ਨਵਜੋਤ ਸਿੱਧੂ ਦੀ ਰਹਾਇਸ਼ੀ ਕਲੋਨੀ ਹੋਲੀ ਸਿਟੀ ਦਾ ਡਰੇਨ ਤੇ ਬਣਿਆਂ ਪੁਲ ਗੈਰ ਕਾਨੂੰਨੀ ਘੋਸ਼ਿਤ

0
150

ਲੋਕਾਂ ਉਪਰ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ
ਮੁੱਖ ਮੰਤਰੀ ਤੋਂ ਕਲੋਨਾਈਜ਼ਰ ਵਿਰੁੱਧ ਕਾਰਵਾਈ ਦੀ ਮੰਗ
ਐਸੋਸੀਏਸ਼ਨ ਵਲੋਂ ਪੁਲ ਨਾ ਢਾਉਣ ਦੀ ਅਪੀਲ
ਅੰਮ੍ਰਿਤਸਰ, 7 ਜੁਲਾਈ
ਨਵਜੋਤ ਸਿੱਧੂ ਦੀ ਰਹਾਇਸ਼ੀ ਕਲੋਨੀ ਹੋਲੀ ਸਿਟੀ ਵਿੱਚ ਦਾਖਲ ਹੋਣ ਲਈ ਤੁੰਗ ਢਾਬ ਡਰੇਨ ਤੇ ਬਣੇਂ ਪੁਲ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਗੈਰ ਕਾਨੂੰਨੀ ਘੋਸ਼ਿਤ ਕਰਦਿਆਂ ਇਸ ਪੁਲ ਨੂੰ ਢਾਉਣ ਦੇ ਆਦੇਸ਼ ਦਿੱਤੇ ਹਨ। ਕਰੋੜਾਂ ਰੁਪਏ ਖਰਚ ਕੇ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਕਲੋਨੀ ਵਿੱਚ ਰਹਿ ਰਹੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਲੋਕ ਇਸ ਕਲੋਨਾਈਜ਼ਰ ਵਿਰੁੱਧ ਧੋਖਾਧੜੀ ਕਰਨ ਦਾ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਹਵਾਈ ਅੱਡਾ ਰੋਡ ਨੇੜੇ ਬਾਈਪਾਸ ਉਪਰ ਬਣੀ ਇਹ ਕਾਲੋਨੀਂ ਪਿਛਲੇ ਕੁਝ ਸਾਲਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਕਲੋਨਾਈਜ਼ਰ ਵਲੋਂ ਕੀਤੀਆਂ ਗਈਆਂ ਅਨੇਕਾਂ ਬੇਨਿਯਮੀਆਂ ਨੂੰ ਲੈ ਕੇ ਕਲੋਨੀ ਵਾਸੀ ਪਹਿਲਾਂ ਹੀ ਸਰਕਾਰੇ ਦਰਬਾਰੇ ਅਤੇ ਮਾਣਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ। ਕਲੋਨੀ ਦੇ ਬਾਹਰੋਂ ਅਟਾਰੀ ਬਾਰਡਰ ਨੂੰ ਜਾਣ ਵਾਲੇ ਮੁੱਖ ਹਾਈਵੇ ਨਾਲ ਵਗਦੀ ਤੁੰਗ ਢਾਬ ਡਰੇਨ ਉਪਰ ਕਲੋਨਾਈਜ਼ਰ ਵਲੋਂ ਕਲੋਨੀ ਕੱਟਣ ਤੋਂ ਪਹਿਲਾਂ ਕਥਿਤ ਗੈਰ ਕਾਨੂੰਨੀ ਤਰੀਕੇ ਨਾਲ ਪੁਲ ਉਸਾਰਿਆ ਗਿਆ ਸੀ ਅਤੇ ਇਸ ਸਬੰਧੀ ਉਸ ਸਮੇਂ ਸਾਲ 2004 ਵਿਚ ਵੀ ਮਹਿਕਮੇ ਨੂੰ ਇਸ ਗੈਰ ਕਾਨੂੰਨੀ ਪੁਲ ਦੀ ਸ਼ਿਕਾਇਤ ਮਿਲੀ ਸੀ ਜਿਸ ਉਪਰ ਕਾਰਵਾਈ ਕਰਦਿਆਂ ਸਬੰਧਿਤ ਅਧਿਕਾਰੀਆਂ ਨੂੰ ਜਾਂਚ ਕਰਨ ਲਈ ਕਿਹਾ ਗਿਆ ਸੀ ਅਤੇ ਫਿਰ 15/6/2004 ਨੂੰ ਮਹਿਕਮੇ ਦੇ ਅਧਿਕਾਰੀਆਂ ਨੇ ਕਾਰਜਕਾਰੀ ਇੰਜੀਨੀਅਰ ਅੰਮ੍ਰਿਤਸਰ ਜਲ ਨਿਕਾਸ ਮੰਡਲ ਨੂੰ ਪੱਤਰ ਨੰਬਰ
