ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸਮਾਪਤ
ਰਾਜਸਥਾਨ ਨੂੰ 40-24 ਨਾਲ ਪਛਾੜਕੇ ਹਰਿਆਣਾ ਬਣਿਆ ਚੈਂਪੀਅਨ
ਬੈਸਟ-ਰੇਡਰ ਹਰਿਆਣਾ ਦੀ ਜਸਮੀਨ ਅਤੇ ਬੈਸਟ-ਜਾਫੀ ਦਾ ਖਿਤਾਬ ਰਾਜਸਥਾਨ ਦੀ ਗੌਰੀ ਸ਼ਰਮਾ ਦੇ ਨਾਂਅ
ਵਿਦੇਸ਼ੀ ਟੀਮਾਂ ਆਬੂਧਾਬੀ ਅਤੇ ਡੁਬਈ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ
ਲਹਿਰਾਗਾਗਾ,
ਸੀਬੀਐੱਸਈ ਵੱਲੋਂ ਇਥੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਕਰਵਾਈ ਗਈ ਅੰਡਰ-19 ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ-2023 ਦੇਰ ਰਾਤ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ।
ਅੱਜ ਰੁਕ-ਰੁਕ ਕੇ ਹੋਈ ਬਾਰਿਸ਼ ਕਾਰਨ ਕੁਆਟਰ-ਫਾਈਨਲ ਮੁਕਾਬਲੇ ਇਨਡੋਰ ਕਰਵਾਏ ਗਏ। ਫਾਈਨਲ ਮੁਕਾਬਲੇ ਦੌਰਾਨ ਹਰਿਆਣਾ ਦੀਆਂ ਲੜਕੀਆਂ ਨੇ ਰਾਜਸਥਾਨ ਨੂੰ 40-24 ਦੇ ਫਰਕ ਨਾਲ ਪਛਾੜ ਕੇ ਚੈਂਪੀਅਨਸ਼ਿਪ ਜਿੱਤੀ। ਟੀਮ ਦੀ ਖਿਡਾਰਨ ਜਸਮੀਨ ਨੂੰ ਬੈਸਟ-ਰੇਡਰ ਅਤੇ ਰਾਜਸਥਾਨ ਦੀ ਗੌਰੀ ਸ਼ਰਮਾ ਨੂੰ ਬੈਸਟ-ਸਟੌਪਰ ਦਾ ਖ਼ਿਤਾਬ ਦਿੱਤਾ ਗਿਆ। ਸੈਮੀਫਾਈਨਲ ਮੁਕਾਬਲਿਆਂ ਦੌਰਾਨ ਰਾਜਸਥਾਨ ਨੇ ਤਾਮਿਲਨਾਡੂ ਨੂੰ 29-25, ਹਿਸਾਰ (ਹਰਿਆਣਾ) ਨੇ ਸਿਰਸਾ (ਹਰਿਆਣਾ) ਨੂੰ 47-19 ਨਾਲ ਹਰਾਕੇ ਕੇ ਅੰਤਿਮ ਗੇੜ ‘ਚ ਪ੍ਰਵੇਸ਼ ਕੀਤਾ।
ਇਸ ਤੋਂ ਪਹਿਲਾਂ ਹੋਏ ਮੁਕਾਬਲਿਆਂ ਦੌਰਾਨ ਰਾਜਸਥਾਨ ਨੇ ਹਿਮਾਚਲ ਪ੍ਰਦੇਸ਼ ਨੂੰ 38-8, ਹਰਿਆਣਾ ਨੇ ਰਾਜਸਥਾਨ ਨੂੰ 42-13, ਹਰਿਆਣਾ ਨੇ ਦਿੱਲੀ ਨੂੰ 35-28, ਦਿੱਲੀ ਨੇ ਅਸਾਮ ਨੂੰ 33-9, ਰਾਜਸਥਾਨ ਨੇ ਉੱਤਰ ਪ੍ਰਦੇਸ਼ ਨੂੰ 35-13, ਹਰਿਆਣਾ ਨੇ ਦਿੱਲੀ ਨੂੰ 57-19, ਪੰਜਾਬ ਨੇ ਡੁਬਈ ਨੂੰ 31-5, ਆਂਧਰਾ ਪ੍ਰਦੇਸ਼ ਨੇ ਉਤਰਾਖੰਡ ਨੂੰ 30-20, ਦਿੱਲੀ ਨੇ ਹਿਮਾਚਲ ਪ੍ਰਦੇਸ਼ ਨੂੰ 39-22, ਪੰਜਾਬ ਨੇ ਆਬੂਧਾਬੀ ਨੂੰ 40-20 ਅਤੇ ਉੱਤਰ-ਪ੍ਰਦੇਸ਼ ਨੇ ਪੰਜਾਬ ਨੂੰ 26-6 ਨਾਲ ਪਛਾੜਿਆ।
