ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਤਹਿਤ ਪੰਜਾਬ ਪੁਲਿਸ ਨੇ ਸੂਬੇ ਭਰ ’ਚ ਨਸ਼ਾ ਤਸਕਰੀ ਵਾਲੀਆਂ ਸੰਭਾਵੀ ਥਾਵਾਂ ’ਤੇ ਚਲਾਇਆ ਤਲਾਸ਼ੀ ਅਭਿਆਨ (ਸੀ.ਏ.ਐਸ.ਓ.)

0
46
ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਤਹਿਤ ਪੰਜਾਬ ਪੁਲਿਸ ਨੇ ਸੂਬੇ ਭਰ ’ਚ ਨਸ਼ਾ ਤਸਕਰੀ ਵਾਲੀਆਂ ਸੰਭਾਵੀ ਥਾਵਾਂ ’ਤੇ ਚਲਾਇਆ ਤਲਾਸ਼ੀ ਅਭਿਆਨ (ਸੀ.ਏ.ਐਸ.ਓ.)
– 31 ਐਫਆਈਆਰਜ਼ ਦਰਜ ਕਰਨ ਉਪਰੰਤ 22 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ; 2.95 ਕਿਲੋ ਹੈਰੋਇਨ, 36 ਹਜ਼ਾਰ ਰੁਪਏ ਦੀ ਡਰੱਗ ਮਨੀ, 21.5 ਕਿਲੋ ਭੁੱਕੀ ਕੀਤੀ ਬਰਾਮਦ
– ਪੰਜਾਬ ਪੁਲਿਸ ਨਿਰਪੱਖ, ਪਾਰਦਰਸ਼ੀ ਅਤੇ ਲਾਲਚ ਰਹਿਤ ਲੋਕ ਸਭਾ ਚੋਣਾਂ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਵਚਨਬੱਧ
– 500 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ਵਿੱਚ ਪਛਾਣੇ ਗਏ 246 ਡਰੱਗ ਹਾਟਸਪੌਟਸ ’ਤੇ ਚਲਾਇਆ ਤਲਾਸ਼ੀ ਅਭਿਆਨ : ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਚੰਡੀਗੜ੍ਹ, 1 ਮਈ:
ਸੂਬੇ ਵਿੱਚ ਨਿਰਪੱਖ, ਪਾਰਦਰਸ਼ੀ ਅਤੇ ਲਾਲਚ ਰਹਿਤ ਲੋਕ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਰਾਜ ਦੇ ਸਾਰੇ 28 ਪੁਲਿਸ ਜ਼ਿਲਿ੍ਹਆਂ ਵਿੱਚ ਨਸ਼ਾ ਤਸਕਰੀ ਨਾਲ ਸਬੰਧਤ ਥਾਵਾਂ ਅਤੇ ਹੋਰ ਸੰਵੇਦਨਸ਼ੀਲ ਖੇਤਰਾਂ ਵਿੱਚ ਇੱਕ ਵਿਸ਼ਾਲ ਰਾਜ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਸੀ.ਏ.ਐਸ.ਓ.) ਚਲਾਇਆ।
ਇਹ ਅਭਿਆਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਵੇਰੇ 8 ਵਜੇ ਤੋਂ ਸਵੇਰੇ 11 ਵਜੇ ਤੱਕ ਸੂਬੇ ਭਰ ਵਿੱਚ ਇੱਕੋ ਸਮੇਂ ਚਲਾਇਆ ਗਿਆ।
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੀਪੀਜ਼/ਐਸਐਸਪੀਜ਼ ਨੂੰ ਕਿਹਾ ਗਿਆ ਸੀ ਕਿ ਉਹ ਡਰੱਗ ਹੌਟਸਪੌਟਸ – ਜਿਵੇਂ ਉਨ੍ਹਾਂ ਦੇ ਸਬੰਧਤ ਜ਼ਿਲਿ੍ਹਆਂ ਵਿੱਚ ਨਸ਼ਾ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੇ ਸਥਾਨਾਂ ਜਾਂ ਨਸ਼ਾ ਤਸਕਰਾਂ ਲਈ ਪਨਾਹਗਾਹ/ਸੁਰੱਖਿਅਤ ਥਾਵਾਂ, ਦੀ ਸ਼ਨਾਖਤ ਕਰਕੇ ਇਸ ਕਾਰਵਾਈ ਦੀ ਸਾਵਧਾਨੀ ਨਾਲ ਯੋਜਨਾ ਬਣਾਉਣ । ਇਹ ਅਪ੍ਰੇਸ਼ਨ  ਐਸਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਨਾਲ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਸੀਪੀਜ਼/ਐਸਐਸਪੀਜ਼ ਨੂੰ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਉਹ  ਐਨਡੀਪੀਐਸ ਕੇਸਾਂ ਤਹਿਤ ਨਾਮਜ਼ਦ ਅਤੇ ਜ਼ਮਾਨਤ ’ਤੇ /ਬਰੀ ਹੋ ਚੁੱਕੇ ਸਾਰੇ ਵਿਅਕਤੀਆਂ ਦੀ ਬਾਰੀਕੀ ਨਾਲ ਤਲਾਸ਼ੀ ਲੈਣ । ਉਨ੍ਹਾਂ ਕਿਹਾ ਇਸ ਤਰ੍ਹਾਂ ਦੇ  ਵੱਡੇ ਪੱਧਰ ਦੇ ਤਲਾਸ਼ੀ ਅਭਿਆਨ ਨਾ ਸਿਰਫ਼ ਸਮਾਜ ਵਿਰੋਧੀ ਤੱਤਾਂ ਵਿੱਚ ਡਰ ਪੈਦਾ ਕਰਨ ਵਿੱਚ ਮਦਦ ਕਰਦੇ ਹਨ, ਸਗੋਂ ਲੋਕਾਂ ਦਾ ਵਿਸ਼ਵਾਸ ਵਧਾਉਂਦੇ ਹਨ ਅਤੇ ਖੇਤਰ ਵਿੱਚ ਪੁਲਿਸ ਦੀ ਮੌਜੂਦਗੀ ਨੂੰ ਵੀ ਵਧਾਉਂਦੇ ਹਨ।
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ 3000 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ਵਾਲੀਆਂ 500 ਤੋਂ ਵੱਧ ਪੁਲਿਸ ਟੀਮਾਂ ਨੇ ਨਸ਼ਿਆਂ ਦੇ 246 ਹੌਟਸਪੌਟਸ ਦੀ ਘੇਰਾਬੰਦੀ ਕੀਤੀ ਅਤੇ ਐਨਡੀਪੀਐਸ ਤਹਿਤ ਨਾਮਜ਼ਦ ਅਤੇ ਜ਼ਮਾਨਤ ’ਤੇ ਬਰੀ ਹੋਏ 864 ਵਿਅਕਤੀਆਂ ਦੀ ਜਾਂਚ ਵੀ ਕੀਤੀ ਗਈ।
ਆਪਰੇਸ਼ਨ ਦੌਰਾਨ, ਪੁਲਿਸ ਨੇ 31  ਐਫਆਈਆਰ ਦਰਜ ਕੀਤੀਆਂ ਅਤੇ 22 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ, ਇੱਕ ਭਗੌੜੇ (ਪੀਓ) ਨੂੰ ਵੀ ਹਿਰਾਸਤ ਵਿੱਚ ਲਿਆ  ।
ਇਸ ਸਬੰਧੀ ਨਤੀਜੇ  ਸਾਂਝੇ ਕਰਦੇ ਹੋਏ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 2.95 ਕਿਲੋਗ੍ਰਾਮ ਹੈਰੋਇਨ, 36000 ਰੁਪਏ ਦੀ ਡਰੱਗ ਮਨੀ, 100 ਗ੍ਰਾਮ ਅਫੀਮ, 21.5 ਕਿਲੋ ਭੁੱਕੀ ਅਤੇ ਵੱਡੀ ਮਾਤਰਾ ਵਿੱਚ ਲਾਹਣ, ਅਤੇ ਨਾਜਾਇਜ਼ ਸ਼ਰਾਬ ਤੋਂ ਇਲਾਵਾ ਗੋਲੀ-ਸਿੱਕੇ ਸਮੇਤ ਦੋ ਪਿਸਤੌਲਾਂ ਵੀ ਬਰਾਮਦ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲਿਸ ਬਲਾਂ ਨੇ ਡਾਟਾ ਵਿਸ਼ਲੇਸ਼ਣ ਰਾਹੀਂ ਨਸ਼ਿਆਂ ਦੇ ਹੌਟਸਪੌਟਸ ਦੀ ਪਛਾਣ ਕਰਨ ਤੋਂ ਬਾਅਦ ਹੀ ਇਹ ਆਪ੍ਰੇਸ਼ਨ ਚਲਾਇਆ ਗਿਆ ।

LEAVE A REPLY

Please enter your comment!
Please enter your name here