ਬਾਬਾ ਬਕਾਲਾ ਸਾਹਿਬ, (ਯੋਗੇਸ਼ ਕੁਮਾਰ)- ਰਈਆ ਵਿਖੇ ਨੈਸ਼ਨਲ ਹਾਈਵੇ ’ਤੇ ਬਣ ਰਹੇ ਓਵਰਬ੍ਰਿਜ ’ਤੇ 57 ਕਰੋੜ ਰੁਪੈ ਖਰਚ ਕੀਤੇ ਜਾ ਰਹੇ ਹਨ, ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੈਕਨੀਕਲ ਮੈਨੇਜਰ ਅਬਦੁੱਲਾ ਖਾਨ, ਪ੍ਰੋਜੈਕਟ ਡਾਇਰੈਕਟਰ ਸੁਨੀਲ ਯਾਦਵ ਤੇ ਡੀ.ਐੱਮ.ਆਰ. ਵਿਕਾਸ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਤਿਆਰ ਕੀਤੇ ਜਾਣ ਵਾਲਾ ਪਿੱਲਰਾਂ ਵਾਲਾ ਪੁੱਲ ਨੂੰ ਡੇਢ ਸਾਲ ਦੇ ਸਮੇਂ ਵਿਚ ਮੁਕੰਮਲ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਬਣੇ ਪੁੱਲ ਨੂੰ ਢਾਹੁਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਆਸ ਹੈ ਕਿ ਇਸ ਨਿਰਮਾਣ ਨੂੰ ਸਮਾਂ ਸਾਰਨੀ ਅਨੁਸਾਰ ਮੁਕੰਮਲ ਕਰ ਲਿਆ ਜਾਵੇਗਾ। ਯਾਦ ਰਹੇ ਕਿ ਪਹਿਲਾਂ ਇਸ ਕਸਬੇ ਰਈਆ ਵਿਚੋ ਗੁਜਰਣ ਵਾਲੇ ਫਲਾਈਓਵਰ ਦੀਆਂ ਸੱਜੇ ਖੱਬੇ ਪਾਸੇ ਸਾਈਡਾਂ ਬੰਦ ਹੋਣ ਕਾਰਨ ਜਿਥੇ ਰਾਹਗੀਰਾਂ ਨੂੰ ਦਿੱਕਤ ਪੇਸ਼ ਆਉਦੀ ਸੀ, ਉਥੇ ਨਾਲ ਹੀ ਇਹ ਕਸਬਾ ਕਾਰੋਬਾਰੀਆਂ ਦੀ ਸੂਚੀ ਵਿਚ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਸੀ, ਜਿੰਨ੍ਹਾਂ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਸਾਂਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਯਤਨਾਂ ਸਦਕਾਂ ਇਸ ਪੁੱਲ ਦੇ ਨਵ-ਨਿਰਮਾਣ ਦੀ ਪ੍ਰਵਾਨਗੀ ਲਈ ਗਈ। ਜਿਸ ’ਤੇ ਇਸ ਖੇਤਰ ਦੇ ਲੋਕਾਂ ਨੇ ਉਕਤ ਦੋਵਾਂ ਆਗੂਆਂ ਦਾ ਧੰਨਵਾਦ ਕੀਤਾ ਹੈ। ਯਾਦ ਰਹੇ ਕਿ ਇਸ ਪੁੱਲ ਦੇ ਨਾਲ-ਨਾਲ ਐਲੀਵੇਟਿਡ ਰੋਡ ਵੀ ਮੁਕੰਮਲ ਕੀਤੀ ਜਾਵੇਗੀ, ਤਾਂ ਕਿ ਸ਼ਹਿਰੀ ਖੇਤਰ ਵਿਚ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।
Boota Singh Basi
President & Chief Editor