ਨਜਾਇਜ਼ ਅਤੇ ਬੇਲੋੜੀਆਂ ਸ਼ਰਤਾਂ ਲਗਾ ਕੇ ਰੋਕੀਆਂ ਗਈਆਂ ਬਦਲੀਆਂ ਤੁਰੰਤ ਲਾਗੂ ਕੀਤੀਆਂ ਜਾਣ- ਡੀ ਟੀ ਐੱਫ

0
287

* ਸਕੂਲਾਂ ਵਿੱਚ 50% ਤੋਂ ਘੱਟ ਸਟਾਫ ਸਰਕਾਰ ਦੀ ਸਿੱਖਿਆ ਪ੍ਰਤੀ ਅਣਗਹਿਲੀ ਦਾ ਵੱਡਾ ਸਬੂਤ
* ਬਦਲੀਆਂ ਤੋਂ ਵਾਂਝੇ ਰਹਿ ਗਏ ਅਧਿਆਪਕ 8 ਦਸੰਬਰ ਦੇ ਸਾਂਝੇ ਮੋਰਚੇ ਦੇ ਧਰਨੇ ਵਿੱਚ ਕਰਨਗੇ ਸ਼ਮੂਲੀਅਤ
ਚੰਡੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ) -ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਪਿਛਲੇ ਸਮੇਂ ਵੱਖ ਬਦਲੀਆਂ ਦੀਆਂ ਸੂਚੀਆਂ ਵਿੱਚ ਅਨੇਕਾਂ ਅਧਿਆਪਕਾਂ ਦੀਆਂ ਬਦਲੀਆਂ ਦੇ ਹੁਕਮ ਜਾਰੀ ਹੋਣ ਦੇ ਬਾਵਜੂਦ ਵੀ ਬਦਲੀਆਂ ਲਾਗੂ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਵਿਭਾਗ ਨੇ ਸਾਬਕਾ ਸਿੱਖਿਆ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਅਦ ਵਿੱਚ ਬਦਲੀਆਂ ਲਾਗੂ ਕਰਨ ਤੇ ਕਈ ਪ੍ਰਕਾਰ ਦੀਆਂ ਸ਼ਰਤਾਂ ਜਿਵੇਂ ਸਿੰਗਲ ਟੀਚਰ, 50% ਸਟਾਫ, ਬਦਲਵਾਂ ਪ੍ਰਬੰਧ, ਪਰਖ ਸਮਾਂ ਆਦਿ ਲਗਾ ਦਿੱਤੀਆਂ ਜਿਸ ਕਾਰਨ ਲਗਭਗ 30% ਅਤਿ ਲੋੜਵੰਦ ਅਧਿਆਪਕ ਬਦਲੀਆਂ ਤੋਂ ਵਾਂਝੇ ਰਹਿ ਗਏ। ਉਨ੍ਹਾਂ ਕਿਹਾ ਕਿ ਜਿਹੜੀਆਂ ਸ਼ਰਤਾਂ ਤਹਿਤ ਅਧਿਆਪਕਾਂ ਦੀ ਬਦਲੀਆਂ ਨੂੰ ਰੋਕਿਆ ਗਿਆ ਇਹਨਾਂ ਸ਼ਰਤਾਂ ਵਿੱਚੋਂ ਅਨੇਕਾਂ ਬਦਲੀ ਨੀਤੀ ਵਿੱਚ ਸ਼ਾਮਿਲ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਕਿਸੇ ਸਕੂਲ ਵਿੱਚ 50% ਤੋਂ ਵੀ ਘੱਟ ਸਟਾਫ ਸਰਕਾਰ ਦਾ ਵਿਦਿਆਰਥੀਆਂ ਦੀ ਸਿੱਖਿਆ ਪ੍ਰਤੀ ਅਣਗਹਿਲੀ ਦਾ ਵੱਡਾ ਸਬੂਤ ਹੈ ਅਤੇ ਇਸਦਾ ਹੱਲ ਸਰਕਾਰ ਨੂੰ ਤੁਰੰਤ ਭਰਤੀ ਕਰਕੇ ਕਰਨਾ ਚਾਹੀਦਾ ਸੀ ਨਾ ਕਿ ਅਧਿਆਪਕਾਂ ਦੀਆਂ ਬਦਲੀਆਂ ਰੋਕ ਕੇ। ਡੀਟੀਐੱਫ ਆਗੂਆਂ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪਹਿਲੇ ਐਲਾਨਾਂ ਵਿੱਚ ਅਧਿਆਪਕਾਂ ਨੂੰ ਨੇੜੇ ਸਟੇਸ਼ਨ ਦੇਣ ਦੀਆਂ ਗੱਲਾਂ ਸਟੇਜਾਂ ਤੋਂ ਕੀਤੀਆਂ ਸਨ ਪਰ ਅਸਲੀਅਤ ਵਿੱਚ ਬਦਲੀ ਹੋ ਜਾਣ ਦੇ ਬਾਵਜੂਦ ਵੀ ਸਮੇਤ ਔਰਤ ਅਧਿਆਪਕਾਵਾਂ, ਅਧਿਆਪਕ ਘਰਾਂ ਤੋਂ ਸੈਂਕੜੇ ਕਿਲੋਮੀਟਰਾਂ ਤੇ ਰਹਿਣ ਲਈ ਮਜਬੂਰ ਹਨ ਅਤੇ ਉਹਨਾਂ ਦੇ ਪਰਿਵਾਰ ਰੁਲ ਰਹੇ ਹਨ। ਕਈਆਂ ਨੂੰ ਇਹ ਸੰਤਾਪ ਭੋਗਦਿਆਂ 10-10 ਸਾਲ ਤੋਂ ਵੀ ਵੱਧ ਦਾ ਸਮਾਂ ਲੰਘ ਚੁੱਕਾ ਹੈ। ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਮੀਤ ਪ੍ਰਧਾਨ ਗੁਰਪਿਆਰ ਕੋਟਲੀ, ਮੀਤ ਪ੍ਰਧਾਨ ਰਾਜੀਵ ਕੁਮਾਰ ਬਰਨਾਲਾ, ਮੀਤ ਪ੍ਰਧਾਨ ਜਗਪਾਲ ਬੰਗੀ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਮੀਤ ਪ੍ਰਧਾਨ ਜਸਵਿੰਦਰ ਔਜਲਾ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੰਯੁਕਤ ਸਕੱਤਰ ਦਲਜੀਤ ਸਫੀਪੁਰ, ਕੁਲਵਿੰਦਰ ਸਿੰਘ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ, ਜੱਥੇਬੰਦਕ ਸਕੱਤਰ ਰੁਪਿੰਦਰ ਪਾਲ ਗਿੱਲ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਐਲਾਨ ਕੀਤਾ ਕਿ ਜੇਕਰ ਅਧਿਆਪਕਾਂ ਦੀ ਇਸ ਜਾਇਜ਼ ਮੰਗ ਦਾ ਸਰਕਾਰ ਨੇ ਕੋਈ ਹੱਲ ਨਾ ਕੱਢਿਆ ਤਾਂ ਅਧਿਆਪਕ ਮਜ਼ਬੂਰਨ ਸੰਘਰਸ਼ ਦਾ ਰਾਹ ਫੜਣਗੇ ਅਤੇ 8 ਦਸੰਬਰ ਨੂੰ ਸਾਂਝਾ ਅਧਿਆਪਕ ਮੋਰਚਾ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਬਦਲੀਆਂ ਤੋਂ ਵਾਂਝੇ ਰਹਿ ਗਏ ਅਧਿਆਪਕ ਵੱਡੀ ਗਿਣਤੀ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਬੈਨਰ ਹੇਠ ਸ਼ਾਮਲ ਹੋਣਗੇ।

LEAVE A REPLY

Please enter your comment!
Please enter your name here