ਅੰਮ੍ਰਿਤਸਰ 23 ਨਵੰਬਰ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੂੰ ਰਵਾਇਤ ਮੁਤਾਬਿਕ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਤੇ ਗਏ ਸਨਮਾਨ ਦੀ ਤਸਵੀਰ ਨੂੰ ਇਕ ਸਜਾਵਟੀ ਟਰੱਕ ਨਾਲ ਤੁਲਨਾ ਕਰਦਿਆਂ ਦੀ ਫੇਸ ਬੁੱਕ ’ਤੇ ਪੋਸਟ ਕਰ ਕੇ ਜਾਣਬੁੱਝ ਕੇ ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਖਿਲੇਸ਼ ਯਾਦਵ ਸਮੇਤ ਕਸੂਰਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ. ਪੀ. ਸ੍ਰੀ ਸਵਪਨ ਸ਼ਰਮਾ ਦੇ ਨਾਮ ਐਸ ਪੀ ਸ੍ਰੀਮਤੀ ਜਸਵੰਤ ਕੌਰ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਪ੍ਰੋ: ਸਰਚਾਂਦ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਦੇ ਸੋਸ਼ਲ ਮੀਡੀਆ ਫੇਸ ਬੁੱਕ ਪੇਜ ( Samajwadi party सिरसागंज-फ़िरोज़ाबाद ) https://www.facebook.com/youthvoteforcycle ’ਤੇ 10 ਨਵੰਬਰ 2022 ਨੂੰ ਦੁਪਹਿਰ 2:14 ਵਜੇ ਵਿਅੰਗਾਤਮਿਕ ’’Samepinch ’’ ਲਿਖ ਕੇ ਪਾਈ ਗਈ ਇਕ ਗ਼ਲਤ ਤੇ ਇਤਰਾਜ਼ਯੋਗ ਪੋਸਟ ਨੇ ਉਸ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਇਸ ਹਿਰਦੇਵੇਧਕ ਪੋਸਟ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਦੀ 17 ਸਤੰਬਰ 2021 ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਨਤਮਸਤਕ ਹੋਣ ਸਮੇਂ ਪ੍ਰਬੰਧਕੀ ਕਮੇਟੀ ਵੱਲੋਂ ਤਖ਼ਤ ਸਾਹਿਬ ਦੀ ਪੁਰਾਤਨ ਰਵਾਇਤ ਮੁਤਾਬਿਕ ਉਨ੍ਹਾਂ ਨੂੰ ਦਸਤਾਰ, ਚੋਲ੍ਹਾ ( ਰਵਾਇਤੀ ਪੋਸ਼ਾਕ) ਦੁਸ਼ਾਲਾ ਅਤੇ ਸਿਰੋਪਾਉ ਨਾਲ ਸਨਮਾਨਿਤ ਕੀਤੇ ਜਾਣ ਸਮੇਂ ਲਈ ਗਈ ਇਕ ਯਾਦਗਾਰੀ ਤਸਵੀਰ ਦੀ ਵਰਤੋਂ ਗ਼ਲਤ ਮਕਸਦ ਲਈ ਕੀਤੀ ਗਈ ਹੈ। ਇਸ ਪ੍ਰਕਾਰ ਉਕਤ ਰੰਗਦਾਰ ਪੋਸ਼ਾਕ ਵਾਲੀ ਤਸਵੀਰ ਨਾਲ ਉਸੇ ਤਰਾਂ ਦੇ ਰੰਗਾਂ ਵਾਲੇ ਇਕ ਰਾਹ ਜਾਂਦੇ ਸਜਾਵਟੀ ਟਰੱਕ ਨੂੰ ਪੇਸ਼ ਕਰਦਿਆਂ ਅਤੇ ਤਖ਼ਤ ਸਾਹਿਬ ਦੀ ਰਵਾਇਤੀ ਸਨਮਾਨ ਬਾਰੇ ਵੀ ਗ਼ਲਤ ਟਿੱਪਣੀ ਕਰਕੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਤੋਂ ਇਲਾਵਾ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਬਾਰੇ ਹੀ ਗ਼ਲਤ ਤੇ ਵਿਅੰਗਾਤਮਿਕ ਟਿੱਪਣੀ ਕਰਕੇ ਸਮਾਜਵਾਦੀ ਪਾਰਟੀ ਦੇ ਆਗੂਆਂ ਵੱਲੋਂ ਰਾਸ਼ਟਰ ਦੇ ਗ੍ਰਹਿ ਮੰਤਰੀ ਦੇ ਸਤਿਕਾਰਤ ਅਹੁਦੇ ਦਾ ਵੀ ਅਪਮਾਨ ਕੀਤਾ ਗਿਆ ਹੈ। ਜੋ ਕਿ ਨਿੰਦਣਯੋਗ ਅਤੇ ਅਸਹਿਣਯੋਗ ਹੋਣ ਦੇ ਨਾਲ ਨਾਲ ਸਮਾਜ ਵਿਚ ਨਫ਼ਰਤ ਪੈਦਾ ਕਰਨ ਦੀ ਇਕ ਵੱਡੀ ਸਾਜ਼ਿਸ਼ ਦੀ ਹਿੱਸਾ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਰਾਸ਼ਟਰ ਵਿਰੋਧੀ ਅਤੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਤੋਂ ਇਲਾਵਾ ਸਮਾਜ ਵਿਚ ਨਫ਼ਰਤ ਫੈਲਾਉਣ ਲਈ ਸਮਾਜਵਾਦੀ ਪਾਰਟੀ ਨਾਲ ਸਬੰਧਿਤ ਕਸੂਰਵਾਰ ਵਿਅਕਤੀਆਂ ਖ਼ਿਲਾਫ਼ ਉਨ੍ਹਾਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਦੌਰਾਨ ਕਿਸੇ ਦੀ ਵੀ ਅਜਿਹਾ ਕਰਨ ਦੀ ਹਿੰਮਤ ਨਾ ਪਵੇ।
ਪੱਤਰ ਵਿਚ ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਉਹ ਇਕ ਅੰਮ੍ਰਿਤਧਾਰੀ ਗੁਰਸਿੱਖ ਹੈ ਅਤੇ ਗੁਰਬਾਣੀ, ਸਿੱਖੀ ਸਿਧਾਂਤ ਅਤੇ ਪਰੰਪਰਾ ਵਿਚ ਪੂਰੀ ਸ਼ਰਧਾ ਅਤੇ ਆਸਥਾ ਰੱਖਦਾ ਹੈ। ਸਿੱਖ ਪੰਥ ਵਿਚ ਤਖ਼ਤ ਸਾਹਿਬਾਨ ਦੀ ਆਪਣੀ ਵਿਲੱਖਣ ਸਥਾਨ ਹੈ। ਹਰ ਕੋਈ ਗੁਰਸਿੱਖ ਉਨ੍ਹਾਂ ਅਸਥਾਨਾਂ ਵਿਚ ਪ੍ਰਚਲਿਤ ਰਵਾਇਤਾਂ ਦਾ ਸਤਿਕਾਰ ਅਤੇ ਕਦਰ ਕਰਦਾ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਤਖ਼ਤ ਸਾਹਿਬਾਨ ਤੋਂ ਜਾਰੀ ਕੀਤੇ ਜਾਂਦੇ ਹੁਕਮਨਾਮੇ ਸਿੱਖ ਪੰਥ ਲਈ ਇਲਾਹੀ ਫ਼ਰਮਾਨ ਹਨ। ਮਹਾਰਾਸ਼ਟਰ ਵਿਚ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਅਬਚਲ ਨਾਂਦੇੜ, ਸਿੱਖ ਪੰਥ ਦਾ ਚੌਥਾ ਤਖ਼ਤ ਹੈ। ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੀਵਨ ਦੇ ਆਖ਼ਰੀ ਸਾਲ ਬਿਤਾਏ ਹਨ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਗਈ। ਤਖ਼ਤ ਸਾਹਿਬ ਦੀ ਪੁਰਾਤਨ ਰਵਾਇਤ ਮੁਤਾਬਿਕ ਸੱਚਖੰਡ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਅਹਿਮ ਸ਼ਖ਼ਸੀਅਤਾਂ ਨੂੰ ਦਸਤਾਰ, ਚੋਲ੍ਹਾ ( ਰਵਾਇਤੀ ਪੋਸ਼ਾਕ) ਦੁਸ਼ਾਲਾ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।