ਇਸ ਦੌਰਾਨ ਹਲਕਾ ਵਿਧਾਇਕ ਬਰਿੰਦਰ ਗੋਇਲ, ਚੇਅਰਮੈਨ ਜਸਵੀਰ ਸਿੰਘ ਕੁਦਨੀ, ਐੱਸਡੀਐੱਮ ਸੂਬਾ ਸਿੰਘ, ਡੀਐੱਸਪੀ ਦੀਪਕ ਰਾਏ, ਅੰਤਰਰਾਸ਼ਟਰੀ ਕਬੱਡੀ ਕੋਚ ਨੈਬ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਚੈਂਪੀਅਨਸ਼ਿਪ ਦੌਰਾਨ 36 ਟੀਮਾਂ ਦੀਆਂ 450 ਖਿਡਾਰਨਾਂ ਨੇ ਭਾਗ ਲਿਆ। ਸੀਬੀਐੱਸਈ ਦੇ ਅਬਜ਼ਰਵਰ ਪ੍ਰਮੋਦ ਕੁਮਾਰ ਅਤੇ ਟੈਕਨੀਕਲ ਡੈਲੀਗੇਟ ਵਿਨੈ ਕੁਮਾਰ ਦੇ ਨਾਲ 50 ਖੇਡ ਅਧਿਕਾਰੀ ਤਿੰਨੋਂ ਦਿਨ ਆਪਣੀਆਂ ਸੇਵਾਵਾਂ ਲਈ ਮੌਜੂਦ ਰਹੇ। ਦੋ ਵਿਦੇਸ਼ੀ ਟੀਮਾਂ ਆਬੂਧਾਬੀ ਅਤੇ ਡੁਬਈ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਬੰਧਕਾਂ ਨੇ ਸਨਮਾਨਿਤ ਕੀਤਾ। ਸਾਰੀਆਂ ਟੀਮਾਂ ਪੰਜਾਬੀਆਂ ਦੀ ਮੇਜ਼ਬਾਨੀ ਤੋਂ ਖੁਸ਼ ਸਨ।
ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ, ਪ੍ਰਿੰਸੀਪਲ ਬਿਬਿਨ ਅਲੈਗਜ਼ੈਂਡਰ ਅਤੇ ਖੇਡ ਇੰਚਾਰਜ ਨਰੇਸ਼ ਚੌਧਰੀ ਨੇ ਮੁਕਾਬਲਿਆਂ ਦੀ ਸਫਲਤਾ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਸਮੇੰ-ਸਮੇੰ ‘ਤੇ ਸੀਬਾ ਕੈੰਪਸ ਨੂੰ ਦੇਸ਼-ਪੱਧਰੀ ਮੁਕਾਬਲਿਆਂ ਦਾ ਆਯੋਜਨ ਕਰਨ ਦਾ ਮੌਕਾ ਮਿਲਦਾ ਰਿਹਾ ਹੈ ਅਤੇ ਉਹਨਾਂ ਨੇ ਹਮੇਸ਼ਾ ਸੁਚੱਜਾ ਪ੍ਰਬੰਧ ਕਰਨ ਅਤੇ ਇਮਾਨਦਾਰੀ ਨਾਲ ਮੁਕਾਬਲੇ ਕਰਵਾਉਣ ਨੂੰ ਪਹਿਲ ਦਿੱਤੀ ਹੈ। ਇਹਨਾਂ ਮੁਕਾਬਲਿਆਂ ਦੀ ਸਫ਼ਲਤਾ ਲਈ ਦੌਰਾਨ ਸੁਭਾਸ਼ ਮਿੱਤਲ, ਚੰਦਨ ਮੰਗਲ, ਮਲਕੀਤ ਸਿੰਘ, ਰਮਨਦੀਪ ਕੌਰ, ਕਮਲ ਸਿੱਧੂ, ਨਿਰਮਲ ਖ਼ਾਨ, ਗੁਰਲਾਲ ਸਿੰਘ, ਤਾਰਾ ਸਿੰਘ, ਗੁਰਦੀਪ ਕੌਰ, ਮਨਪ੍ਰੀਤ ਕੌਰ ਨੇ ਵਿਸ਼ੇਸ਼ ਯੋਗਦਾਨ ਪਾਇਆ।