤੇ ਜਾਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਅਨੁਸਾਰ ਕਿਸਾਨਾਂ ਨੂੰ ਨਰਮੇ ਦੀ ਫਸਲ ਦੀ ਬਿਜਾਈ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਵਰਤੋਂ ਨੂੰ ਘੱਟ ਕੀਤਾ ਜਾ ਸਕੇ।

ਕਿਸਾਨ ਸਿਖਲਾਈ ਕੈਂਪ ਵਿੱਚ ਜ਼ਿਲ੍ਹੇ ਭਰ ’ਚੋਂ ਲਗਭਗ 1000 ਕਿਸਾਨਾਂ ਨੇ ਭਾਗ ਲਿਆ। ਕੈਂਪ ਵਿੱਚ ਤਕਨੀਕੀ ਜਾਣਕਾਰੀ ਦੇਣ ਲਈ ਸਾਇੰਸਦਾਨਾਂ ਦੀ ਟੀਮ ਡਾ. ਅਮਰਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਸਾਰ ਮਾਹਿਰ, ਫਾਰਮਰ ਸਲਾਹਕਾਰ ਕੇਂਦਰ ਬਠਿੰਡਾ ਟੀਮ ਇੰਚਾਰਜ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ’ਤੇ ਆਈ ਹੋਈ ਸੀ। ਮਾਹਿਰਾਂ ਵਿਚ ਡਾ. ਨਵਨੀਤ ਕੌਰ, ਜ਼ਿਲ੍ਹਾ ਪ੍ਰਸਾਰ ਮਾਹਿਰ, ਫਾਰਮਰ ਸਲਾਹਕਾਰ ਕੇਂਦਰ ਬਠਿੰਡਾ, ਵੱਲੋਂ ਸਾਉਣੀ ਦੀਆਂ ਦੀ ਕਾਸ਼ਤ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਡਾ: ਰਣਵੀਰ ਸਿੰਘ, ਕੀਟ ਵਿਗਿਆਨੀ, ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਸਾਉਣੀ ਦੀਆਂ ਫਸਲਾਂ ਵਿੱਚ ਕੀੜੇ—ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਸਬੰਧੀ ਅਤੇ ਟੀਮ ਇੰਚਾਰਜ ਡਾ. ਅਮਰਜੀਤ ਸਿੰਘ ਸੰਧੂ ਵੱਲੋਂ ਫਲਾਂ ਅਤੇ ਸਬਜੀਆਂ ਦੀ ਸਫਲ ਕਾਸ਼ਤ ਸਬੰਧੀ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਵੱਲੋਂ ਪੇਸ਼ ਕੀਤੇ ਗਏ ਸਵਾਲਾਂ ਦੇ ਢੁੱਕਵੇਂ ਹੱਲ ਦੱਸੇ ਗਏ।

ਡਾ.  ਹਰਵਿੰਦਰ ਸਿੰਘ, ਖੇਤੀਬਾੜੀ ਅਫਸਰ, ਬਲਾਕ ਭੀਖੀ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਖੇਤੀਬਾੜੀ ਵਿਭਾਗ ਵੱਲੋਂ ਹਰ ਮਹੀਨੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਏ ਜਾਂਦੇ ਹਨ ਅਤੇ ਇੰਨ੍ਹਾਂ ਕਿਸਾਨ ਸਿਖਲਾਈ ਕੈਂਪਾਂ ਰਾਹੀਂ ਖੇਤੀਬਾੜੀ ਸਬੰਧੀ ਨਵੀਆਂ ਸਿਫਾਰਸਾਂ, ਬਿਮਾਰੀਆਂ/ਕੀੜੇ—ਮਕੌੜਿਆਂ ਦੀ ਰੋਕਥਾਮ ਸਬੰਧੀ ਜਰੂਰੀ ਜਾਣਕਾਰੀ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਈ ਜਾਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਂਦੇ ਹੋਏ ਇਨ੍ਹਾਂ ਕੈਂਪਾਂ ਦਾ ਲਾਹਾ ਲਿਆ ਜਾਵੇ।

ਡਾ. ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਮਾਨਸਾ, ਡਾ. ਅਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਭੀਖੀ,  ਡਾ. ਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ ਮਾਨਸਾ ਆਦਿ ਅਧਿਕਾਰੀਆਂ ਵੱਲੋਂ ਵੱਖ—ਵੱਖ ਵਿਸ਼ਿਆਂ ਸਬੰਧੀ ਖੇਤੀਬਾੜੀ ਦੀਆਂ ਤਕਨੀਕਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਗਈਆਂ। ਅਖੀਰ ਵਿੱਚ ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ, ਕਿਸਾਨਾਂ, ਸਾਇੰਸਦਾਨਾ ਦਾ ਧੰਨਵਾਦ ਕੀਤਾ ਗਿਆ। ਕੈਂਪ ਵਿੱਚ ਵੱਖ—ਵੱਖ ਸਰਕਾਰੀ/ਅਰਧ ਸਰਕਾਰੀ ਅਦਾਰਿਆਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਸਟਾਲਾਂ ਲਗਾਈਆਂ ਗਈਆਂ, ਜਿੰਨ੍ਹਾਂ ਦਾ ਕਿਸਾਨਾਂ ਵੱਲੋਂ ਭਰਪੂਰ ਲਾਭ ਉਠਾਇਆ ਗਿਆ।

LEAVE A REPLY

Please enter your comment!
Please enter your name here