511ਤਹਿਤ ਦੱਸਿਆ ਗਿਆ ਕਿ ਆਪ ਜੀ ਦੇ ਪੱਤਰ ਨੰਬਰ ਪਿੱਠ ਅੰਕ ਨੰਬਰ 2806/2004 ਮਿਤੀ 14/6/2004 ਦੇ ਤਹਿਤ ਇਲਾਕੇ ਦੇ ਜੇ ਈ ਤੋਂ ਹੋਰ ਟੀਮ ਨਾਲ ਮੌਕੇ ਤੇ ਜਾ ਕੇ ਵੇਖਿਆ ਗਿਆ ਹੈ ਡਰੇਨ ਦੀ ਭੁਰਜੀ 35150 ਦੇ ਸਾਹਮਣੇ ਬਣਾਇਆਂ ਜਾ ਰਿਹਾ ਇਹ ਪੁਲ ਗੈਰਕਾਨੂੰਨੀ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ 20 ਸਾਲ ਤੱਕ ਮਹਿਕਮੇ ਵਲੋਂ ਇਸ ਰਿਪੋਰਟ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਨਾਲ ਮਹਿਕਮੇ ਦੇ ਅਧਿਕਾਰੀਆਂ ਦੇ ਕੰਮਕਾਜ ਉਪਰ ਸਵਾਲੀਆ ਚਿੰਨ੍ਹ ਲੱਗਦਾ ਹੈ। ਇਸਤੋ ਅੱਗੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਪੁੱਡਾ ਵਲੋਂ ਕੀ ਵੇਖਕੇ ਇਸ ਕਲੋਨਾਈਜ਼ਰ ਨੂੰ ਲਾਇਸੈਂਸ ਜਾਰੀ ਕੀਤੇ ਗਏ ਸਨ। ਪਿਛਲੇ ਵੀਹ ਸਾਲਾਂ ਤੋਂ ਇਹ ਕਲੋਨਾਈਜਰ ਅਰਬਾਂ ਰੁਪਏ ਕਮਾ ਚੁੱਕਾ ਹੈ ਅਤੇ ਲੋਕਾਂ ਤੇ ਸਰਕਾਰ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਇਸ ਕਲੋਨਾਈਜਰ ਵਲੋਂ ਡਰੇਨ ਦੇ ਨੇੜਿਓਂ ਸਰਕਾਰੀ ਰਸਤਾ ਪੁੱਟਿਆ ਗਿਆ ਹੈ ਪਰ ਮਹਿਕਮਾ ਇਸ ਸਬੰਧੀ ਵੀ ਮੌਣ ਧਾਰੀ ਬੈਠਾ ਹੈ।
ਅੱਜ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਕਲੋਨੀ ਦੇ ਮੁੱਖ ਗੇਟ ਉਪਰ ਲਾਏ ਪੁਲ ਦੇ ਗੈਰਕਾਨੂੰਨੀ ਹੋਣ ਦੇ ਨੋਟਿਸ ਕਾਰਨ ਲੋਕਾਂ ਉਪਰ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ।
ਉਧਰ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਕੇ ਮੰਗ ਕੀਤੀ ਗਈ ਹੈ ਕਿ ਇਸ ਕਲੋਨਾਈਜ਼ਰ ਵਿਰੁੱਧ ਸਰਕਾਰ ਅਤੇ ਲੋਕਾਂ ਨਾਲ ਧੋਖਾ ਕਰਨ ਤਹਿਤ ਕੇਸ ਦਰਜ਼ ਕਰਕੇ ਇਸਨੂੰ ਜੇਲ ਵਿਚ ਬੰਦ ਕੀਤਾ ਜਾਵੇ। ਐਸੋਸੀਏਸ਼ਨ ਦੇ ਸਰਪ੍ਰਸਤ ਐਚ ਐਸ ਘੁੰਮਣ ਰਟਾਇਰਡ ਜੁਆਇੰਟ ਡਿਪਟੀ ਡਾਇਰੈਕਟਰ ਆਈ ਬੀ, ਰਾਜਨ ਮਾਨ, ਸੈਕਟਰੀ ਜਨਰਲ ਰਣਜੀਤ ਸਿੰਘ ਰਾਣਾ, ਗੁਰਦੇਵ ਸਿੰਘ ਮਾਹਲ ਰਟਾਇਰਡ ਜਨਰਲ ਮੈਨੇਜਰ, ਵਿਜੇ ਕੁਮਾਰ ਰੇਲਵੇ ਅਫਸਰ, ਡਾ ਗਗਨਦੀਪ ਸਿੰਘ ਢਿੱਲੋਂ, ਜਉਗਏਸ਼ ਕਾਮਰਾ, ਦਿਲਬਾਗ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸਿੱਧੂ, ਰਾਜਬੀਰ ਸਿੰਘ ਸੰਧੂ, ਸਿਕੰਦਰ ਸਿੰਘ ਗਿੱਲ ,ਕਰਨ ਸਿੰਘ, ਅਮਨਦੀਪ ਸਿੰਘ ਸੇਠੀ, ਸੰਦੀਪ ਸਿੰਘ ਬਾਜਵਾ ਨੇ ਕਿਹਾ ਕਿ ਕਲੋਨਾਈਜ਼ਰ ਵਲੋਂ ਸੈਂਕੜੇ ਲੋਕਾਂ ਨਾਲ ਧੋਖਾਧੜੀ ਕੀਤੀ ਗਈ ਹੈ ਅਤੇ ਇਸ ਸਬੰਧੀ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਇਸ ਕਲੋਨਾਈਜ਼ਰ ਦੀ ਗਲਤੀ ਦੀ ਸਜ਼ਾ ਆਮ ਲੋਕਾਂ ਨੂੰ ਨਾ ਦਿੱਤੀ ਜਾਵੇ। ਇਸ ਕਲੋਨਾਈਜਰ ਨੇ ਸਰਕਾਰ ਤੇ ਲੋਕਾਂ ਨਾਲ ਧੋਖਾ ਕੀਤਾ ਹੈ ਇਸ ਲਈ ਇਸ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਸਬੰਧੀ ਅੱਜ ਹੀ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖਕੇ ਇਸ ਕਲੋਨਾਈਜ਼ਰ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਨਾਲ ਹੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨਾਲ ਗੱਲਬਾਤ ਕਰਕੇ ਪੁਲ ਨਾ ਤੋੜਨ ਸਬੰਧੀ ਗੱਲ ਕਰਨ। ਉਹਨਾਂ ਕਿਹਾ ਕਿ ਇਹ ਕਲੋਨਾਈਜਰ ਦਾ ਕੰਮ ਹੀ ਕਾਨੂੰਨ ਦੀਆਂ ਧੱਜੀਆਂ ਉਡਾਉਣਾ ਹੈ। ਇਸ ਵਲੋ ਪਹਿਲਾਂ ਹੀ ਪੁੱਡਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਅਤੇ ਇਸ ਸਬੰਧੀ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਜਾਂਚ ਚੱਲ ਰਹੀ ਹੈ। ਉਹਨਾਂ ਕਿਹਾ ਕਿ ਇਸ ਕਲੋਨਾਈਜ਼ਰ ਵਿਰੁੱਧ ਕਾਰਵਾਈ ਕਰਵਾਉਣ ਤੋਂ ਉਹ ਪਿੱਛੇ ਨਹੀਂ ਹਟਣਗੇ ਅਤੇ ਪੁਲ ਨੂੰ ਕਿਸੇ ਕੀਮਤ ਉਪਰ ਨਹੀਂ ਢਾਉਣ ਦੇਣਗੇ। ਉਹਨਾਂ ਕਿਹਾ ਕਿ ਲੋਕਾਂ ਨੇ ਕਲੋਨੀ ਅੰਦਰ ਕਰੋੜਾਂ ਰੁਪਏ ਦੇ ਘਰ ਬਣਾਏ ਹਨ।

LEAVE A REPLY

Please enter your comment!
Please enter your name here