ਲੁਧਿਆਣਾ, 17 ਅਗਸਤ – ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਢਾਈ ਸਾਲ ਦੇ ਕਰੀਬ ਦਾ ਸਮਾਂ ਲੰਘ ਗਿਆ ਹੈ ਲੇਕਿਨ ਜਿਹੜੇ ਵਾਅਦੇ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨਾਲ ਕੀਤੇ ਸਨ ਉਹ ਹੁਣ ਤੱਕ ਵੀ ਪੂਰਾ ਨਹੀਂ ਹੋਏ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨਾਲ ਜਜਬਾਤੀ ਗੱਲਾਂ ਕਰਦੇ ਹੋਏ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਵੱਡੇ ਸੁਪਨੇ ਦਿਖਾਏ, ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਗੱਲਾਂ ਤੇ ਭਰੋਸਾ ਕਰ ਉਨ੍ਹਾਂ ਨੂੰ ਵੱਡਾ ਸਮਰਥਨ ਦਿੰਦਿਆਂ 92 ਸੀਟਾਂ ਤੇ ਜਿੱਤ ਪ੍ਰਾਪਤ ਕਰਵਾਈ ਲੇਕਿਨ ਅੱਜ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਨਿਰਾਸ਼ ਹੋ ਚੁੱਕੇ ਹਨ। ਭਾਜਪਾ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚੁਟਕਲੇ ਸੁਣਾ ਰਹੇ ਹਨ, ਲੋਕਾਂ ਨਾਲ ਕੀਤੇ ਗਏ ਵਾਅਦੇ ਉਥੇ ਹੀ ਖੜੇ ਹੋਏ ਹਨ। ਨਾ ਕਚੇ ਮੁਲਾਜਮ ਪੱਕੇ ਕੀਤੇ, ਨਾ ਉਹ ਖਿਡਾਰੀ ਲੱਭਾ ਜਿਸ ਕੋਲੋਂ ਚੰਨੀ ਨੇ 2 ਕਰੋੜ ਮੰਗਿਆ ਸੀ, ਨਾ ਵਿਕਰਮਜੀਤ ਸਿੰਘ ਮਜੀਠੀਆ ਦੇ ਘੋੜੇ ਲੱਭੇ, ਨਾ ਰਾਜਾ ਵੜਿੰਗ ਦੀਆਂ ਬੱਸਾਂ ਦੀਆਂ ਬਾਡੀਆਂ ਲੱਭੀਆਂ, ਨਾਂ ਬੀਬੀਆਂ ਵਾਲਾ 1000 ਰੁਪਏ ਲੱਭਿਆ, ਨਾਂ ਉਹ ਮਿਸਤਰੀਆਂ ਮਜਦੂਰਾਂ ਦੇ ਨਾਮ ਲਿਖੇ ਹੋਏ ਨੀਂਹ ਪੱਥਰ ਲੱਭੇ, ਨਾਂ ਪੰਜ ਮਿੰਟ ਵਾਲੀ ਐਮਐਸਪੀ ਲੱਭੀ, ਨਾ 24 ਘੰਟੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਲੱਭੇ, ਨਾ 4 ਹਫ਼ਤੇ ਦੇ ਵਿੱਚ ਨਸ਼ਾ ਖ਼ਤਮ ਹੋਇਆ, ਨਾ ਨੌਜਵਾਨਾਂ ਨੂੰ ਨੌਕਰੀਆਂ ਲੱਭੀਆਂ, ਨਾ ਬੀਐਮਡਬਲਿਉ ਕਾਰਾਂ ਦੀ ਕੰਪਨੀ ਲੱਭੀ, ਨਾ ਉਹ ਅੰਗਰੇਜ ਲੱਭੇ ਜਿਹੜੇ ਬਾਹਰੋਂ ਆਉਣੇ ਸੀ ਜਹਾਜਾਂ ਤੇ ਪੰਜਾਬ ਵਿੱਚ ਨੌਕਰੀਆਂ ਕਰਨ, ਨਾ ਬੁਢਾਪਾ ਪੈਨਸ਼ਨ 2500 ਰੁਪਏ ਹੋਈ, ਨਾ ਪੰਜਾਬ ਦੇ ਸਿਰ ਕਰਜ਼ਾ ਘਟਿਆ। ਆਪ ਸਰਕਾਰ ਵੱਲੋਂ ਸੂਬੇ ਵਿੱਚ ਆਪਣੇ ਝੂਠੇ ਪ੍ਰਚਾਰ ਕਰਨ ਲਈ ਕਰੋੜਾਂ ਰੁਪਏ ਇਸਤਿਹਾਰਬਾਜ਼ੀ ਤੇ ਖਰਚਾ ਕੀਤੇ ਜਾ ਰਹੇ ਹਨ। ਗਰਚਾ ਨੇ ਕਿਹਾ ਕਿ ਹਰ ਮਹੀਨੇ ਪੰਜਾਬ ਸਰਕਾਰ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਇਸ ਪੰਡ ਨੂੰ ਭਾਰਾ ਕਰ ਰਹੀ ਹੈ। ਲੋਕਾਂ ਨੂੰ ਕੋਈ ਆਸ ਇਸ ਆਦਮੀ ਪਾਰਟੀ ਦੀ ਸਰਕਾਰ ਤੋਂ ਨਹੀਂ ਰਹਿ ਗਈ ਹੈ। ਸੂਬੇ ਵਿੱਚ ਅਮਨ ਕਾਨੂੰਨ ਦਾ ਮਾੜਾ ਹਾਲ ਹੈ, ਮੁੱਖ ਮੰਤਰੀ ਭਗਵੰਤ ਮਾਨ ਨਾ ਹੁਣ ਬੁਲੇਟ ਪਰੂਫ਼ ਸ਼ੀਸ਼ੇ ਪਿੱਛੇ ਖੱੜਾ ਹੋਕੇ ਭਾਸ਼ਨ ਦੇਣ ਦੀ ਸਥਿਤੀ ਬਣ ਗਈ ਹੈ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਹਲ, ਜਗਜੀਤ ਸਿੰਘ ਸੈਣੀ, ਗੁਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।
Boota Singh Basi
President & Chief Editor