ਨਕੋਦਰ ‘ਚ ਕੱਪੜਾ ਵਪਾਰੀ ਅਤੇ ਗੰਨਮੈਨ ਦਾ ਗੋਲੀਆਂ ਮਾਰ ਕੇ ਕਤਲ 1 ਨਵੰਬਰ ਨੂੰ ਮੰਗੀ ਸੀ 30 ਲੱਖ ਦੀ ਫਿਰੌਤੀ

0
325

ਜਲੰਧਰ, ਸਾਂਝੀ ਸੋਚ ਬਿਊਰੋ -ਸੁਲਤਾਨਪੁਰ ਲੋਧੀ 8 ਦਸੰਬਰ 2022 : ਦੁਆਬੇ ਦੇ ਮਸ਼ਹੂਰ ਕਸਬੇ ਨਕੋਦਰ ਜਿਲਾ ਜਲੰਧਰ ਵਿਖੇ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਇੱਥੇ ਦੇ ਕੱਪੜਾ ਵਪਾਰੀ ਦਾ 30 ਲੱਖ ਦੀ ਫਿਰੌਤੀ ਨਾ ਦੇਣ ’ਤੇ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਕੱਪੜਾ ਵਪਾਰੀ ਦਾ ਗੰਨਮੈਨ ਪੂਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਗੰਨਮੈਨ ਦੀ ਵੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੱਪੜਾ ਵਪਾਰੀ ਭੁਪਿੰਦਰ ਸਿੰਘ ਉਰਫ ਟਿੰਮੀ ਚਾਵਲਾ (39) ਪੁੱਤਰ ਹਰਮਿੰਦਰ ਸਿੰਘ ਵਾਸੀ ਆਦਰਸ਼ ਕਾਲੋਨੀ ਨਕੋਦਰ ਨੂੰ ਅਣਪਛਾਤੇ ਹਮਲਾਵਰਾਂ ਨੇ ਰਾਇਲ ਟਾਵਰ ਕੋਲ ਉਸ ਦੀ ਦੁਕਾਨ ’ਤੇ ਰਾਤ 8.30 ਵਜੇ ਦੇ ਲੱਗਭਗ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਗੰਨਮੈਨ ਵੀ ਇਸ ਗੋਲ਼ੀਬਾਰੀ ’ਚ ਜ਼ਖ਼ਮੀ ਹੋ ਗਿਆ। ਜਿਵੇਂ ਹੀ ਗੋਲ਼ੀਆਂ ਚੱਲੀਆਂ ਤਾਂ ਪੂਰੇ ਬਾਜ਼ਾਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿਤੀਆਂ।

ਪੁਲਸ ਨੂੰ ਜਦੋਂ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ ਤਾਂ ਆਈ. ਜੀ. ਗੁਰਸ਼ਰਨ ਸਿੰਘ, ਐੱਸ. ਐੱਸ. ਪੀ. ਸਵਰਨਦੀਪ ਸਿੰਘ, ਡੀ. ਐੱਸ. ਪੀ. ਸਰਬਜੀਤ ਸਿੰਘ ਬਾਹੀਆ ਅਤੇ ਡੀ. ਐੱਸ. ਪੀ. ਹਰਜਿੰਦਰ ਸਿੰਘ ਨਾਲ ਵੱਖ-ਵੱਖ ਥਾਣਿਆਂ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਪੁਲਸ ਨੇ ਮੌਕੇ ’ਤੇ ਕੁਝ ਗੋਲ਼ੀਆਂ ਦੇ ਖੋਲ ਬਰਾਮਦ ਕੀਤੇ। ਇਸ ਘਟਨਾ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਇਕ ਤਾਂ ਦਹਿਸ਼ਤ ਪੈਦਾ ਹੋ ਗਈ ਹੈ ਅਤੇ ਉਪਰੋਂ ਪੁਲਸ ਦੀ ਕਾਰਜਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਵੀ ਲੱਗ ਗਿਆ ਕਿ ਗੈਂਗਸਟਰ ਸ਼ਰੇਆਮ ਹਥਿਆਰ ਲੈ ਕੇ ਘੁੰਮ ਰਹੇ ਹਨ ਅਤੇ ਪੁਲਸ ਦਾਅਵੇ ਕਰ ਰਹੀ ਹੈ ਕਿ ਗੰਨ ਕਲਚਰ ਨੂੰ ਖ਼ਤਮ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 1 ਨਵੰਬਰ ਨੂੰ ਗੈਂਗਸਟਰ ਇੰਦਾ ਨੇ ਕੱਪੜਾ ਵਪਾਰੀ ਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ, ਜਿਸ ਤੋਂ ਬਾਅਦ ਪੁਲਸ ਨੇ ਕੱਪੜਾ ਵਪਾਰੀ ਨੂੰ ਗੰਨਮੈਨ ਦਿੱਤਾ ਅਤੇ ਗੈਂਗਸਟਰ ਇੰਦਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ, ਪਰ ਇਸ ਦੇ ਬਾਵਜੂਦ ਕੱਪੜਾ ਵਪਾਰੀ ਦਾ ਕਤਲ ਹੋ ਗਿਆ।

LEAVE A REPLY

Please enter your comment!
Please enter your name here