ਨਾਰੀ ਦਿਵਸ ਤੇ ਰੂਹੀ ਸਿੰਘ ਦੀ ਬਿਹਤਰੀਨ ਕਾਵਿ-ਪੇਸ਼ਕਾਰੀ
ਪਟਿਆਲਾ , 13 ਮਾਰਚ 2025:
ਬੀਤੇ ਦਿਨੀਂ ਇੱਥੇ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਟਿਆਲਾ ਵਿਖੇ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ਇੱਕ ਕਾਵਿ-ਮਹਿਫ਼ਿਲ (poetry symposium) ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜ ਨਾਰੀ ਕਵੀਆਂ (ਕਮਲਪ੍ਰੀਤ ਨਜ਼ਮ, ਕਮਲ ਬਾਜਵਾ, ਸੁਖਵਿੰਦਰ ਆਹੀ, ਰਾਜਵਿੰਦਰ ਕੌਰ ਜਟਾਣਾ ਅਤੇ ਰੂਹੀ ਸਿੰਘ) ਨੇ ਸ਼ਮੂਲੀਅਤ ਕੀਤੀ। ਇਸ ਸਮਾਗਮ ਦੇ ਮੁੱਖ ਮਹਿਮਾਨ ਥੀਏਟਰ ਅਤੇ ਫ਼ਿਲਮਾਂ ਦੀ ਪ੍ਰਸਿੱਧ ਅਦਾਕਾਰ ਡਾ ਸੁਨੀਤਾ ਧੀਰ ਸਨ। ਹੋਰਨਾਂ ਤੋਂ ਇਲਾਵਾ ਕਵੀ ਰੂਹੀ ਸਿੰਘ ਨੇ ਔਰਤ-ਮੁਖੀ ਗ਼ਜ਼ਲਾਂ ਅਤੇ ਸ਼ੇਅਰ ਸੁਣਾ ਕੇ ਸਰੋਤਿਆਂ ਦਾ ਖੂਬ ਧਿਆਨ ਖਿੱਚਿਆ, ਜਿਸ ਤੋਂ ਮੁਤਾਸਿਰ ਹੋ ਕੇ ਡਾ ਸੁਨੀਤਾ ਧੀਰ ਨੇ ਉਨ੍ਹਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਅਤੇ ਯੂਨੀਵਰਸਿਟੀ ਵੱਲੋਂ ਕਿਤਾਬਾਂ ਦਾ ਸੈੱਟ ਅਤੇ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਦੂਰੋਂ ਨੇੜਿਓਂ ਸਰੋਤੇ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ।